ਦਹਾਕਿਆਂ ਤੋਂ ਪਾਕਿਸਤਾਨ ਸਰਹੱਦ ਪਾਰ ਤੋਂ ਅੱਤਵਾਦ ਨੂੰ ਖਾਰਜ ਕਰਦਾ ਆਇਆ ਹੈ, ਇਸ ‘ਤੇ ਭਾਰਤੀ ਮਿਸ਼ਨ ਨੇ ਕਿਹਾ ਕਿ ਇਕ ਸੌ ਵਾਰ ਦੋਹਰਾਇਆ ਗਿਆ ਝੂਠ ਸੱਚ ਨਹੀਂ ਹੋਵੇਗਾ। ਭਾਰਤ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ, “ਪਾਕਿਸਤਾਨ ਵੱਡੇ ਪੈਮਾਨੇ ‘ਤੇ ਸੰਯੁਕਤ ਰਾਸ਼ਟਰ ਵਲੋਂ ਘੋਸ਼ਿਤ ਅੱਤਵਾਦੀਆਂ ਦਾ ਘਰ ਹੈ। ਅੱਤਵਾਦੀਆਂ ਤੇ ਅੱਤਵਾਦੀ ਸੰਗਠਨਾਂ ਵਿਚੋਂ ਕਈਆਂ ਦਾ ਪਾਕਿਸਤਾਨ ਦੇ ਅੰਦਰ ਦਬਦਬਾ ਕਾਇਮ ਹੈ। 2019 ਵਿਚ ਪਾਕਿਸਤਾਨ ਦੇ ਪੀ. ਐੱਮ. ਨੇ ਇਸ ਗੱਲ ਨੂੰ ਸਵਿਕਾਰ ਕੀਤਾ ਸੀ ਕਿ ਉਨ੍ਹਾਂ ਦੇ ਦੇਸ਼ ਵਿਚ 40,000 ਤੋਂ 50,000 ਅੱਤਵਾਦੀ ਮੌਜੂਦ ਹਨ।”
ਭਾਰਤ ਨੇ ਪਾਕਿਸਤਾਨ ਦੇ ਇਸ ਦਾਅਵੇ ਨੂੰ ਵੀ ਖਾਰਜ ਕੀਤਾ ਕਿ ਉਸ ਨੇ ਆਪਣੇ ਦੇਸ਼ ਤੋਂ ਅਲਕਾਇਦਾ ਨੂੰ ਹਟਾ ਦਿੱਤਾ ਹੈ। ਬਿਆਨ ਵਿਚ ਕਿਹਾ ਗਿਆ, “ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿ ਨੇ ਅਲਕਾਇਦਾ ਨੂੰ ਆਪਣੇ ਖੇਤਰ ਵਿਚੋਂ ਹਟਾਇਆ ਹੈ। ਸ਼ਾਇਦ ਪਾਕਿਸਤਾਨ ਦੇ ਸਥਾਈ ਪ੍ਰਤੀਨਿਧੀ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਕਿ ਓਸਾਮਾ ਬਿਨ ਲਾਦੇਨ ਉਨ੍ਹਾਂ ਦੇ ਆਪਣੇ ਹੀ ਦੇਸ਼ ਵਿਚ ਲੁਕਿਆ ਸੀ ਤੇ ਅਮੀਰੀਕੀ ਫੌਜ ਨੇ ਉਸ ਨੂੰ ਪਾਕਿਸਤਾਨ ਵਿਚੋਂ ਲੱਭਿਆ ਸੀ। ਕੀ ਉਨ੍ਹਾਂ ਨੇ ਇਹ ਨਹੀਂ ਸੁਣਿਆ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਲਾਦੇਨ ਨੂੰ ਸ਼ਹੀਦ ਕਹਿ ਕੇ ਸੰਬੋਧਤ ਕੀਤਾ ਸੀ।”
ਭਾਰਤ ਨੇ ਪਾਕਿ ਦੇ ਇਸ ਦਾਅਵੇ ਦੀ ਵੀ ਪੋਲ ਖੋਲ੍ਹੀ ਜਿਸ ਵਿਚ ਪਾਕਿ ਨੇ ਦਾਅਵਾ ਕੀਤਾ ਕਿ ਭਾਰਤ ਨੇ ਉਸ ਖਿਲਾਫ ਕਿਰਾਏ ‘ਤੇ ਅੱਤਵਾਦੀਆਂ ਨੂੰ ਰੱਖਿਆ ਹੈ।ਉਨ੍ਹਾਂ ਕਿਹਾ ਕਿ 1267 ਪਾਬੰਦੀ ਸੂਚੀ ਜਨਤਕ ਹੈ ਅਤੇ ਦੁਨੀਆ ਦੇਖ ਸਕਦੀ ਹੈ ਕਿ ਇਨ੍ਹਾਂ ਵਿਚੋਂ ਕੋਈ ਵੀ ਵਿਅਕਤੀ ਇਸ ਵਿਚ ਨਹੀਂ ਹੈ। 1267 ਕਮੇਟੀ ਸਬੂਤਾਂ ਦੇ ਆਧਾਰ ‘ਤੇ ਕੰਮ ਕਰਦੀ ਹੈ ਨਾ ਕਿ ਧਿਆਨ ਭਟਕਾਉਣ ਵਾਲੇ ਬਿਆਨਾਂ ‘ਤੇ। ਭਾਰਤ ਨੇ ਕਿਹਾ ਕਿ ਪਾਕਿਸਤਾਨ ਭਾਰਤ ਦੇ ਅੰਦਰੂਨੀ ਮਾਮਲਿਆਂ ਬਾਰੇ ਵੀ ਹਾਸੇ ਵਾਲੇ ਝੂਠ ਬੋਲਦਾ ਹੈ ਜਦਕਿ 1947 ਤੋਂ ਬਾਅਦ ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰੇ ਦੀ ਗਿਣਤੀ ਬੇਹੱਦ ਘੱਟ ਰਹਿ ਗਈ ਹੈ।
ਇਹ ਹੀ ਨਹੀਂ ਜੰਮੂ-ਕਸ਼ਮੀਰ ਦੇ ਮੁੱਦੇ ‘ਤੇ ਵੀ ਭਾਰਤੀ ਮਿਸ਼ਨ ਨੇ ਪਾਕਿਸਤਾਨ ਨੂੰ ਖਰੀਆਂ-ਖਰੀਆਂ ਸੁਣਾਈਆਂ।