ਰੰਬੀਆਂ ਨਾਲ ਖੋਪਰ ਲੁਹਾ ਕੇ ਸਿੱਖੀ ਸਿਦਕ ਕੇਸਾਂ ਸੰਗ ਨਿਭਾਉਣ ਵਾਲੇ ਸਿੱਖ ਪੰਥ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਸਿੱਖ ਭਾਵੇਂ ਦਿਨ-ਰਾਤ ਅਰਦਾਸ ਕਰਦੇ ਸਮੇਂ ਯਾਦ ਕਰਦੇ ਹਨ, ਪ੍ਰੰਤੂ ਪਤਾ ਨਹੀਂ ਕਿਉਂ ਸਿੱਖਾਂ ਦੇ ਘਰ ਜੰਮੇ ਮੁੰਡੇ-ਕੁੜੀਆਂ ਨਾਈਆਂ ਦੀ ਦੁਕਾਨ ਤੇ ਜਾਣ ਸਮੇਂ ਇਸ ਮਹਾਨ ਯੋਧੇ ਦੇ ਕੇਸਾਂ ਸੰਗ ਨਿਭਾਏ ਸਿੱਖੀ ਸਿਦਕ ਨੂੰ ਭੁੱਲ ਜਾਂਦੇ ਹਨ। ਅੱਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਦਸਮੇਸ਼ ਪਿਤਾ ਨੇ ਸਿੱਖ ਪੰਥ ਦੀ ਸਾਜਨਾ ਸਮੇਂ ਪੰਜ ‘ਕੱਕੇ’ ਸਿੱਖ ਧਰਮ ਦੇ ਜ਼ਰੂਰੀ ਚਿੰਨ ਬਣਾਏ ਸਨ ਅਤੇ ਇਹ ਵੀ ਆਖਿਆ ਸੀ ਕਿ ਕੇਸਾਂ ਤੋਂ ਬਿਨਾਂ ਬਾਕੀ ਸੱਭ ਨਿਸ਼ਾਨ ਜਾਂ ਚਿੰਨ ਨਿਗੂਣੇ ਹਨ। ਸਿਰ ਦੇ ਕੇਸ, ਸ਼ਰਧਾ, ਆਸਥਾ ਤੇ ਵਿਸ਼ਵਾਸ ਦਾ ਚਿੰਨ ਹਨ, ਇਹ ਸੱਚ ਦੇ ਅਨੁਭਵੀ ਗਿਆਨ ਦਾ ਸਰਬੋਤਮ ਸਰੂਪ ਤੇ ਤੱਤ ਹਨ। ਇਸ ਲਈ ਸਿੱਖ ਜਿੱਥੇ ਸਿੱਖੀ ਸਿਦਕ ਨੂੰ ਕੇਸਾਂ ਸੰਗ ਨਿਭਾਉਣ ਵਾਲੇ ਮਹਾਨ ਸ਼ਹੀਦਾਂ ਨੂੰ ਅਰਦਾਸ ‘ਚ ਨਤਮਸਤਕ ਹੁੰਦਾ ਤੇ ਯਾਦ ਕਰਦਾ ਹੈ, ਉੱਥੇ ਗੁਰੂ ਪਾਸੋ ਸਿੱਖੀ ਦਾਨ ਦੇ ਨਾਲ-ਨਾਲ ਹੀ ਕੇਸ ਦਾਨ ਵੀ ਮੰਗਦਾ ਹੈ। ਮਨੁੱਖੀ ਸਰੀਰ ਸਦੀਵੀਂ ਪ੍ਰਕਾਸ਼ ਦਾ ਘਰ ਹੈ ਅਤੇ ਉਥੇ ਹੀ ਜੋਤ ਪੈਦਾ ਹੁੰਦੀ ਹੈ। ਸਾਡੀਆਂ ਪੰਜੇ ਗਿਆਨ ਇੰਦਰੀਆਂ ਉਸ ਜੋਤ ਦੀਆਂ ਅਨੁਆਈ ਹੋ ਜਾਂਦੀਆਂ ਹਨ। ਜੋਤ ਆਪਣਾ ਪ੍ਰਕਾਸ਼ ਦਸਮ ਦੁਆਰ ਜਾਂ ਪਾਰਗਾਮੀ ਅਵਸਥਾ ਵਿੱਚ ਕਰਕੇ ਹੀ ਸਵੈ-ਪ੍ਰਗਟਾਵਾ ਕਰਦੀ ਹੈ, ਜਿਸ ਦਾ ਟਿਕਾਣਾ ਸਿਰ ਹੈ।
