ਜਸਪਾਲ ਸਿੰਘ ਹੇਰਾਂ
29 ਜੂਨ ਨੂੰ ਦੁਨੀਆ ਭਰ ਵਿੱਚ ਬੈਠੀ 26 ਮਿਲੀਅਨ ਸਿੱਖ ਕੌਮ, ਆਪਣੀ ਗਵਾਚੀ ਬਾਦਸ਼ਾਹੀ ਦੀ ਯਾਦ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੀ ਹੈ ਕਿਉਂਕਿ ਇਸ ਦਿਨ 29 ਜੂਨ, 1839 ਨੂੰ ਸ਼ੇਰੇ-ਪੰਜਾਬ, ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੀ ਧਰਤੀ ‘ਤੇ ਆਪਣਾ ਅਖਰੀਲਾ ਸਾਹ ਲਿਆ ਸੀ। 1799 ਨੂੰ ਲਾਹੌਰ ਦੇ ਸ਼ਾਹੀ ਕਿਲੇ ਵਿੱਚ ਲਗਭਗ 18 ਸਾਲ ਦੀ ਉਮਰ ਵਿੱਚ ਤਖ਼ਤਨਸ਼ੀਨ ਹੋਣ ਵਾਲੇ ਗੱਭਰੂ ਰਣਜੀਤ ਸਿੰਘ ਨੇ ਪੂਰੇ 40 ਵਰੇ ਪੰਜਾਂ ਦਰਿਆਵਾਂ ਦੀ ਧਰਤੀ ‘ਤੇ ‘ਸਰਕਾਰ-ਏ-ਖਾਲਸਾ ਜੀਓ’ ਦ ੀ ਅਗਵਾਈ ਕੀਤੀ। ਕੁਝ ਮਨੁੱਖੀ ਕਮਜ਼ੋਰੀਆਂ ਦੇ ਬਾਵਜੂਦ, ਮਹਾਰਾਜਾ ਰਣਜੀਤ ਸਿੰਘ ਇਕ ਮਜ਼ਬੂਤ ‘ਨਿਆਂਕਾਰੀ, ਉਦਾਰ ਦਿਲ, ਭੇਦ-ਭਾਵ ਅਤੇ ਫ਼ਿਰਕੂ ਵਿਤਕਰੇ ਤੋਂ ਰਹਿਤ ਸ਼ਾਸਕ’ ਵਜੋਂ ਗੈਰ-ਸਿੱਖਾਂ ਵਿੱਚ ਵੀ ਹਰਮਨ-ਪਿਆਰਤਾ ਹਾਸਲ ਕਰ ਚੁੱਕਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਲਿਖੇ ਗਏ ਸ਼ਾਹ ਮੁਹੰਮਦ ਦੇ ਜੰਗਨਾਮੇ-‘ਜੰਗ ਹਿੰਦ-ਪੰਜਾਬ’ ਦੇ ਇਹ ਬੋਲ ਮਹਾਰਾਜੇ ਦੀ ਸ਼ਖ਼ਸੀਅਤ ਦੀ ਮੂੰਹ-ਬੋਲਦੀ ਤਸਵੀਰ ਪੇਸ਼ ਕਰਦੇ ਹਨ –
”ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
ਅੱਜ ਵੀ ਲਾਹੌਰ ਦੀ ਯਾਤਰਾ ਕਰਨ ਵਾਲਾ ਹਰ ਸਿੱਖ ਜਦੋਂ ਸ਼ਾਹੀ ਕਿਲੇ ਵਿਚਲੀ ਸਿੱਖ ਗੈਲਰੀ ਨੂੰ ਵੇਖਦਾ ਹੈ ਤਾਂ ਕਿਲੇ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦੀ ਉਚੀ ਖੜੀ ਸਮਾਧ ਨੂੰ ਵੇਖ ਕੇ ਉਸ ਨੂੰ ਸਿੱਖ ਕੌਮ ਦੇ ਸੁਨਹਿਰੀ ‘ਬੀਤੇ ਯੁੱਗ’ ਦੀਆਂ ਯਾਦਾਂ ਜ਼ਰੂਰ ਘੇਰ ਲੈਂਦੀਆਂ ਹਨ। ਅਸੀਂ ਇਸ ਲਿਖਤ ਰਾਹੀਂ ‘ਸਮਾਧਾਂ’ ਬਣਾਉਣ ਦੀ ਮਨਮਤੀ ਕਾਰਵਾਈ ਦੀ ਪ੍ਰੋੜਤਾ ਨਹੀਂ ਕਰ ਰਹੇ, ਬਲਕਿ ਸਮੁੱਚੇ ਸੰਦਰਭ ਵਿੱਚ ਗਵਾਚੀ ਸਿੱਖ-ਬਾਦਸ਼ਾਹੀ ਦੇ ਨੈਣ-ਨਕਸ਼ਾਂ ਨੂੰ ਜ਼ਰੂਰ ਤਲਾਸ਼ ਰਹੇ ਹਾਂ।
