ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਦੇ ਨਵ ਨਿਯੁਕਤ ਐੱਸਡੀਐੱਮ ਗੁਰਵੀਰ ਸਿੰਘ ਕੋਹਲੀ ਮੰਗਲਵਾਰ ਬਾਅਦ ਦੁਪਹਿਰ ਜਗਰਾਓਂ ਦਫ਼ਤਰ ਪੁੱਜੇ। ਉਨ੍ਹਾਂ ਕਾਰਜਭਾਰ ਸੰਭਾਲਦਿਆਂ ਸਟਾਫ਼ ਨਾਲ ਮੀਟਿੰਗ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਦੇ ਦਫ਼ਤਰ ਪੁੱਜਣ ‘ਤੇ ਦਫ਼ਤਰੀ ਅਮਲੇ ਵੱਲੋਂ ਸਵਾਗਤ ਕੀਤਾ ਗਿਆ। ਐੱਸਡੀਐੱਮ ਗੁਰਵੀਰ ਸਿੰਘ ਕੋਹਲੀ ਨੇ ਮੀਟਿੰਗ ਦੌਰਾਨ ਪ੍ਰਸ਼ਾਸਨਿਕ ਦਫ਼ਤਰਾਂ, ਤਹਿਸੀਲ ਦਫ਼ਤਰ, ਸੇਵਾ ਕੇਂਦਰਾਂ, ਫਰਦ ਕੇਂਦਰ ਤੇ ਹੋਰਾਂ ਵਿਭਾਗਾਂ ਸਬੰਧੀ ਜਾਣਕਾਰੀ ਹਾਸਲ ਕਰਦਿਆਂ ਸਮੂਹ ਸਟਾਫ ਨੂੰ ਪਹਿਲ ਦੇ ਆਧਾਰ ‘ਤੇ ਲੋਕਾਂ ਦੇ ਕੰਮ ਨੇਪਰੇ ਚਾੜ੍ਹਨ ਦੀ ਹਦਾਇਤ ਕੀਤੀ।
ਉਨ੍ਹਾਂ ਕਿਹਾ ਸਾਰੇ ਪ੍ਰਸ਼ਾਸਨਿਕ ਦਫ਼ਤਰਾਂ ਖਾਸ ਕਰ ਸੇਵਾ ਕੇਂਦਰਾਂ ‘ਚ ਲੋਕਾਂ ਨੂੰ ਬਿਨਾਂ ਕਿਸੇ ਖੱਜਲ ਖੁਆਰੀ ਤੋਂ ਸਮਾਂ ਬੱਧ ਉਨ੍ਹਾਂ ਦੀਆਂ ਦਰਖਾਸਤਾਂ ਨੂੰ ਨਿਪਟਾਇਆ ਜਾਵੇ। ਕਿਸੇ ਵੀ ਮੁਲਾਜ਼ਮ ਜਾਂ ਅਮਲੇ ਵੱਲੋਂ ਜਨਤਾ ਦੇ ਕੰਮਾਂ ਨੂੰ ਅਣਦੇਖਿਆ ਨਾ ਕੀਤਾ ਜਾਵੇ। ਸ਼ਿਕਾਇਤ ਆਉਣ ‘ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਜਗਰਾਓਂ ਹਲਕੇ ਦੇ ਵਿਕਾਸ ‘ਤੇ ਵੀ ਪਹਿਲ ਦੇ ਆਧਾਰ ‘ਤੇ ਕੰਮ ਕੀਤੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਿਸੇ ਤਰ੍ਹਾਂ ਦੀ ਸਮੱਸਿਆ ਨੂੰ ਲੈ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਦਫ਼ਤਰ ਆ ਕੇ ਮਿਲ ਸਕਦੇ ਹਨ। ਇਸ ਮੌਕੇ ਰੀਡਰ ਸੁਖਦੇਵ ਸ਼ੇਰਪੁਰੀ ਤੇ ਸੁਖਵਿੰਦਰ ਗਰੇਵਾਲ ਆਦਿ ਹਾਜ਼ਰ ਸਨ।


