ਪੀਟੀਆਈ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਪੰਜ ਸੀਨੀਅਰ ਰਾਸ਼ਟਰੀ ਚੋਣਕਰਤਾਵਾਂ ਵਿਚੋਂ ਕਿਸੇ ਇਕ ਨੂੰ ਬਦਲਣ ਲਈ ਸੋਮਵਾਰ ਨੂੰ ਅਰਜ਼ੀਆਂ ਮੰਗੀਆਂ ਤੇ ਪੂਰੀ ਸੰਭਾਵਨਾ ਹੈ ਕਿ ਨਵਾਂ ਚੋਣਕਰਤਾ ਸਾਬਕਾ ਤੇਜ਼ ਗੇਂਦਬਾਜ਼ ਸਲਿਲ ਅੰਕੋਲਾ ਦੀ ਜਗ੍ਹਾ ਲਵੇਗਾ ਕਿਉਂਕਿ ਪੱਛਮੀ ਖੇਤਰ ਤੋਂ ਚੋਣ ਕਮੇਟੀ ਦੇ ਪ੍ਰਧਾਨ ਅਜੀਤ ਅਗਰਕਰ ਦੇ ਰੂਪ ਵਿਚ ਪਹਿਲਾਂ ਹੀ ਇਕ ਨੁਮਾਇੰਦਾ ਹੈ। ਬੀਸੀਸੀਆਈ ਨੇ ਆਪਣੀ ਵੈੱਬਸਾਈਟ ’ਤੇ ਵਿਗਿਆਪਨ ਦਿੱਤਾ ਹੈ ਜਿਸ ਵਿਚ ਚੋਣਕਰਤਾ ਲਈ ਉਹੀ ਯੋਗਤਾ ਮੰਗੀ ਗਈ ਹੈ ਜੋ ਦੋ ਸਾਲ ਪਹਿਲਾਂ ਮੰਗੀ ਗਈ ਸੀ। ਅਪਲਾਈ ਕਰਨ ਵਾਲੇ ਖਿਡਾਰੀ ਨੇ ਘੱਟ ਤੋਂ ਘੱਟ ਸੱਤ ਟੈਸਟ ਮੈਚ ਜਾਂ 30 ਪਹਿਲੀ ਸ਼੍ਰੇਣੀ ਮੈਚ ਖੇਡੇ ਹੋਣ। ਜੇਕਰ ਉਮੀਦਵਾਰ ਨੇ 10 ਵਨਡੇ ਜਾਂ 20 ਪਹਿਲੀ ਸ਼੍ਰੇਣੀ ਮੈਚ ਵੀ ਖੇਡੇ ਹੋਣ ਤਾਂ ਉਹ ਵੀ ਅਪਲਾਈ ਕਰ ਸਕਦਾ ਹੈ। ਅਰਜ਼ੀ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ 25 ਜਨਵਰੀ ਹੈ। ਪੰਜ ਮੈਂਬਰੀ ਚੋਣ ਕਮੇਟੀ ਵਿਚ ਅਗਰਕਰ (ਪ੍ਰਧਾਨ, ਮੁੰਬਈ, ਪੱਛਮੀ ਖੇਤਰ), ਐੱਸ ਸ਼ਰਥ (ਤਾਮਿਲਨਾਡੂ, ਦੱਖਣੀ ਖੇਤਰ), ਐੱਸਐੱਸ ਦਾਸ (ਵਿਦਰਭ, ਮੱਧ ਖੇਤਰ), ਸੁਭਰਤੋ ਬੈਨਰਜੀ (ਬੰਗਾਲ, ਬਿਹਾਰ, ਪੂਰਵੀ ਖੇਤਰ) ਤੇ ਅੰਕੋਲਾ (ਮੁੰਬਈ, ਮਹਾਰਾਸ਼ਟਰ, ਪੱਛਮੀ ਖੇਤਰ) ਸ਼ਾਮਲ ਹਨ। ਬੀਸੀਸੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਗਰਕਰ ਨੂੰ ਛੱਡ ਕੇ ਬਾਕੀ ਸਾਰਿਆਂ ਨੇ 31 ਦਸੰਬਰ 2023 ਨੂੰ ਆਪਣਾ ਇਕ ਸਾਲ ਦਾ ਕਾਰਜਕਾਰ ਪੂਰਾ ਕਰ ਲਿਆ ਹੈ। ਉਸ ਨੂੰ ਇਕ ਸਾਲ ਕਰਾਰ ਦਿੱਤਾ ਗਿਆ ਸੀ। ਵੈਸੇ ਅਜਿਹਾ ਕੋਈ ਨਿਯਮ ਨਹੀਂ ਹੈ ਕਿ ਕਿਸੇ ਇਕ ਖੇਤਰ ਤੋਂ ਦੋ ਚੋਣਕਰਤਾ ਨਹੀਂ ਹੋ ਸਕਦੇ ਹਨ ਪਰ ਬੀਸੀਸੀਆਈ ਨੇ ਹਮੇਸ਼ਾ ਇਕ ਖੇਤਰ ਤੋਂ ਇਕ ਚੋਣਕਰਤਾ ਰੱਖਣ ਦੀ ਰਣਨੀਤੀ ਅਪਨਾਈ ਹੈ ਤੇ ਚੇਤਨ ਸ਼ਰਮਾ ਨੂੰ ਬਰਖਾਸਤ ਕੀਤੇ ਜਾਣ ਦੇ ਬਾਅਦ ਉਤਰ ਖੇਤਰ ਦਾ ਚੋਣ ਕਮੇਟੀ ਵਿਚ ਕੋਈ ਨੁਮਾਇੰਦਾ ਨਹੀਂ ਹੈ। ਸੂਤਰ ਨੇ ਕਿਹਾ ਕਿ ਇਸ ਦੇ ਬਾਅਦ ਚਾਰ ਚੋਣਕਰਤਾਵਾਂ ਦਾ ਕਾਰਜਕਾਲ ਇਕ ਸਾਲ ਦੇ ਲਈ ਵਧਾ ਦਿੱਤਾ ਗਿਆ ਜਿਸ ਨੂੰ ਚਾਰ ਸਾਲ ਤੱਕ ਹਰੇਕ ਸਾਲ ਵਧਾਇਆ ਜਾ ਸਕਦਾ ਹੈ। ਮਾੜੀ ਕਿਸਮਤ ਨਾਲ ਲੱਗਦਾ ਹੈ ਕਿ ਸਲਿਲ ਨੂੰ ਆਪਣਾ ਅਹੁਦਾ ਛੱਡਣਾ ਹੋਵੇਗਾ। ਇੰਟਰਵਿਊ ਲਈ ਕੋਈ ਤਰੀਕ ਤੈਅ ਨਹੀਂ ਕੀਤੀ ਗਈ ਹੈ ਪਰ ਸੰਭਾਵਨਾ ਹੈ ਕਿ ਨਵਾਂ ਚੋਣਕਰਤਾ ਆਈਪੀਐੱਲ ਦੇ ਦੌਰਾਨ ਆਪਣਾ ਅਹੁਦਾ ਸੰਭਾਲੇਗਾ ਕਿਉਂਕਿ ਇੰਗਲੈਂਡ ਦੇ ਵਿਰੁੱਧ ਆਖਰੀ ਤਿੰਨ ਟੈਸਟ ਮੈਚ ਲਈ ਟੀਮ ਚੁਣਨ ਦੇ ਬਾਅਦ ਚੋਣ ਕਮੇਟੀ ਦੀ ਕੋਈ ਬੈਠਕ ਨਹੀਂ ਹੋਵੇਗੀ।