ਮਹਾਰਾਜਾ ਰਣਜੀਤ ਸਿੰਘ ਇਕ ‘ਵਿਅਕਤੀ’ ਵਜੋਂ ਭਾਵੇਂ ਕੁਝ ਅਣ-ਸਿੱਖ ਕਾਰਵਾਈਆਂ ਵੀ ਕਰਦਾ ਰਿਹਾ, ਪਰ ਕੁਲ ਮਿਲਾ ਕੇ ਉਹਦਾ ਰਾਜ-ਕਾਜ ਸਮੁੱਚੀ ਅਠਾਰਵੀਂ ਸਦੀ ਦੀ ‘ਖਾਲਸਾ ਬਾਦਸ਼ਾਹਤ’ ਦੇ ਸੰਘਰਸ਼ ਦੀ ਸਿਖ਼ਰ ਸੀ। ਸਿੱਖ ਰਾਜ ਵਿੱਚ ਚੜਦੀ ਕਲਾ, ਜਿੱਤ, ਉਦਾਰਤਾ, ਖੁਸ਼ਹਾਲੀ ਦੇ ਉਹ ਸਾਰੇ ਗੁਣ ਮੌਜੂਦ ਸਨ, ਜਿਨਾਂ ਦਾ ਐਲਾਨ ਸ਼ਾਹੀ-ਮੋਹਰ ਰਾਹੀਂ ਕੀਤਾ ਗਿਆ ਸੀ-
”ਦੇਗ-ਓ, ਤੇਗ-ਓ, ਫਤਿਹ-ਓ
ਨੁਸਰਤ ਬੇਦਰੰਗ! ਯਾਫਤ ਅਜ
ਨਾਨਕ, ਗੁਰੂ ਗੋਬਿੰਦ ਸਿੰਘ।’
ਇਹ ਸ਼ਾਹੀ-ਮੋਹਰ, ਉਸ ਨਿਸ਼ਾਨੇ ਦਾ ਦੋਹਰਾਅ ਸੀ, ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ ਸਥਾਪਤ ਕਰਕੇ, 14ਮਈ, 1710 ਨੂੰ ਫ਼ਤਹਿਗੜ ਸਾਹਿਬ ਦੀ ਧਰਤੀ ‘ਤੈ ਐਲਾਨਿਆ ਸੀ।
ਸਵਾਲ ਪੈਦਾ ਹੁੰਦਾ ਹੈ ਕਿ ਸਿੱਖ ਕੌਮ ਮੜੀਆਂ-ਸਮਾਧਾਂ ਆਦਿ ਵਿੱਚ ਯਕੀਨ ਨਹੀਂ ਰੱਖਦੀ, ਫਿਰ ਵੀ ਕਿਉਂ ਹਰ ਸਾਲ ਹਜ਼ਾਰਾਂ ਸਿੱਖ, 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ‘ਤੇ ਜੁੜ ਬੈਠਦੇ ਹਨ। ਇਨਾਂ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਭੇਜਿਆ ਗਿਆ 500 ਸਿੱਖਾਂ ਦਾ ਜੱਥਾ ਵੀ ਸ਼ਾਮਲ ਹੁੰਦਾ ਹੈ। ਪਿਛਲੇ 173 ਵਰਿਆਂ ਤੋਂ ਹੀ ਇਹ ਦਸਤੂਰ ਜਾਰੀ ਹੈ। ਇਸ ਦਾ ਜਵਾਬ ਵੀ ਸ਼ਾਇਦ ‘ਸਫ਼ਲ ਲੀਡਰ’ ਦੀ ਤਰਜ਼ਮਾਨੀ ਕਰਦੀ ਸ਼ਾਹ ਮੁਹੰਮਦ ਦੀ ਲਿਖਤ ਹੀ ਦੇ ਸਕਦੀ ਹੈ –
”ਜੰਗ ਹਿੰਦ-ਪੰਜਾਬ ਦਾ ਹੋਣ ਲੱਗਾ,
ਦੋਨੋਂ ਬਾਦਸ਼ਾਹੀ ਫੌਜਾਂ ਭਾਰੀਆਂ ਨੇ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ।
ਸਣੇ ਆਦਮੀ ਗੋਲੀਆਂ ਨਾਲ ਉਡਣ
ਹਾਥੀ ਡਿਗਦੇ ਸਣੇ ਅੰਬਾਰੀਆਂ ਨੇ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।”
