ਤਲਖ਼ੀਆਂ ਤੇ ਸੱਨਾਟਿਆਂ ਭਰੀ ਜ਼ਿੰਦਗੀ ਵਾਲਾ ਜ਼ਹੀਨ ਸ਼ਾਇਰ, ਸਾਹਿਰ ਲੁਧਿਆਣਵੀ ਕਿਉਂਕਿ ਦੋਹਾਂ ਮੁਮਾਲਿਕ (ਭਾਰਤ ਤੇ ਪਾਕਿਸਤਾਨ) ਦੇ ਸ਼ਹਿਰਾਂ ’ਚ ਰਿਹਾ, ਦੋਵਾਂ ਮੁਲਕਾਂ ਦੀਆਂ ਹਕੂਮਤਾਂ ਵੇਖੀਆਂ, ਬਸ਼ਿੰਦਿਆਂ ਵਿਚ ਵੀ ਵਿਚਰਿਆ ਤੇ ਜੰਗਾਂ ਵੀ ਵੇਖੀਆਂ। ਉਹਦਾ ਮਨ ਬਹੁਤ ਤਲਖ਼ ਰਹਿੰਦਾ ਸੀ। ਜੰਗ ਭਾਵੇਂ ਦੁਨੀਆਂ ਦੇ ਕਿਸੇ ਵੀ ਖਿੱਤੇ ਵਿਚ ਹੋਵੇ ਤੇ ਭਾਵੇਂ ਭਾਰਤ-ਪਾਕਿਸਤਾਨ ਦਰਮਿਆਨ, ਉਹਨੇ ਆਪਣੇ ਦਿਲ ਦੀ ਆਵਾਜ਼ ਕਲਮ ਦੇ ਜ਼ਰੀਏ ਕਾਗ਼ਜ਼ ’ਤੇ
ਇੰਜ ਉਤਾਰੀ :,
ਖ਼ੂਨ ਅਪਨਾ ਹੋ ਯਾ ਪਰਾਯਾ ਹੋ,
ਨਸਲੇ ਆਦਮ ਕਾ ਖ਼ੂਨ ਹੈ ਆਖ਼ਰ;
ਜੰਗ ਮਗ਼ਰਿਬ ਮੇਂ ਹੋ ਕਿ ਮਸ਼ਰਿਕ ਮੇਂ,
ਅਮਨੇ ਆਲਮ ਕਾ ਖ਼ੂਨ ਹੈ ਆਖ਼ਰ।
ਬੰਮ ਘਰ ਪਰ ਗਿਰੇਂ ਕਿ ਸਰਹੱਦ ਪਰ,
ਰੂਹੇ ਤਾਮੀਰ ਜ਼ਖ਼ਮ ਖਾਤੀ ਹੈ;
ਖੇਤ ਅਪਨੇ ਜਲੇਂ ਯਾ ਔਰੋਂ ਕੇ, ਜ਼ੀਸਤ ਫ਼ਾਕੋਂ ਸੇ ਤਿਲਮਿਲਾਤੀ ਹੈ।
ਟੈਂਕ ਆਗੇ ਬੜ੍ਹੇ ਕਿ ਪੀਛੇ ਹਟੇਂ, ਕੋਖ ਧਰਤੀ ਕੀ ਬਾਂਝ ਹੋਤੀ ਹੈ।
ਫਤਹਿ ਕਾ ਜਸ਼ਨ ਹੋ ਕਿ
ਹਾਰ ਕਾ ਸੋਗ,
ਜ਼ਿੰਦਗ਼ੀ ਮੱਈਯਤੋਂ ਪੇ ਰੋਤੀ ਹੈ।
ਇਸ ਲੀਏ ਐ ਸ਼ਰੀਫ਼ ਇਨਸਾਨੋਂ, ਜੰਗ ਟਲਤੀ ਰਹੇ ਤੋ ਬਿਹਤਰ ਹੈ,
ਆਪ ਔਰ ਹਮ ਸਬੀ ਕੇ ਆਂਗਨ ਮੇਂ ਸ਼ਮਾ ਜਲਤੀ ਰਹੇ ਤੋ ਬਿਹਤਰ ਹੈ।
