Ad-Time-For-Vacation.png

“ਬਾਬਾ ਸਾਹਿਬ ਡਾ. ਅੰਬੇਡਕਰ ਸਿੱਖ ਕਿਉਂ ਨਾ ਬਣ ਸਕੇ? (ਦੋਸ਼ੀ ਕੌਣ)” ਕਿਤਾਬ ਬਾਰੇ ਚਰਚਾ ਹੋਈ

ਚੰਡੀਗੜ੍ਹ: ਬਾਬਾ ਸਾਹਿਬ ਡਾ. ਅੰਬੇਡਕਰ ਸਿੱਖ ਕਿਉਂ ਨਾ ਬਣ ਸਕੇ? (ਦੋਸ਼ੀ ਕੌਣ) ਬਾਰੇ ਅੱਜ ਇਥੇ ਸ੍ਰੀ ਗੁਰੂ ਕੇਂਦਰੀ ਸਿੰਘ ਸਭਾ ਵਿਖੇ ਇਕ ਚਰਚਾ ਕਰਵਾਈ ਗਈ। ਇਸ ਚਰਚਾ ਵਿਚ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਸਿੱਖ ਪੰਥ ਤੇ ਪੰਜਾਬ ਦੇ ਦੱਬੇ-ਕੁਚਲੇ ਤੇ ਪਛੜੇ ਸਮਾਜ ਵਿਚ ਦੁਫੇੜ ਪਾਉਣ ਦੇ ਇਕ ਯਤਨ ਵਜੋਂ ਫੈਲਾਇਆ ਗਿਆ ਇਹ ਭਰਮ ਕੋਰਾ ਝੂਠ ਹੈ, ਕਿ ਕੁਝ ਸਿੱਖ ਆਗੂਆਂ ਨੇ ਬਾਬਾ ਸਾਹਿਬ ਨੂੰ ਸਿੱਖ ਬਣਨ ਵਿਚ ਅੜਿੱਕਾ ਪਾਇਆ। ਇਸ ਮਸਲੇ ਬਾਰੇ ਸ੍ਰ. ਮੱਲ ਸਿੰਘ ਦੀ ਲਿਖੀ ਗਈ ਕਿਤਾਬ ਦੇ ਹਵਾਲੇ ਨਾਲ ਹੋਈ ਇਸ ਚਰਚਾ ਵਿਚ ਅਨੇਕ ਵਿਦਵਾਨ ਬੁਲਾਰਿਆਂ ਨੇ 1935 ਤੋਂ 1937 ਤਕ ਦੇ ਇਤਿਹਾਸ ਦੀਆਂ ਪਰਤਾਂ ਫਰੋਲਦਿਆਂ ਇਹ ਸਪਸ਼ਟ ਕੀਤਾ ਕਿ ਉਸ ਵੇਲੇ ਧਰਮ ਬਦਲੀ ਦੇ ਮਸਲੇ ਬਾਰੇ ਬਾਬਾ ਸਾਹਿਬ ਉਤੇ ਮਹਾਤਮਾ ਗਾਂਧੀ ਅਤੇ ਅਨੇਕ ਹਿੰਦੂ ਜਥੇਬੰਦੀਆਂ ਸਮੇਤ ਕਈ ਪਾਸਿਆਂ ਤੋਂ ਦਬਾਅ ਪਾਏ ਜਾ ਰਹੇ ਸਨ। ਧਰਮ ਬਦਲੀ ਕਰਕੇ ਕਿਹੜੇ ਧਰਮ ਵਿਚ ਸ਼ਾਮਿਲ ਹੋਇਆ ਜਾਵੇ, ਉਦੋਂ ਇਸਦਾ ਫੈਸਲਾ ਕਰਨਾ ਕੋਈ ਸੌਖਾ ਕੰਮ ਨਹੀਂ ਸੀ। ਇਸ ਦੌਰ ਵਿਚ ਹੀ ਉਨ੍ਹਾਂ ਨੇ ਇਕ ਸਮੇ ਸਿੱਖ ਧਰਮ ਵਿਚ ਸ਼ਾਮਿਲ ਹੋਣ ਬਾਰੇ ਸੋਚਿਆ, ਜਿਸਦਾ ਸਿੱਖ ਆਗੂਆਂ ਨੇ ਬੜਾ ਭਰਵਾਂ ਹੁੰਗਾਰਾ ਭਰਿਆ। ਕਈ ਕਾਰਨਾਂ ਕਰਕੇ ਅਤੇ ਕਈ ਪੱਖ ਸੋਚ ਕੇ ਉਹ ਆਪਣੇ ਅੰਤਿਮ ਸਮੇ ਤੋਂ ਕੁਝ ਚਿਰ ਪਹਿਲਾਂ ਬੁੱਧ ਧਰਮ ਵਿਚ ਸ਼ਾਮਿਲ ਹੋ ਗਏ। ਪਰ ਤਥਾਗਤ ਬੁੱਧ ਦੇ ਨਾਲ ਕਬੀਰ ਸਾਹਿਬ ਨੂੰ ਆਪਣਾ ਗੁਰੂ ਮੰਨ ਕੇ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਆਪਣਾ ਨਾਤਾ ਜੋੜੀ ਰੱਖਿਆ। ਅੰਬੇਡਕਰੀ ਲਹਿਰ ਦੇ ਵਾਰਿਸ ਤੇ ਬਹੁਜਨ ਲਹਿਰ ਦੇ ਬਾਨੀ ਕਾਂਸ਼ੀ ਰਾਮ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਆਪਣੀ ਲਹਿਰ ਦਾ ਮੈਨੀਫੈਸਟੋ ਬਣਾ ਕੇ ਇਸ ਰਿਸ਼ਤੇ ਨੂੰ ਹੋਰ ਦ੍ਰਿੜ ਕੀਤਾ।
ਬਾਬਾ ਸਾਹਿਬ ਸਿੱਖ ਕਿਉਂ ਨਾ ਬਣ ਸਕੇ, ਇਸ ਇਤਿਹਾਸਕ ਮੁੱਦੇ ਉਤੇ ਵਿਦਵਾਨਾਂ ਦੇ ਇਕੱਠ ‘ਚ ਹੋਈ ਭਰਵੀਂ ਚਰਚਾ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਡਾ. ਅੰਬੇਦਕਰ ਵੱਲੋਂ ਸਿੱਖ ਬਣਨ ਵਿਚ ਅਕਾਲੀ ਨਹੀਂ ਬਲਕਿ ਕਾਂਗਰਸੀ ਲੀਡਰਾਂ ਦੀਆਂ ਸਾਜ਼ਿਸ਼ਾਂ ਜਿੰਮੇਵਾਰ ਹਨ। ਵਿਦਵਾਨਾਂ ਵੱਲੋਂ ਅੱਧੀ ਸਦੀ ਤੋਂ ਫੈਲਾਏ ਜਾਂਦੇ ਆ ਰਹੇ ਭਰਮਾਂ ਅਤੇ ਬਿਰਤਾਂਤਾਂ ਦਾ ਖੰਡਨ ਕੀਤਾ ਕਿ ਬਾਬਾ ਸਾਹਿਬ ਦੇ ਸਿੱਖ ਬਣਨ ਵਿਚ ਸਿੱਖ ਲੀਡਰਾਂ ਨੇ ਅੜਿਕਾ ਪਾਇਆ ਸੀ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੰਪਲੈਕਸ ‘ਚ ਮੱਲ ਸਿੰਘ ਵੱਲੋਂ ਲਿਖੀ ਗਈ ਕਿਤਾਬ “ਡਾ. ਅੰਬੇਦਕਰ ਸਿੱਖ ਕਿਉਂ ਨਾ ਬਣ ਸਕੇ? (ਦੋਸ਼ੀ ਕੌਣ)” ਉਤੇ ਕਰਵਾਈ ਗੋਸ਼ਟੀ ਦੁਆਰਾ ਇਹ ਵਿਚਾਰ ਉਭਰ ਕੇ ਸਾਹਮਣੇ ਆਇਆ ਕਿ ਸਿੱਖ ਪੰਥ ਅਤੇ ਪੰਜਾਬ ਦੇ ਦੱਬੇ ਕੁਚਲੇ ਪਛੜੇ ਸਮਾਜ ਵਿਚ ਦੁਫੇੜ ਪਾਉਣ ਲਈ ਇਹ ਕੋਰਾ ਝੂਠ ਸਾਜ਼ਿਸਾਂ ਅਧੀਨ ਫੈਲਾਇਆ ਗਿਆ ਕਿ 1936 ‘ਚ ਸਿੱਖ ਆਗੂਆਂ ਨੇ ਬਾਬਾ ਸਾਹਿਬ ਨੂੰ ਸਿੱਖ ਬਣਨ ‘ਚ ਕੋਈ ਅੜਿੱਕਾ ਪਾਇਆ ਸੀ।
ਚਰਚਾ ਦੇ ਆਰੰਭ ‘ਚ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਨੇ ਕਿਹਾ ਕਿ 1935-36 ‘ਚ ਬਾਬਾ ਸਾਹਿਬ ਨੇ ਯਿਊਲ (ਨਾਸਿਕ) ਅਤੇ ਬੰਬੇ ‘ਚ ਦੋ ਕਾਨਫ੍ਰੰਸਾਂ ਕਰਕੇ ਜਨਤਕ ਐਲਾਨ ਕਰ ਦਿੱਤਾ ਸੀ ਕਿ “ਉਹ ਜੰਮਿਆ ਜ਼ਰੂਰ ਹਿੰਦੂ ਹੈ ਪਰ ਬਤੌਰ ਹਿੰਦੂ ਮਰੇਗਾ ਨਹੀਂ।” ਇਸ ਐਲਾਨ ਤੋਂ ਬਾਅਦ ਹੀ ਉਨ੍ਹਾਂ ਨੇ ਸਿੱਖ ਬਣਨ ਲਈ ਸਿੱਖ ਲੀਡਰਸ਼ਿਪ ਨਾਲ ਰਾਬਤਾ ਬਣਾਇਆ ਸੀ।
ਜਸਪਾਲ ਸਿੰਘ ਸੀਨੀਅਅਰ ਪੱਤਰਕਾਰ ਨੇ ਕਿਹਾ ਕਿ ਅਕਾਲੀ ਲੀਡਰਾਂ ਨੇ ਬਾਬਾ ਸਾਹਿਬ ਨੂੰ ਨਾ ਕੇਵਲ ਜੀ ਆਇਆਂ ਆਖਿਆ ਬਲਕਿ ਉਸ ਦੀਆਂ ਸਾਰੀਆਂ ਸ਼ਰਤਾਂ ਮੰਨਦੇ ਹੋਏ ਬੰਬਈ ‘ਚ ਕਾਲਜ ਅਤੇ ਪਿੰਟਿੰਗ ਪ੍ਰੈਸ ਸਥਾਪਤ ਕਰਨ ਲਈ ਤਿੰਨ ਲੱਖ ਰੁਪਏ ਖਰਚ ਕਰਕੇ ਡਾ. ਅੰਬੇਦਕਰ ਦੇ ਨਾਂਅ ਉਤੇ ਪਲਾਟ ਵੀ ਖਰੀਦੇ।
ਚਰਚਾ ‘ਚ ਭਾਗ ਲੈਂਦਿਆਂ ਸ੍ਰ. ਗੁਰਤੇਜ ਸਿੰਘ ਸਾਬਕਾ ਆਈ ਏ ਐਸ ਨੇ ਕਿਹਾ ਕਿ ਅੰਬੇਦਕਰ ਦੀ ਸਿੱਖ ਬਣਨ ਵਾਲੀ ਯੋਜਨਾ ਨੂੰ ਸਿੱਖ ਲੀਡਰਸ਼ਿਪ ਨੇ ਭਰਵਾਂ ਹੁੰਗਾਰਾ ਦਿੱਤਾ। 13 ਅਪ੍ਰੈਲ 1936 ‘ਚ ਜਦੋਂ ਅੰਮ੍ਰਿਤਸਰ ਸਾਹਿਬ ਬਾਬਾ ਸਾਹਿਬ ਆਏ ਤਾਂ ਉਨ੍ਹਾਂ ਦਾ ਸ਼ਾਹੀ ਸਵਾਗਤ ਕੀਤਾ ਗਿਆ। ਸਰਬ ਹਿੰਦ ਸਿੱਖ ਮਿਸ਼ਨ ਕਾਨਫ੍ਰੰਸ ‘ਚ ਡਾ. ਅੰਬੇਦਕਰ ਨੇ ਭਾਸ਼ਨ ਦਿੱਤਾ।
