ਗੁਰਬਚਨ ਸਿੰਘ ਬੌਂਦਲ, ਸਮਰਾਲਾ : ਐਤਵਾਰ ਘੁਲਾਲ 220 ਕੇਵੀ ਪਾਵਰਗਿ੍ੱਡ ‘ਚ ਪਾਵਰਕਾਮ ਦੇ ਕਰਮਚਾਰੀਆਂ ਵਲੋਂ ਸ਼ਾਮ ਤਕਰੀਬਨ 4.30 ਵਜੇ ਤਿੰਨ ਅੌਰਤਾਂ ਸੀਬੀਟੀ ਦਾ ਪੁਰਜ਼ਾ ਭੰਨ ਕੇ ਸਾਮਾਨ ਚੋਰੀ ਕਰਦੀਆਂ ਮੌਕੇ ‘ਤੇ ਹੀ ਫੜੀਆਂ ਗਈਆਂ ਜਦਕਿ ਇਨ੍ਹਾਂ ਦਾ ਹੀ ਇੱਕ ਸਾਥੀ ਤੇ ਇੱਕ ਅੌਰਤ ਟੈਂਪੂ ਸਮੇਤ ਭੱਜਣ ‘ਚ ਕਾਮਯਾਬ ਹੋ ਗਏ। ਜਾਣਕਾਰੀ ਦਿੰਦਿਆਂ ਜਸਪਾਲ ਸਿੰਘ ਏਐੱਸਐੱਸਏ ਘੁਲਾਲ ਨੇ ਦੱਸਿਆ ਕਿ ਚੋਰੀ ਕੀਤੇ ਸਾਮਾਨ ਦੀ ਕੀਮਤ ਕਰੀਬ ਤਿੰਨ ਤੋਂ ਚਾਰ ਲੱਖ ਦੇ ਵਿਚਕਾਰ ਹੈ। ਜੇਈ ਮਨਜੀਤ ਸਿੰਘ ਨੇ ਕਿਹਾ ਕਿ ਇਸ ਵਾਰਦਾਤ ਤੋਂ ਪਹਿਲਾਂ ਵੀ ਘੁਲਾਲ ਗਰਿੱਡ ‘ਚ ਉਕਤ ਅੌਰਤਾਂ ਨੇ ਚੋਰੀਆਂ ਕੀਤੀਆਂ ਹਨ, ਪਰ ਕਦੇ ਵੀ ਫੜੀਆਂ ਨਹੀਂ ਗਈਆਂ।
ਅੱਜ ਜਦੋਂ ਇਹ ਅੌਰਤਾਂ ਸੀਬੀਟੀ ਦਾ ਪੁਰਜ਼ਾ ਚੋਰੀ ਕਰ ਕੇ ਟੈਂਪੂ ‘ਚ ਰੱਖ ਕੇ ਭੱਜਣ ਦੀ ਤਿਆਰੀ ‘ਚ ਸਨ ਤਾਂ ਇੱਕ ਵਿਅਕਤੀ ਨੇ ਇਨ੍ਹਾਂ ਨੂੰ ਦੇਖਦੇ ਹੀ ਰੌਲ਼ਾ ਪਾ ਦਿੱਤਾ ਤੇ ਮੌਕੇ ‘ਤੇ ਹੀ ਇਨ੍ਹਾਂ ਅੌਰਤਾਂ ਨੂੰ ਕਾਬੂ ਕਰ ਲਿਆ ਗਿਆ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਜਿਸ ‘ਤੇ ਪੁਲਿਸ ਥਾਣਾ ਸਮਰਾਲਾ ਦੇ ਏਐੱਸਆਈ ਪਵਨਜੀਤ ਸਿੰਘ ਮੌਕੇ ‘ਤੇ ਪਹੁੰਚੇ ਤੇ ਇਨ੍ਹਾਂ ਅੌਰਤਾਂ ਨੂੰ ਕਾਬੂ ਕਰ ਕੇ ਪੁਲਿਸ ਸਟੇਸ਼ਨ ਸਮਰਾਲਾ ਲੈ ਗਏ। ਜ਼ਿਕਰਯੋਗ ਹੈ ਕਿ ਸਮਰਾਲਾ ਇਲਾਕੇ ‘ਚ ਦਿਨ ਦਿਹਾੜੇ ਚੋਰੀ ਤੇ ਲੁੱਟ ਦੀਆਂ ਘਟਨਾਵਾਂ ਦਿਨੋਂ ਵਧਦੀਆਂ ਜਾ ਰਹੀਆਂ ਹਨ। ਇਸ ਕਾਰਨ ਸਮਰਾਲਾ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਸਬੰਧੀ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਦੱਸਿਆ ਕਿ ਫੜੀਆਂ ਗਈਆਂ ਅੌਰਤਾਂ ਦੇ ਪਰਿਵਾਰਿਕ ਮੈਂਬਰਾਂ ਤੋਂ ਲਿਖਤੀ ਰੂਪ ‘ਚ ਲੈ ਕੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ, ਉੱਥੇ ਹੀ ਘੁਲਾਲ ਗਰਿੱਡ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਆਪਣੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਸਵੇਰੇ ਬਣਦੀ ਕਾਰਵਾਈ ਕਰਵਾਉਣਗੇ।