ਇਕ ਵਿਚਾਰ-ਚਰਚਾ ਦੌਰਾਨ, ਜਦੋਂ ਬਹੁਤ ਇਕੱਠੇ ਹੋਏ ਵਿਦਵਾਨ, ਇਕ ਤੋਂ ਬਾਅਦ ਇਕ ਮਹਾਰਾਜਾ ਰਣਜੀਤ ਸਿੰਘ ਦੀਆਂ ਕਮਜ਼ੋਰੀਆਂ ਗਿਣਾ ਰਹੇ ਸਨ ਤਾਂ ਉਸ ਇਕੱਠ ਵਿੱਚ ਪਿੱਛੇ ਜਿਹੇ ਬੈਠੇ ਇਕ ਸਧਾਰਨ ਪੇਂਡੂ ਬਾਈ ਨੇ ਖਲੋ ਕੇ ਕੁਝ ਕਹਿਣ ਦੀ ਇਜਾਜ਼ਤ ਮੰਗੀ। ਉਸ ਨੇ ਇਕ ਟਿੱਪਣੀ ਨਾਲ ਸਾਰੇ ਇਕੱਠ ਵਿੱਚ ਸੰਨਾਟਾ ਵਰਤਾ ਦਿੱਤਾ। ਉਸ ਨੇ ਕਿਹਾ-‘ਭਰਾਵੋ, ਰਣਜੀਤ ਸਿੰਘ ਵਾਕਿਆ ਹੀ ਬਹੁਤ ਨਿਕੰਮਾ ਸੀ, ਪਰ ਚਲੋ ਇਵੇਂ ਕਰੋ, ਇਕ ਨਿਕੰਮਾ ਰਣਜੀਤ ਸਿੰਘ ਹੀ ਜੰਮ ਦਿਓ, ਘੱਟੋ-ਘੱਟ ਅਸੀਂ ਕਿਸੇ ਰਾਜ ਦੇ ਮਾਲਕ ਤਾਂ ਅਖਵਾ ਸਕੀਏ।’
ਜਿਸ ਹਿੰਦ-ਪੰਜਾਬ ਜੰਗ ਨੇ, ਸਾਡੀ 1849 ਵਿੱਚ ‘ਬਾਦਸ਼ਾਹਤ’ ਨਿਗਲ਼ ਲਈ ਸੀ, ਅੱਜ ਉਹ ਹੀ ‘ਪੂਰਬੀ-ਦੱਖਣੀ’ ਦਿੱਲੀ, ਦਰਬਾਰ ‘ਤੇ ਕਾਬਜ਼ ਹਨ। ਅਸੀਂ ਪਿਛਲੀ ਡੇਢ ਸਦੀ ਵਿੱਚ ਫ਼ਿਰੰਗੀ ਸਾਮਰਾਜ ਨਾਲ ਵੀ ਅਤੇ ਹਿੰਦੂ ਸਾਮਰਾਜ ਨਾਲ ਵੀ ਅਤੇ ਹਿੰਦੂ ਸਾਮਰਾਜ ਨਾਲ ਵੀ ਕਈ ਲੜਾਈਆਂ ਲੜੀਆਂ ਹਨ, ਕੁਝ ਜਿੱਤੀਆਂ ਅਤੇ ਕੁਝ ਹਾਰੀਆਂ ਹਨ। ਭਾਵੇਂ ਅੱਜ ਅਸੀਂ ਆਪਣੀ ਧਰਤੀ ‘ਤੇ ਹੀ ਇਕ ਬੇਘਰੀ ਕੌਮ ਹਾਂ ਪਰ ਸਾਰੇ ਸਾਹਾਂ ਵਿੱਚ ਬਾਦਸ਼ਾਹਤ ਦੀ ਖੁਸ਼ਬੋ ਹੈ ਅਤੇ ਸਾਡੇ ਕਦਮਾਂ ਵਿੱਚ ਮੰਜ਼ਿਲੇ-ਮਕਸੂਦ ਖਾਲਿਸਤਾਨ ਦੀ ਪ੍ਰਾਪਤੀ ਲਈ ਬਰਾਬਰ ਦਾ ਚਾਅ ਹੈ। ਵਿਕੇ ਹੋਇਆਂ, ਬੇਦਾਵੀਆਂ, ਮੌਕਾਪ੍ਰਸਤਾਂ ਦਾ ਵੀ ਭਾਵੇਂ ਕਿ ਵੱਡਾ ਝੁਰਮਟ ਹੈ, ਪਰ ਪ੍ਰਵਾਨਿਆਂ, ਭੌਰਿਆਂ ਦੀ ‘ਮਸਤੀ’ ਵੀ ਕਿਸੇ ਤੋਂ ਘੱਟ ਨਹੀਂ ਹੈ। ਦਲ-ਖਾਲਸਾ ਦੇ ‘ਨਿਸ਼ਾਨ’ (ਇਨਸਿਗਨੀਆ) ‘ਤੇ ਉਕਰੀਆਂ ਇਹ ਲਾਈਨਾਂ, ਸਮੁੱਚੀ ਕੌਮ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੀਆਂ ਹਨ
ਜੰਗ ਹਿੰਦ ਪੰਜਾਬ ਦਾ ਮੁੜ ਹੋਸੀ,
ਸਾਥੋਂ ਖੁੱਸ਼ੀਆਂ ਭਾਵੇਂ ਸਰਦਾਰੀਆਂ ਨੇ।
ਓਦੋਂ ਤੱਕ ਨਹੀਂ ਜੰਗ ਖ਼ਤਮ ਹੋਣੀ,
ਜਦੋਂ ਤੱਕ ਜਿੱਤਦੀਆਂ ਨਹੀਂ, ਜੋ ਹਾਰੀਆਂ ਨੇ।