ਜਾ.ਸ, ਯਮੁਨਾਨਗਰ : ਕ੍ਰਿਪਟੋ ਕਰੰਸੀ ਜ਼ਰੀਏ ਭਾਰਤ ਤੋਂ ਅਮਰੀਕਾ ’ਚ ਸਾਈਬਰ ਠੱਗੀ ਦਾ ਪਰਦਾਫ਼ਾਸ਼ ਹੋਇਆ ਹੈ। ਪੈਕਸਫੁਲ ਅਕਾਊਂਟ ਜ਼ਰੀਏ ਬਿਟਕੁਆਇਨ ਰਾਹੀਂ ਤਕਰੀਬਨ 12 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ। ਮਾਮਲੇ ’ਚ ਸਾਈਬਰ ਕਰਾਈਮ ਥਾਣਾ ਪੁਲਿਸ ਨੇ ਮੋਹਾਲੀ ਦੇ ਸੈਂਡਵੁਡਜ਼ ਬਲਾਕ ਵਾਸੀ ਵਿਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਹਿਮਾਦਰੀ ਕੌਸ਼ਿਕ ਨੇ ਦੱਸਿਆ ਕਿ ਹਾਲੇ ਇਸ ਕੇਸ ਦੀ ਜਾਂਚ ਚੱਲ ਰਹੀ ਹੈ। ਇਹ ਵੱਡਾ ਗਿਰੋਹ ਹੈ। ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ।

ਐਡਵੋਕੇਟ ਨਿਹਾਰ ਅਗਰਵਾਲ ਅਨੁਸਾਰ ਸੰਯੁਕਤ ਰਾਜ ਅਮਰੀਕਾ ਦੇ ਫਲੋਰੀਡਾ ਵਾਸੀ ਮਰਲੇ ਲੀ ਕੋਰੋਜਵੋ ਅਮਰੀਕੀ ਫ਼ੌਜ ’ਚੋਂ ਸੇਵਾਮੁਕਤ ਹੋ ਚੁੱਕਿਆ ਹੈ। ਸਤੰਬਰ 2022 ’ਚ ਉਸ ਨੂੰ ਫੋਨ ਆਇਆ। ਉਸ ਨੂੰ ਲੱਗਿਆ ਕਿ ਉਹ ਬੈਂਕ ਤੋਂ ਬੋਲ ਰਿਹਾ ਹੈ। ਫੋਨ ਕਰਨ ਵਾਲੇ ਨੇ ਕਿਹਾ ਕਿ ਕਿਸੇ ਨੇ ਪੇਪਲ ਸਾਫਟਵੇਅਰ ਰਾਹੀਂ ਉਸ ਦੇ ਖਾਤੇ ਦਾ ਪ੍ਰਯੋਗ ਕੀਤਾ ਹੈ ਤੇ 499 ਡਾਲਰ ਦੀ ਧੋਖਾਧੜੀ ਕੀਤੀ ਹੈ। ਉਸ ਨੇ ਗੱਲਾਂ ’ਚ ਉਲਝਾ ਕੇ ਬੈਂਕ ਸਬੰਧੀ ਜਾਣਕਾਰੀ ਲਈ ਤੇ ਉਸ ਦੇ ਕੰਪਿਊਟਰ ਜ਼ਰੀਏ ਬਿਟਕੁਆਇਨ ਖਾਤੇ ਨੂੰ ਹੈਕ ਕਰ ਦਿੱਤਾ, ਜਿਸ ਰਾਹੀਂ ਉਸ ਨਾਲ ਤਕਰੀਬਨ 13 ਲੱਖ ਡਾਲਰ (ਤਕਰੀਬਨ 12 ਕਰੋੜ ਰੁਪਏ) ਦੀ ਧੋਖਾਧੜੀ ਕੀਤੀ। ਇਸ ਬਾਰੇ ਅਮਰੀਕਾ ’ਚ ਕੇਸ ਦਰਜ ਕਰਵਾਇਆ ਗਿਆ। ਇੱਥੇ ਜਾਂਚ ’ਚ ਸਾਹਮਣੇ ਆਇਆ ਕਿ ਭਾਰਤ ਤੋਂ ਇਹ ਧੋਖਾਧੜੀ ਹੋਈ ਹੈ ਕਿਉਂਕਿ ਜਿਨ੍ਹਾਂ ਖਾਤਿਆਂ ’ਚ ਰਕਮ ਗਈ ਸੀ, ਉਹ ਭਾਰਤ ਦੇ ਸਨ।