ਪ੍ਰਸਿੱਧ ਇਤਿਹਾਸਕਾਰ ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੇ ਕਾਂਗਰਸੀ ਲੀਡਰਾਂ ਦੀ ਨੁਕਤਾਚੀਨੀ ਕਰਦੇ ਹੋਏ ਕਿਹਾ ਕਿ ਜਦੋਂ ਹੀ ਬਾਬਾ ਸਾਹਿਬ ਦੀ ਸਿੱਖ ਬਣਨ ਵਾਲੀ ਯੋਜਨਾ ਸਿਰੇ ਚੜ੍ਹਨ ਲੱਗੀ ਤਾਂ ਉਨ੍ਹਾਂ ਨੇ ਹਿੰਦੂ ਮਹਾਂ ਸਭਾ ਦੇ ਲੀਡਰ ਡਾ. ਮੂੰਜੇ,ਐਮ. ਸੀ. ਰਾਜਾ, ਮਦਨ ਮੋਹਨ ਮਾਲਵੀਆ ਆਦਿ ਨੂੰ ਸਾਜ਼ਿਸ਼ਾਂ ਰਚਣ ਲਈ ਸਰਗਰਮ ਕਰ ਦਿੱਤਾ ਤਾਂ ਜੋ ਅੰਬੇਦਕਰ ਸਿੱਖ ਨਾ ਬਣ ਸਕਣ। ਡਾ. ਢਿੱਲੋਂ ਨੇ ਕਿਹਾ ਯਾਦ ਰਹੇ ਕਿ ਮਹਾਤਮਾ ਗਾਂਧੀ ਨੇ ਮਰਨ ਵਰਤ ਰੱਖ ਕੇ 1932 ‘ਚ ਪੂਨਾ ਪੈਕਟ ਉਤੇ ਬਾਬਾ ਸਾਹਿਬ ਦੇ ਦਸਖਤ ਕਰਵਾ ਲਏ ਸਨ ਜਿਸ ਨਾਲ ਅੰਬੇਦਕਰ ਵੱਲੋਂ ਅੰਗ੍ਰੇਜੀ ਸਰਕਾਰ ਤੋਂ 6 ਕਰੋੜ ਦਲਿਤਾਂ ਲਈ ਪ੍ਰਾਪਤ ਕੀਤੇ ਵੱਖਰੇ ਚੋਣ ਹਲਕਿਆਂ ਦਾ ਮਹੱਤਵਪੂਰਨ ਹੱਕ ਵੀ ਖਤਮ ਹੋ ਗਿਆ ਸੀ।
ਇਤਿਹਾਸ ਦੀਆਂ ਪਰਤਾਂ ਖੋਲ੍ਹਦਿਆਂ ਗੁਰਬਚਨ ਸਿੰਘ ਨੇ ਕਿਹਾ ਕਿ ਧਰਮ ਬਦਲੀ ਦੇ ਐਲਾਨ ਮਗਰੋਂ ਅੰਬੇਦਕਰ ਨੂੰ ਹਿੰਦੂ ਲੀਡਰਾਂ ਵੱਲੋਂ ਲਗਾਤਾਰ ਧਮਕੀਆਂ ਮਿਲਣ ਲੱਗੀਆਂ ਜੋ ਜਾਨੋਂ ਮਾਰਨ ਤੱਕ ਵੀ ਸਨ। ਰਾਜਵਿੰਦਰ ਸਿੰਘ ਰਾਹੀ ਨੇ ਉਸ ਫਾਰਮੂਲੇ ਉਤੇ ਕਈ ਸ਼ੰਕੇ ਖੜ੍ਹੇ ਕੀਤੇ ਜਿਸ ਰਾਹੀਂ ਡਾ. ਮੂੰਜੇ ਅਤੇ ਅੰਬੇਦਕਰ ‘ਚ ਇਕ ਸਮਝੌਤਾ ਹੋਇਆ ਸੀ। ਸਿਆਸੀ ਗਿਣਤੀਆਂ ਮਿਣਤੀਆਂ ਕਰਕੇ ਹੀ ਬਾਬਾ ਸਾਹਿਬ ਸਿੱਖ ਧਰਮ ਅਖਤਿਆਰ ਕਰਨ ਤੋਂ ਕਿਨਾਰਾ ਕਰ ਗਏ ਸਨ। ਸ. ਰਾਹੀ ਨੇ ਇਹ ਵੀ ਕਿਹਾ ਕਿ 20 ਸਾਲ ਬਾਅਦ 1956 ‘ਚ ਬੁੱਧ ਧਰਮ ਅਪਣਾਇਆ ਅਤੇ ਦਲਿਤ ਭਾਈਚਾਰੇ ਨੂੰ ਮੂਰਤੀ ਪੂਜਾ ਵਾਲੀ ਦਲਦਲ ‘ਚ ਹੀ ਫਸਾਈ ਰੱਖਿਆ।
