ਨਵੀਂ ਦਿੱਲੀ,: ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਅਰੂਪ ਰਾਹਾ ਨੇ ਕਿਹਾ ਕਿ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ (ਪੀ.ਓ.ਕੇ.) ਭਾਰਤ ਦੇ ਗਲੇ ਦੀ ਹੱਡੀ ਬਣ ਗਿਆ ਹੈ। ਰਾਹਾ ਨੇ ਸੰਕੇਤ ਦਿਤਾ ਕਿ ਜੇਕਰ ਦੇਸ਼ ‘ਉੱਚ ਨੈਤਿਕਤਾ’ ਦਾ ਰਾਹ ਅਪਣਾਉਣ ਦੀ ਥਾਂ ਫ਼ੌਜੀ ਹੱਲ ਦੀ ਦਿਸ਼ਾ ਵਲ ਵਧਦਾ ਤਾਂ ਮਕਬੂਜ਼ਾ ਕਸ਼ਮੀਰ ਭਾਰਤ ਦਾ ਹੁੰਦਾ। ਇਹ ਪਹਿਲਾ ਮੌਕਾ ਹੈ, ਜਦੋਂ ਹਵਾਈ ਫ਼ੌਜ ਦੇ ਕਿਸੇ ਮੁਖੀ ਨੇ ਇਸ ਤਰ੍ਹਾਂ ਦੀ ਗੱਲ ਕਹੀ ਹੈ।
ਰਾਹਾ ਨੇ ਇਹ ਵੀ ਕਿਹਾ ਕਿ 1971 ਦੇ ਭਾਰਤ-ਪਾਕਿ ਯੁੱਧ ਵੇਲੇ ਭਾਰਤ ਨੇ ਹਵਾਈ ਸ਼ਕਤੀ ਦੀ ਪੂਰੀ ਵਰਤੋਂ ਨਹੀਂ ਕੀਤੀ। ਰਾਹਾ ਨੇ ਪੀ.ਓ.ਕੇ. ਨੂੰ ‘ਹਮੇਸ਼ਾ ਕਸ਼ਟ ਦੇਣ ਵਾਲਾ’ ਦਸਿਆ ਅਤੇ ਕਿਹਾ ਕਿ ਭਾਰਤ ਨੇ ਸੁਰੱਖਿਆ ਲੋੜਾਂ ਲਈ ‘ਵਿਵਹਾਰਕ ਦ੍ਰਿਸ਼ਟੀਕੋਣ’ ਨਹੀਂ ਅਪਣਾਇਆ।