ਮਰਲੇ ਲੀਜ ਕੋਰੇਜਵਾ ਦੇ ਵਕੀਲ ਨਿਹਾਰ ਅਗਰਵਾਲ ਨੇ ਦੱਸਿਆ ਕਿ ਸਾਈਬਰ ਠੱਗੀ ਦੇ ਇਕ ਮੁਲਜ਼ਮ ਵਿਕਰਮਜੀਤ ਸਿੰਘ ਦਾ ਸਬੰਧ ਯਮੁਨਾਨਗਰ ਨਾਲ ਮਿਲ ਰਿਹਾ ਹੈ। ਇੱਥੋਂ ਦੇ ਪਤੇ ’ਤੇ ਆਧਾਰ ਕਾਰਡ ਬਣਿਆ ਹੋਇਆ ਹੈ। ਇਸ ਤੋਂ ਬਾਅਦ ਅਦਾਲਤ ’ਚ ਕੇਸ ਦਾਇਰ ਕੀਤਾ ਗਿਆ। ਅਦਾਲਤ ਦੇ ਹੁਕਮਾਂ ’ਤੇ ਸਾਈਬਰ ਕਰਾਈਮ ਥਾਣਾ ਪੁਲਿਸ ਨੇ ਕੇਸ ਦਰਜ ਕੀਤਾ।

ਪੁਲਿਸ ਵੱਲੋਂ ਪੁੱਛਗਿੱਛ ’ਚ ਸਾਹਮਣੇ ਆਇਆ ਕਿ ਵਿਕਰਮਜੀਤ ਸਿੰਘ 2020 ਤੋਂ ਕ੍ਰਿਪਟੋ ਕਰੰਸੀ ਦਾ ਕੰਮ ਕਰ ਰਿਹਾ ਹੈ। ਉਸ ਦਾ ਪੈਕਸਫੁਲ ਟ੍ਰੇਡਿੰਗ ਐਪਲੀਕੇਸ਼ਨ ’ਤੇ ਖਾਤਾ ਬਣਿਆ ਹੋਇਆ ਹੈ। 2022 ’ਚ ਉਸ ਦੀ ਦਿੱਲੀ ਦੇ ਕੁਝ ਲੋਕਾਂ ਨਾਲ ਪੈਕਸਫੁਲ ’ਤੇ ਚੈਟ ਦੌਰਾਨ ਗੱਲਬਾਤ ਹੋਈ। ਉਹ ਵੀ ਬਿਟਕੁਆਇਨ ’ਚ ਡੀਲ ਕਰਦੇ ਸਨ। ਵਿਕਰਮਜੀਤ ਨੇ ਉਨ੍ਹਾਂ ਦੇ ਵ੍ਹਟਸਐਪ ਨੰਬਰ ਲੈ ਲਏ। ਵ੍ਹਟਸਐਪ ਨੰਬਰ ਵੀ ਇੰਟਰਨੈਸ਼ਨਲ ਸਨ। ਸਤੰਬਰ 2022 ’ਚ ਉਸ ਨੂੰ ਦੱਸਿਆ ਕਿ ਉਨ੍ਹਾਂ ਕੋਲ ਅਮਰੀਕਾ ਦਾ ਬਿਟਕੁਆਇਨ ਅਕਾਊਂਟ ਹੈ, ਜਿਸ ਨਾਲ ਉਹ ਧੋਖਾਧੜੀ ਕਰ ਕੇ ਮੋਟੀ ਰਕਮ ਹਾਸਲ ਕਰ ਸਕਦੇ ਹਨ। ਵਿਕਰਮਜੀਤ ਤਿਆਰ ਹੋ ਗਿਆ ਤੇ ਉਨ੍ਹਾਂ ਨੂੰ ਆਪਣਾ ਬਿਟਕੁਆਇਨ ਅਕਾਊਂਟ ਦੇ ਦਿੱਤਾ। ਇਨ੍ਹਾਂ ਡਾਲਰਾਂ ਨੂੰ ਉਸ ਨੇ ਪੈਕਸਫੁਲ ਐਪ ਜ਼ਰੀਏ ਐਕਸਚੇਂਜ ਕਰਵਾਇਆ। ਇਸੇ ਤਰ੍ਹਾਂ ਉਸ ਦੇ ਹੀ ਇਕ ਸਹਿਯੋਗੀ ਦੇ ਖਾਤੇ ’ਚ ਇਹ ਬਿਟਕੁਆਇਨ ਆਏ। ਉਸ ਨੇ ਵੀ ਡਾਲਰ ਤੋਂ ਰੁਪਏ ’ਚ ਐਕਸਚੇਂਜ ਕਰਵਾ ਲਿਆ।