ਗੁਰਮੁਖ ਪਿਆਰੇ ਬਾਬਾ ਇਕਬਾਲ ਸਿੰਘ, ਪ੍ਰਧਾਨ ਕਲਗ਼ੀਧਰ ਟਰੱਸਟ/ਸੁਸਾਇਟੀ, ਗੁਰਦੁਆਰਾ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਨੂੰ ਦਸ ਗੁਰੂ ਸਾਹਿਬਾਨ ਦੇ ਦਰਸਾਏ ਅਧਿਆਤਮਕ ਮਾਰਗ ਦਾ ਸੁਮੇਲ ਦੁਨਿਆਵੀ ਵਿਦਿਆ ਨਾਲ ਜੋੜ ਕੇ, ਬਾਣੀ–ਬਾਣੇ ਦੇ ਪ੍ਰਚਾਰ, ਪਸਾਰ ਅਤੇ ਵੱਡਮੁਲੀਆਂ ਪੰਥਕ ਸੇਵਾਵਾਂ ਕਰਨ ਹਿਤ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਵਿਖੇ ਅੱਜ ‘ਸ਼੍ਰੋਮਣੀ ਪੰਥ ਰਤਨ’ ਦੇ ਸਨਮਾਨ ਨਾਲ ਨਿਵਾਜਿਆ ਗਿਆ।
ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਵਿਚ ਆਯੋਜਤ ਇਕ ਸਮਾਗਮ ਦੌਰਾਨ ਜਥੇਦਾਰ ਕਰਨੈਲ ਪੰਜੋਲੀ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧਕ, ਪ੍ਰਬੰਧਕ ਤਖ਼ਤ ਸ੍ਰੀ ਪਟਨਾ ਸਾਹਿਬ, ਬੜੂ ਸਾਹਿਬ ਦੇ ਸੇਵਾਦਾਰ ਅਤੇ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਆਦਿ ਇਸ ਇਤਿਹਾਸਕ ਮੌਕੇ ‘ਤੇ ਬਾਬਾ ਇਕਬਾਲ ਸਿੰਘ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਮੌਜੂਦ ਸਨ।
ਪਹਿਲਾਂ ਵੀ ਕੁੱਝ ਉਘੀਆਂ ਸ਼ਖ਼ਸੀਅਤਾਂ ਸ. ਗੁਰਚਰਨ ਸਿੰਘ ਟੌਹੜਾ, ਮਾਸਟਰ ਤਾਰਾ ਸਿੰਘ, ਗਿਆਨੀ ਸੰਤ ਸਿੰਘ ਮਸਕੀਨ, ਹਰਭਜਨ ਸਿੰਘ ਖ਼ਾਲਸਾ, ਯੋਗੀ ਅਤੇ ਉਨ੍ਹਾਂ ਦੀ ਪਤਨੀ ਬੀਬੀ ਇੰਦਰਜੀਤ ਕੌਰ,ਭਾਈ ਜਸਬੀਰ ਸਿੰਘ ਅਤੇ ਬਾਬਾ ਹਰਭਜਨ ਸਿੰਘ ਹਰੀਆਂ ਵੇਲਾਂ ਵਾਲਿਆਂ ਵਲੋਂ ‘ਸ਼੍ਰੋਮਣੀ ਪੰਥ ਰਤਨ’ ਬਾਬਾ ਇਕਬਾਲ ਸਿੰਘ ਦਾ ਸਨਮਾਨ ਉਨ੍ਹਾਂ ਦੇ ਕੌਮ ਪ੍ਰਤੀ ਅਦੁੱਤੀ ਯੋਗਦਾਨ ਅਤੇ ਸੇਵਾਵਾਂ ਲਈ ਪ੍ਰਦਾਨ ਕੀਤਾ ਜਾ ਚੁਕਿਆ ਹੈ। ਇਹ ਸਨਮਾਨ ਉਨ੍ਹਾਂ ਸਭਨਾਂ ਨੂੰ ਉਨ੍ਹਾਂ ਦੇ ਸਰੀਰ ਤਿਆਗਣ ਉਪਰੰਤ ਦਿਤਾ ਗਿਆ। ਸਿਰਫ਼ ਬੀਬੀ ਇੰਦਰਜੀਤ ਕੌਰ ਨੂੰ ਛੱਡ ਕੇ, ਇਹ ਹੁਣ ਦੂਜੀ ਵਾਰ ਹੈ ਜਦੋਂ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਨੂੰ ‘ਸ਼੍ਰੋਮਣੀ ਪੰਥ ਰਤਨ’ ਨਾਲ, ਉਨ੍ਹਾਂ ਦੇ ਜੀਵਨ ਕਾਲ ਵਿਚ ਪ੍ਰਦਾਨ ਕੀਤਾ ਜਾ ਰਿਹਾ ਹੈ, ਜਦੋਂ ਉਹ ਹਰ ਪਲ, ਹਰ ਘੜੀ, ਹਰ ਸਵਾਸ ਕਲਗੀਧਰ ਪਿਤਾ ਵਲੋਂ ਬਖ਼ਸ਼ੀ ਸਿੱਖੀ ਨੂੰ ਅਥਾਹ ਪਿਆਰ ਕਰਦੇ ਹੋਏ ਸਿੱਖ ਕੌਮ ਅਤੇ ਸਮੁੱਚੀ ਮਨੁੱਖਤਾ ਦੇ ਭਲੇ ਅਤੇ ਚੜ੍ਹਦੀ ਕਲਾ ਲਈ ਨਿਰੰਤਰ ਉਪਰਾਲੇ ਕਰ ਰਹੇ ਹਨ।
ਸੰਨ 1986 ਵਿਚ ਜਦੋਂ ਬਾਬਾ ਇਕਬਾਲ ਸਿੰਘ ਹਿਮਾਚਲ ਪ੍ਰਦੇਸ਼ ਦੇ ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਵਜੋਂ ਸੇਵਾ ਮੁਕਤ ਹੋਏ ਤਾਂ ਆਪ ਜੀ ਨੇ ਬਿਨਾਂ ਕੋਈ ਸਮਾਂ ਗਵਾਏ ਬੜੂ ਸਾਹਿਬ ਦੀ ਪਾਵਨ ਧਰਤੀ ‘ਤੇ ਕੇਵਲ 5 ਬੱਚਿਆਂ ਤੋਂ ਇਕ ਸਕੂਲ ਅਕਾਲ ਅਕੈਡਮੀ ਦੇ ਨਾਮ ਨਾਲ ਸ਼ੁਰੂ ਕੀਤਾ। ਹੌਲੀ-ਹੌਲੀ ਇਸ ਸਕੂਲ ਵਿਚ ਬੱਚਿਆਂ ਦਾ ਦਾਖ਼ਲਾ ਵਧਦਾ ਗਿਆ।
ਕੁੱਝ ਸੰਗਤਾਂ ਨੇ ਬਾਬਾ ਇਕਬਾਲ ਸਿੰਘ ਨੂੰ ਇਥੋਂ ਤਕ ਕਿਹਾ ਕਿ ਜੋ ਆਪ ਜੀ ਨੇ ਸਕੂਲਾਂ ਵਿਚ ਸਖ਼ਤ ਨਿਯਮਾਂ ਬਣਾਏ ਹਨ ਕਿ ਬੱਚਿਆਂ ਦਾ ਸਾਦਾ ਲਿਬਾਸ ਹੋਵੇਗਾ ਜਿਵੇਂ ਚਿੱਟਾ ਚੂੜੀਦਾਰ, ਕੁਰਤਾ-ਪਜਾਮਾ ਅਤੇ ਗੋਲ ਦਸਤਾਰ ਅਤੇ ਅੰਮ੍ਰਿਤ ਵੇਲੇ ਉਠ ਕੇ ਨਿਤਨੇਮ ਕਰਨਾ। ਇਹ ਸੱਭ ਸਖ਼ਤ ਨਿਯਮਾਂ ਨਾਲ ਸਕੂਲ ਨਹੀਂ ਚਲਣਗੇ ਤਾਂ ਬਾਬਾ ਇਕਬਾਲ ਸਿੰਘ ਨੇ ਕਿਹਾ ਕਿ ਭਾਈ ਜੇ ਗੁਰੂ ਸਾਹਿਬ ਨੂੰ ਭਾਵੇਗਾ ਤਾਂ ਸਕੂਲ ਚੱਲਣਗੇ ਨਹੀਂ ਤਾਂ ਬੰਦ ਹੋ ਜਾਣਗੇ।