ਕੇਸਾਂ ਤੋਂ ਬਿਨਾਂ ਕੋਈ ਮਨੁੱਖ ਅਧਿਆਤਮਕਵਾਦੀ ਜਾਂ ਰਹੱਸਵਾਦੀ ਨਹੀਂ ਹੋ ਸਕਦਾ, ਇਹੋ ਕਾਰਣ ਹੈ ਕਿ ਗੁਰੂ ਸਾਹਿਬ ਨੇ ਸਿੱਖ ਨੂੰ ਦੁਨੀਆ ਦੀ ਸਿਰਦਾਰੀ ਬਖ਼ਸ਼ਣ ਹਿੱਤ ਉਸ ਲਈ ਕੇਸਾਂ ਦੀ ਸ਼ਰਤ ਸੱਭ ਤੋਂ ਜ਼ਰੂਰੀ ਰੱਖੀ ਸੀ। ਅਧਿਆਤਮਕ, ਵਿਗਿਆਨਕ, ਸਮਾਜਿਕ ਤੇ ਸਦਾਚਾਰਕ ਖੇਤਰਾਂ ‘ਚ ਕੇਸਾਂ ਦੀ ਆਪਣੀ ਮਹਾਨਤਾ ਹੈ। ਕੇਸ ਕਟਵਾਉਣੇ ਸੰਸਾਰ ਤੋਂ ਮੂੰਹ ਮੋੜ ਕੇ ਭੱਜਣ ਦੀ ਨਿਸ਼ਾਨੀ ਹੈ, ਇਸ ਲਈ ਪੁਰਾਤਨ ਸਮੇਂ ਤੋਂ ਵੱਖ-ਵੱਖ ਧਰਮਾਂ ‘ਚ ਕੇਸਾਂ ਦੀ ਮਹਾਨਤਾ ਤੇ ਜ਼ੋਰ ਦਿੱਤਾ ਜਾਂਦਾ ਰਿਹਾ ਹੈ। ਸਿੱਖੀ ਦੇ ਸਕੂਲ ‘ਚ ਕੇਸਾਂ ਤੋਂ ਬਿਨਾਂ ਦਾਖ਼ਲਾ ਹੀ ਨਹੀਂ ਮਿਲਦਾ, ਇਸ ਲਈ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਲਿਖਣ ਵਾਲਿਆਂ ਨੂੰ ਅੱਜ ਦੇ ਦਿਨ, ਇਹ ਜ਼ਰੂਰ ਯਾਦ ਕਰ ਲੈਣਾ ਚਾਹੀਦਾ ਹੈ ਕਿ ਭਾਈ ਤਾਰੂ ਸਿੰਘ ਨੇ ਆਖ਼ਰ ਕੇਸਾਂ ਦੀ ਥਾਂ ਖੋਪੜੀ ਕਿਉਂ ਲੁਹਾਈ ਸੀ? ਦਸਮੇਸ਼ ਪਿਤਾ ਨੇ ਸਿੱਖਾਂ ਨੂੰ ‘ਸਰਦਾਰੀ’ ਬਖ਼ਸ਼ਣ ਲਈ ਆਪਣਾ ‘ਸਰਬੰਸ’ ਕਿਉਂ ਵਾਰਿਆ ਸੀ? ਸਿੱਖੀ ਸਿਦਕ ਨਿਭਾਉਣ ਵਾਲੇ ਮਰਜੀਵੜਿਆਂ ਦੀ ਸ਼ਹਾਦਤਾਂ ਦੀ ਲਾਈਨ ਸਭ ਤੋਂ ਲੰਬੀ ਕਿਉਂ ਹੈ? ਅੱਜ ਪਤਿਤਪੁਣੇ ਦੀ ਚੱਲ ਰਹੀ ਇਸ ਹਨੇਰੀ ਨੇ ਸਾਡੇ ਨੌਜਵਾਨਾਂ ਦੀ ਸੋਚ ‘ਚ ਸਿੱਖੀ ਮਨਫ਼ੀ ਕਿਉਂ ਕਰ ਦਿੱਤੀ ਹੈ? ਇਹ ਸਾਰੇ ਸੁਆਲ ਅੱਜ ਜਵਾਬ ਮੰਗਦੇ ਹਨ, ਪ੍ਰੰਤੂ ਸਾਡੇ ਪਾਸ ਨਾਂਹ ਤਾਂ ਸਮਰੱਥਾ ਅਤੇ ਨਾਂਹ ਹੀ ਸਮਾਂ ਹੈ ਕਿ ਇਨ੍ਹਾਂ ਸੁਆਲਾਂ ਦੇ ਜਵਾਬ ਲੱਭੀਏ। ਪਦਾਰਥਵਾਦ, ਲਾਲਸਾ, ਸੁਆਰਥੀਪੁਣੇ ਨੇ ਸਾਨੂੰ ਨਿਕੰਮੇ ਕਰ ਛੱਡਿਆ ਹੈ ਅਤੇ ਰਹਿੰਦੀ ਖੂੰਹਦੀ ਕਸਰ ਖ਼ੁਦਗਰਜ ਲੀਡਰਾਂ ਤੇ ਪਾਖੰਡੀ ਬਾਬਿਆਂ ਨੇ ਪੂਰੀ ਕਰ ਦਿੱਤੀ ਹੈ।
-ਜਸਪਾਲ ਸਿੰਘ ਹੇਰਾਂ