ਪੁਨੀਤ ਬਾਵਾ,ਲੁਧਿਆਣਾ : ਮੰਗਾਂ ਮਨਵਾਉਣ ਲਈ ਮਾਰਸ਼ਲ ਮਸ਼ੀਨਜ਼ ਲਿਮਿਟਡ ਫੈਕਟਰੀ ਦੇ ਮਜ਼ਦੂਰ ਕਾਰਖਾਨਾ ਮਜ਼ਦੂਰ ਯੂਨੀਅਨ ਦੀ ਅਗਵਾਈ ‘ਚ 35ਵੇਂ ਦਿਨ ਵੀ ਧਰਨੇ ‘ਤੇ ਡਟੇ ਰਹੇ। ਅੱਜ ਵੀ ਮਜ਼ਦੂਰਾਂ ਨੇ ਕਿਰਤ ਵਿਭਾਗ ਦੇ ਦਫ਼ਤਰ ਦੇ ਸਾਹਮਣੇ ਧਰਨਾ ਲਾ ਕੇ ਰੋਸ ਮੁਜ਼ਾਹਰਾ ਕੀਤਾ। ਕਿਰਤ ਇੰਸਪੈਕਟਰ ਨੇਹਾ ਗੁਪਤਾ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਕਿਰਤ ਕਾਨੂੰਨਾਂ ਦੀ ਉਲੰਘਣਾ ਲਈ ਮਾਲਕ ਖ਼ਿਲਾਫ਼ ਤੇਜ਼ ਕਾਰਵਾਈ ਕੀਤੀ ਗਈ ਹੈ ਪਰ ਮਾਲਕ ਅਜੇ ਵੀ ਮਜ਼ਦੂਰਾਂ ਦੇ ਹੱਕ ਦੇਣ ‘ਚ ਟਾਲ਼-ਮਟੋਲ ਕਰ ਰਿਹਾ ਹੈ। ਸੰਘਰਸ਼ਸ਼ੀਲ ਮਜ਼ਦੂਰਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

9 ਨਵੰਬਰ ਤੋਂ ਸ਼ੁਰੂ ਹੋਈ ਹੜਤਾਲ ‘ਚ ਉਨ੍ਹਾਂ ਨੇ ਪਿਛਲੇ ਦਿਨੀਂ ਝੂਠੇ ਦੋਸ਼ਾਂ ਤਹਿਤ ਕੰਮ ਤੋਂ ਕੱਢੇ ਗਏ ਆਗੂਆਂ ਦੀ ਬਹਾਲੀ, ਤਨਖ਼ਾਹ ਵਾਧਾ, ਬੋਨਸ ਭੁਗਤਾਨ ਆਦਿ ਕਿਰਤ ਹੱਕ ਲਾਗੂ ਕਰਨ ਦੀ ਮੰਗ ਰੱਖੀ ਸੀ। ਮਜ਼ਦੂਰਾਂ ਨੇ ਕਿਰਤ ਵਿਭਾਗ ਨੂੰ ਕਿਹਾ ਸੀ ਕਿ ਜੇਕਰ ਉਹ ਕਾਰਖਾਨੇ ਅੰਦਰ ਉਨ੍ਹਾਂ ਦੇ ਕਿਰਤ ਹੱਕ ਲਾਗੂ ਨਹੀਂ ਕਰਵਾ ਸਕਦੇ ਤਾਂ ਉਨ੍ਹਾਂ ਦਾ ਪੂਰਾ ਹਿਸਾਬ (ਫੁੱਲ ਐਂਡ ਫਾਈਨਲ) ਕਰਵਾ ਦਿੱਤਾ ਜਾਵੇ ਪਰ ਮਾਲਕ ਮਜ਼ਦੂਰਾਂ ਦੀ ਮਿਹਨਤ ਦਾ ਇਹ ਪੈਸਾ ਵੀ ਹੜੱਪਣਾ ਚਾਹੁੰਦਾ ਹੈ। ਅੱਜ ਦੇ ਧਰਨੇ ‘ਚ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ, ਗਗਨਦੀਪ ਕੌਰ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਜਗਦੀਸ਼ ਸਿੰਘ, ਮਾਰਸ਼ਲ ਮਸ਼ੀਨ ਯੂਨੀਅਨ ਵੱਲੋਂ ਛੋਟੇ ਲਾਲ, ਸੁਖਦੇਵ ਸਿੰਘ, ਜੋਗਿੰਦਰ ਸਿੰਘ, ਕਲਕ ਰਾਜ, ਮੋਹਣ ਸਿੰਘ ਤੇ ਪਵਨ ਕੁਮਾਰ ਨੇ ਸੰਬੋਧਨ ਕੀਤਾ।