ਪ੍ਰਮਾਤਮਾ ਦੀ ਐਸੀ ਕਰਨੀ ਹੋਈ ਕਿ ਇਨ੍ਹਾਂ ਸਕੂਲਾਂ ਦਾ ਸਿਲਸਿਲਾ ਇਸ ਕਦਰ ਅੱਗੇ ਵਧਿਆ ਕਿ ਅੱਜ 129 ਸਕੂਲ ਬਣ ਚੁਕੇ ਹਨ ਜਿਨ੍ਹਾਂ ਅੰਦਰ 70,000 ਵਿਦਿਆਰਥੀ ਦੁਨਿਆਈ ਅਤੇ ਅਧਿਆਤਮਕ ਵਿਦਿਆ ਹਾਸਲ ਕਰ ਰਹੇ ਹਨ।ਤਲਵੰਡੀ ਸਾਬੋ ਵਿਚ ਗੁਰੂ ਕੀ ਕਾਸ਼ੀ ਬਣਾਉਣ ਦਾ ਦਸਵੇਂ ਗੁਰੂ ਦਾ ਚੌਥਾ ਬਚਨ 315 ਸਾਲ ਬੀਤਣ ਦੇ ਬਾਵਜੂਦ ਇਕ ਅਧੂਰਾ ਕਾਰਜ ਸੀ। ਇਸ ਵੱਡੇ ਕਾਰਜ ਨੂੰ ਬਾਬਾ ਇਕਬਾਲ ਸਿੰਘ ਨੇ ਅਪਣੀ 90 ਸਾਲ ਦੀ ਉਮਰ ਵਿਚ ਪੂਰਾ ਕਰ ਲਿਆ।
ਵੱਡੀਆਂ ਚੁਨੌਤੀਆਂ ਦੀ ਬਾਵਜੂਦ ਵੀ ਬਾਬਾ ਇਕਬਾਲ ਸਿੰਘ ਨੇ ਵੱਡਾ ਬੈਂਕ ਲੋਨ ਲਿਆ ਅਤੇ 500 ਕਰੋੜ ਰੁਪਏ ਦੀ ਲਾਗਤ ਦੀ ਇਸ ਵਿਸ਼ਵ ਪਧਰੀ ਅਕਾਲ ਯੂਨੀਵਰਸਟੀ ਬਣਾਉਣ ਦਾ ਔਖਾ ਕਾਰਜ ਸਿਰਫ਼ 27 ਮਹੀਨਿਆਂ ਵਿਚ ਪੂਰਾ ਕਰ ਕੇ ਵਿਖਾਇਆ। ਅੱਜ ਇਸ ਯੂਨੀਵਰਸਟੀ ਵਿਚ 1150 ਵਿਦਿਆਰਥੀ ਦਾਖ਼ਲਾ ਲੈ ਚੁਕੇ ਹਨ ਤੇ 21 ਵੱਖ-ਵੱਖ ਕੋਰਸ ਚਲ ਰਹੇ ਹਨ।ਸਮੁੱਚੇ ਸਿੱਖ ਇਸ ਮਹਾਨ ਸ਼ਖ਼ਸੀਅਤ ਜਿਨ੍ਹਾਂ ਨੇ ਅਪਣਾ ਪੂਰਾ ਜੀਵਨ ਸਿੱਖਾਂ ਦੇ ਭਲੇ ਨੂੰ ਸਮਰਪਿਤ ਕਰ ਦਿਤਾ ਉਨ੍ਹਾਂ ਨੂੰ ‘ਸ਼੍ਰੋਮਣੀ ਪੰਥ ਰਤਨ’ ਦਾ ਖ਼ਿਤਾਬ ਦੇ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਖ਼ਾਲਸਾ ਦੇ ਇਸ ਫ਼ੈਸਲੇ ਦੀ ਭਰਪੂਰ ਸ਼ਲਾਘਾ ਕਰਦਾ ਹੈ। ਇਸ ਸਬੰਧੀ ਜਦੋਂ ਅਸੀਂ ਇਕਬਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਅਪਣੇ ਦੋਵੇਂ ਹੱਥ ਜੋੜ ਕੇ ਨਿਮਰਤਾ ਨਾਲ ਕਿਹਾ, ”ਨਿਰਗੁਣ ਰਾਖਿ ਲੀਆ ਸੰਤਨ ਕਾ ਸਦਕਾ” ਮੈਂ ਯੋਗ ਨਹੀਂ ਹਾਂ ਪਰ ਸੰਤਾਂ-ਮਹਾਂਪੁਰਖਾਂ ਨੇ ਅਪਣੀ ਕ੍ਰਿਪਾ ਕਰ ਕੇ ਮੈਨੂੰ ਬਚਾ ਲਿਆ।”
ਉਨ੍ਹਾਂ ਕਿਹਾ,”ਮੈਂ ਉਮੀਦ ਕਰਦਾ ਹਾਂ ਕਿ ਮੇਰੀ ਸਮੁੱਚੀ ਟੀਮ ਗੁਰੂ ਸਾਹਿਬ ਦੇ ਇਨ੍ਹਾਂ ਸ਼ਬਦਾਂ ਦੀ ਪਾਲਣਾ ਕਰੇਗੀ ਕਿ “ਸੇਵਾ ਕਰਤ ਹੋਇ ਨਿਹਕਾਮੀ ਤਿਸ ਕਉ ਹੋਤ ਪਰਾਪਤਿ ਸੁਆਮੀ’ ਜੋ ਫਲ ਲੈਣ ਦੀ ਲਾਲਸਾ ਤੋਂ ਬਿਨਾਂ ਸੇਵਾ ਕਰਦਾ ਹੈ, ਉਹ ਅਪਣੇ ਪ੍ਰਮਾਤਮਾ ਅਤੇ ਗੁਰੂ ਨੂੰ ਪ੍ਰਾਪਤ ਕਰ ਲੈਂਦਾ ਹੈ।”