ਡਾ. ਅਮਰੀਕ ਸਿੰਘ ਸੈਕਰੋਮੈਂਟੋ ਨੇ ਅੰਗਰੇਜ਼ੀ ਸਰਕਾਰ ਦੀਆਂ ਬਸਤੀਵਾਦੀ ਨੀਤੀਆਂ ਉਤੇ ਉਂਗਲ ਉਠਾਉਂਦੇ ਹੋਏ ਕਿਹਾ ਭਾਰਤ ‘ਚ ਧਰਮ, ਸਮਾਜਿਕ ਅਤੇ ਸਿਆਸੀ ਲਹਿਰਾਂ ਦੇ ਉਭਾਰ ‘ਚ ਅੰਗਰੇਜਾਂ ਦਾ ਗੁਪਤ ਹੱਥ ਹਮੇਸ਼ਾ ਸਰਗਰਮ ਰਿਹਾ। ਇਸ ਚਾਲ ਦਾ ਹੀ ਡਾ. ਅੰਬੇਦਕਰ ਸ਼ਿਕਾਰ ਹੋਇਆ ਹੋਵੇਗਾ।
ਕਿਤਾਬ ਦੇ ਲੇਖਕ ਸ. ਮੱਲ ਸਿੰਘ ਨੇ ਸਾਰ ਅੰਸ਼ ਪੇਸ਼ ਕਰਦੇ ਹੋਏ ਕਿਹਾ ਕਿ ਸਰਦਾਰ ਕਪੂਰ ਸਿੰਘ ਵੱਲੋਂ ਸੁਣੀ ਸੁਣਾਈ ਗੱਲ ਨੂੰ ਇਤਿਹਾਸ ਦਾ ਹਿੱਸਾ ਬਣਾਉਣ ਕਰਕੇ ਸਿੱਖ ਲੀਡਰਸ਼ਿਪ ਬਾਰੇ ਭੁਲੇਖੇ ਖੜ੍ਹੇ ਹੋਏ ਜਿਸ ਕਰਕੇ ਆਰੀਆ ਸਮਾਜੀ ਦਲਿਤਾਂ ਨੇ ਇਸ ਮੁੱਦੇ ਨੂੰ ਬਹੁਤ ਉਛਾਲਿਆ। ਉਨ੍ਹਾਂ ਕਿਹਾ ਅਸਲੀਅਤ ਇਹ ਹੈ ਕਿ ਡਾ. ਸਾਹਿਬ ਖੁਦ ਹੀ ਇਕ ਲਿਖਤ ‘ਚ ਇਹ ਗਵਾਹੀ ਦਰਜ ਕਰ ਗਏ ਹਨ ਕਿ ਪੰਜ ਹਿੰਦੂ ਲੀਡਰਾਂ ਜਿਨ੍ਹਾਂ ‘ਚ ਮਹਾਤਮਾ ਗਾਂਧੀ, ਡਾ. ਮੂੰਜੇ, ਮਾਲਵੀਆ ਆਦਿ ਸ਼ਾਮਿਲ ਹਨ ਜਿਨ੍ਹਾਂ ਨੇ ਉਨ੍ਹਾਂ ਉਤੇ ਲਗਾਤਾਰ ਸਿੱਧਾ ਜਾਂ ਅਸਿੱਧਾ ਦਬਾਅ ਬਣਾਈ ਰੱਖਿਆ ਤਾਂ ਜੋ ਉਹ ਸਿੱਖ ਧਰਮ ਧਾਰਨ ਨਾ ਕਰ ਸਕਣ।

ਇਸ ਮੌਕੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਖੁਸ਼ਹਾਲ ਸਿੰਘ, ਗੁਰਪ੍ਰੀਤ ਸਿੰਘ, ਜਗਦੇਵ ਸਿੰਘ ਸੋਢੀ, ਪ੍ਰ. ਹਰਪਾਲ ਸਿੰਘ ਬੰਗੇਵਾਲਾ, ਪ੍ਰੋ. ਸ਼ਾਮ ਸਿੰਘ ਗੜ੍ਹਦੀਵਾਲਾ, ਪ੍ਰੋ. ਕੁਲਬੀਰ ਸਿੰਘ, ਪ੍ਰੋ. ਜਸਵਿੰਦਰ ਸਿੰਘ ਖੁਣਖੁਣ ਕਲਾਂ, ਐਡਵੋਕੇਟ ਹਰਪ੍ਰੀਤ ਸਿੰਘ, ਸਰਬਜੀਤ ਸਿੰਘ ਸੋਹਲ, ਪ੍ਰੋ. ਸਤਨਾਮ ਸਿੰਘ, ਰਾਜਿੰਦਰ ਸਿੰਘ, ਜਸਵਿੰਦਰ ਸਿੰਘ, ਡੀ ਪੀ ਅੰਬਾਲਾ, ਗੁਰਸ਼ੇਰ ਸਿੰਘ ਆਦਿ ਹਾਜ਼ਰ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

Sidhu Moosewala Murder Case Questions Rasing Over Transfering The Investigating Officer In Moosewala Murder Case

ਮੂਸੇਵਾਲਾ ਕਤਲ ਕਾਂਡ: ਸਚਿਨ ਥਾਪਨ ਬਿਸ਼ਨੋਈ ਵਿਦੇਸ਼ ‘ਚ ਆਇਆ ਕਾਬੂ, ਦੂਜੇ ਬਿਸ਼ਨੋਈ ਦੀ Location ਹੋਈ Trace

ਮੂਸੇਵਾਲਾ ਕਤਲ ਕਾਂਡ: ਸਚਿਨ ਥਾਪਨ ਬਿਸ਼ਨੋਈ ਅਜ਼ਰਬਾਈਜਾਨ ‘ਚ ਗ੍ਰਿਫਤਾਰ, ਪੜ੍ਹੋ ਵੇਰਵਾ ਚੰਡੀਗੜ੍ਹ, 30 ਅਗਸਤ, 2022: ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀਆਂ ਵਿਚ ਸ਼ਾਮਲ

ਅਮਰੀਕੀ ਪ੍ਰਤੀਨਿਧੀ ਸਭਾ ਨੇ ਮਰਹੂਮ ਸਿੱਖ ਪੁਲਿਸ ਅਧਿਕਾਰੀ ਦੇ ਸਨਮਾਨ ਵਿਚ ਬਿਲ ਕੀਤਾ ਪਾਸ

ਵਾਸ਼ਿੰਗਟਨ, 15 ਸਤੰਬਰ: ਅਮਰੀਕੀ ਪ੍ਰਤੀਨਿਧੀ ਸਭਾ ਨੇ ਹਿਊਸਟਨ ਵਿਚ ਇਕ ਡਾਕ-ਘਰ ਦਾ ਨਾਮ ਭਾਰਤੀ ਮੂਲ ਦੇ ਅਮਰੀਕੀ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਮ ‘ਤੇ ਰੱਖਣ

Ektuhi Gurbani App
Guardian Ads - Qualicare
Select your stuff
Categories
events_1
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.