ਸਰੀ, ਬੀ.ਸੀ. – ਹਨੇਰੇ ਉਪਰੰਤ ਕੁਦਰਤ ਨੂੰ ਅਨੁਭਵ ਕਰਨ ਲਈ ਸਰੀ ਦੀਆਂ ਪ੍ਰਸਿੱਧ ਬੇਅਰ ਕਰੀਕ ਲਾਈਟਸ (Bear Creek Lights) 7-21 ਨਵੰਬਰ ਤੱਕ ਚੱਲਣਗੀਆਂ, ਇਨ੍ਹਾਂ ਲਈ ਮੁਫ਼ਤ ਟਿਕਟਾਂ 21 ਅਕਤੂਬਰ ਤੋਂ ਉਪਲਬਧ ਹੋਣਗੀਆਂ। ਇਸ ਸਾਲ ਦਾ ਸਮਾਗਮ, ਪਾਰਕ ਦੀ ਕੁਦਰਤੀ ਸੁੰਦਰਤਾ ਦੇ ਜਸ਼ਨ ਮਨਾਉਂਦਿਆਂ ਚਕਾਚੌਂਧ ਵਾਲੀਆਂ ਰੌਸ਼ਨੀ-ਪ੍ਰਦਰਸ਼ਨੀਆਂ ਨਾਲ ਸਜਿਆ, ਇੱਕ ਰੌਸ਼ਨੀ-ਭਰਪੂਰ ਸੁਰੰਗ ਅਤੇ ਸੰਗੀਤ ਸਮੇਤ ਇੱਕ ਕਿਲੋਮੀਟਰ ਲੰਬਾ ਨਵਾਂ ਤੁਰਨਯੋਗ ਰਸਤਾ ਪੇਸ਼ ਕਰ ਰਿਹਾ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਜਿਉਂ ਦਿਨ ਛੋਟੇ ਹੋਣ ਲਗਦੇ ਹਨ, ਬੇਅਰ ਕਰੀਕ ਲਾਈਟਸ ਦੋਸਤਾਂ ਅਤੇ ਪਰਿਵਾਰਾਂ ਲਈ ਬਾਹਰ ਜਾਣ ਅਤੇ ਕੁਦਰਤ ਨਾਲ ਜੁੜਨ ਦਾ ਇੱਕ ਸ਼ਾਨਦਾਰ ਤਰੀਕਾ ਹੈ। ਬੀਅਰ ਕਰੀਕ ਪਾਰਕ ਵਿਖੇ ਬਗ਼ੀਚਿਆਂ ਨੂੰ ਹਜ਼ਾਰਾਂ ਟਿਮਟਿਮਾਉਂਦੀਆਂ ਬੱਤੀਆਂ ਨਾਲ ਜਗਮਗਾਉਂਦੇ ਦੇਖਣਾ ਹਮੇਸ਼ਾ ਜਾਦੂਈ ਹੁੰਦਾ ਹੈ। ਮੈਂ ਸਾਰਿਆਂ ਨੂੰ ਇਸ ਪਿਆਰੀ ਅਤੇ ਉਤਸ਼ਾਹਜਨਕ ਭਾਈਚਾਰਕ ਪਰੰਪਰਾ ਜੋ ਹਰ ਉਮਰ ਲਈ ਖ਼ੁਸ਼ੀ ਜਗਾਉਂਦੀ ਹੈ, ਨੂੰ ਅਨੁਭਵ ਕਰਨ ਲਈ ਸੱਦਾ ਦਿੰਦੀ ਹਾਂ।”
ਦਰਸ਼ਕ ਚੋਣਵੀਂਆਂ ਰਾਤਾਂ ‘ਤੇ ਮੁਫ਼ਤ ਗਾਈਡਡ ਕੁਦਰਤੀ ਸੈਰ ਅਤੇ ਲਾਈਵ ਪ੍ਰਦਰਸ਼ਨਾਂ ਨਾਲ ਆਪਣੇ ਅਨੁਭਵ ਨੂੰ ਵਧੀਆ ਬਣਾ ਸਕਦੇ ਹਨ। ਗਰਮ ਚਾਕਲੇਟ ਅਤੇ ਮਿੰਨੀ ਡੋਨਟਸ ਦੀ ਸੇਵਾ ਕਰਨ ਵਾਲੇ ਫੂਡ ਟਰੱਕ ਵੀ ਹਰ ਰਾਤ ਮੌਕੇ ‘ਤੇ ਮੌਜੂਦ ਹੋਣਗੇ।
ਪਿਛਲੇ ਸਾਲ 40,000 ਦੇ ਕਰੀਬ ਦਰਸ਼ਕਾਂ ਨੇ ਵੱਲੋਂ ਇੱਥੇ ਸ਼ਿਰਕਤ ਕੀਤੀ ਗਈ ਸੀ, ਇਸ ਕਰਕੇ ਇਨ੍ਹਾਂ ਮੁਫ਼ਤ ਟਿਕਟਾਂ ਦੀ ਅਗਾਊਂ ਬੁਕਿੰਗ ਕਰਨ ਦੀ ਜ਼ੋਰਦਾਰ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਡ੍ਰੌਪ-ਇਨ ਉਪਲਬਧਤਾ ਸੀਮਤ ਹੋਵੇਗੀ, ਖ਼ਾਸ ਕਰਕੇ ਹਫ਼ਤੇ ਦੇ ਆਖ਼ਰੀ ਦਿਨਾਂ ‘ਤੇ। ਐਂਟਰੀ ਦਾ ਸਮਾਂ ਹਰ 30 ਮਿੰਟ ਬਾਅਦ, ਐਤਵਾਰ ਤੋਂ ਵੀਰਵਾਰ ਸ਼ਾਮ 4:30 ਤੋਂ 8:30 ਵਜੇ ਤੱਕ ਅਤੇ ਸ਼ੁੱਕਰਵਾਰ ਅਤੇ ਸ਼ਨੀਚਰਵਾਰ ਸ਼ਾਮ 4:30 ਤੋਂ 9 ਵਜੇ ਤੱਕ ਉਪਲਬਧ ਹੋਵੇਗਾ। ਮੀਂਹ ਹੋਵੇ ਜਾਂ ਧੁੱਪ ਹਰ ਦਿਨ ਇਹ ਪ੍ਰੋਗਰਾਮ (ਅਤਿਅੰਤ ਖ਼ਰਾਬ ਮੌਸਮ ‘ਚ ਬੰਦ ਹੋ ਸਕਦਾ ਹੈ) ਚੱਲੇਗਾ ਅਤੇ 11 ਨਵੰਬਰ ਨੂੰ ਰਿਮੈਂਬਰੈਂਸ ਡੇਅ (Remembrance Day) ਲਈ ਬੰਦ ਰਹੇਗਾ। ਆਸਾਨ ਪਹੁੰਚ ਅਤੇ ਟਰੈਫ਼ਿਕ ਪ੍ਰਵਾਹ ਲਈ, ਦਰਸ਼ਕ 88 ਐਵਿਨਿਊ ਅਤੇ 140 ਸਟਰੀਟ ਦੇ ਪਾਰਕਿੰਗ ਰਸਤੇ ਤੋਂ ਦਾਖਲ ਹੋ ਸਕਦੇ ਹਨ।
ਹੁਣ ਆਪਣੇ 13ਵੇਂ ਸਾਲ ਵਿੱਚ, ਬੇਅਰ ਕਰੀਕ ਲਾਈਟਸ ਸਰੀ ਪਾਰਕਸ ਵਿਭਾਗ ਦੁਆਰਾ ਆਯੋਜਿਤ ਬਹੁਤ ਸਾਰੇ ਸਮਾਗਮਾਂ ਵਿੱਚੋਂ ਇੱਕ ਹੈ, ਜੋ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਕੁਦਰਤ ਨਾਲ ਜੁੜਨ, ਸਾਡੇ ਪਾਰਕਾਂ ਦੀ ਖ਼ੂਬਸੂਰਤੀ ਦੇ ਜਸ਼ਨ ਮਨਾਉਣ ਅਤੇ ਸਿਹਤਮੰਦ ਅਤੇ ਰੌਣਕਮਈ ਭਾਈਚਾਰੇ ਦੇ ਸਮਰਥਨ ਵਿੱਚ ਵਾਤਾਵਰਨ ਸੰਭਾਲ ਨੂੰ ਉਤਸ਼ਾਹਿਤ ਕਰਦਾ ਹੈ।
ਵੇਰਵਿਆਂ ਲਈ ਅਤੇ ਆਪਣੀਆਂ ਮੁਫ਼ਤ ਟਿਕਟਾਂ ਰਿਜ਼ਰਵ ਕਰਨ ਲਈ, surrey.ca/bearcreekilghts ‘ਤੇ ਜਾਓ ਜਾਂ 604-501-5100 ‘ਤੇ ਕਾਲ ਕਰੋ।