ਘੱਟ ਬੋਲਣ ਵਾਲੇ ਤੇ ਸ਼ਰਮੀਲੇ ਸ਼ਾਇਰ, ਸਾਹਿਰ ਲੁਧਿਆਣਵੀ ਦੀ ਪੈਦਾਇਸ਼ 8 ਮਾਰਚ 1921 ਨੂੰ ਇਕ ਅਮੀਰ ਮੁਸਲਿਮ ਗੁੱਜਰ ਖ਼ਾਨਦਾਨ ਵਿਚ, ਅੱਬਾ ਚੌਧਰੀ ਫ਼ਜ਼ਲ ਅਹਿਮਦ ਤੇ ਅੰਮੀ ਸਰਦਾਰ ਬੇਗ਼ਮ ਦੇ ਘਰ ਲੁਧਿਆਣਾ ਵਿਖੇ ਹੋਈ ਸੀ। ਉਹਦਾ ਬਚਪਨ ਦਾ ਨਾਂ ਅਬਦੁਲ ਹਈ ਸੀ। ਅਬਦੁਲ (ਸਾਹਿਰ) ਅਜੇ ਛੇਆਂ ਕੁ ਮਹੀਨਿਆਂ ਦਾ ਸੀ ਜਦ ਅਮੀਰ ਤੇ ਗਾਲ਼ੀ ਗਲੋਚ ਕਰਨ ਵਾਲੇ ਬਾਪ ਦੀਆਂ ਜ਼ਿਆਦਤੀਆਂ ਕਰਕੇ ਬੱਚੇ ਸਮੇਤ ਮਾਂ ਨੂੰ ਅਲੱਗ ਹੋਣਾ ਪਿਆ। ਬਾਪ ਨੇ 1934 ਵਿਚ ਦੂਜਾ ਵਿਆਹ ਕਰਵਾ ਲਿਆ। ਤੰਗੀਆਂ ਤੁਰਸ਼ੀਆਂ ਦਰਮਿਆਨ ਅਬਦੁਲ, ਪਹਿਲਾਂ ਲੁਧਿਆਣੇ ਦੇ ਖ਼ਾਲਸਾ ਹਾਈ ਸਕੂਲ ਵਿਚ ਪੜ੍ਹਿਆ ਤੇ ਉਸ ਤੋਂ ਬਾਅਦ ਉਹਨੇ ਗੌਰਮਿੰਟ ਕਾਲਜ ਲੁਧਿਆਣਾ ਵਿਚ ਦਾਖ਼ਲਾ ਲਿਆ। ਕਾਲਜ ਵਿਚ ਹੀ ਉਹ ਗ਼ਜ਼ਲਾਂ ਤੇ ਨਜ਼ਮਾਂ ਸੁਣਾਉਣ ਵਾਸਤੇ ਕਾਫ਼ੀ ਮਸ਼ਹੂਰ ਹੋ ਗਿਆ ਸੀ। ਸਾਹਿਰ ਦੀ ਜ਼ਿੰਦਗੀ ਤਲਖ਼ੀਆਂ ਨਾਲ ਭਰੀ ਪਈ ਸੀ। “ਤਲਖ਼ੀਆਂ” ਉਹਦੀ ਇਕ ਮਕਬੂਲ ਉਰਦੂ ਸ਼ਾਇਰੀ ਦੀ ਕਿਤਾਬ ਦਾ ਨਾਂ ਵੀ ਹੈ। ਪਾਕਿਸਤਾਨੀ ਸ਼ਾਇਰ ਅਹਿਮਦ ਰਾਹੀ ਨੇ ਠੀਕ ਕਿਹਾ ਸੀ ਕਿ ਸਾਹਿਰ ਨੇ ਪੂਰੀ ਜ਼ਿੰਦਗ਼ੀ ਸਿਰਫ਼ ਇਕ ਹੀ ਪਿਆਰ ਕੀਤਾ, ੳੇਹ ਪਿਆਰ ਸੀ ਉਹਦੀ ਮਾਂ ਦੇ ਨਾਲ। ਅਦਬ ਤੇ ਸ਼ਾਇਰੀ ਦੀਆਂ ਨਾਮਵਰ ਸ਼ਖ਼ਸੀਅਤਾਂ ਮੁਨੀਰ ਨਿਆਜ਼ੀ, ਅਹਿਮਦ ਰਾਹੀ, ਸਾਹਿਰ ਲੁਧਿਆਣਵੀ, ਇਬਨੇ ਇਨਸ਼ਾ ਤੇ ਨਾਸਿਰ ਕਾਜ਼ਮੀ ਗੂੜ੍ਹੇ ਦੋਸਤ ਸਨ। 1943 ’ਚ ਲੁਧਿਆਣੇ ਤੋਂ ਲਾਹੌਰ ਜਾ ਕੇ ਉਸ ਨੇ ਦਿਆਲ ਸਿੰਘ ਕਾਲਜ ’ਚ ਦਾਖ਼ਲਾ ਲੈ ਲਿਆ। ਉਥੇ ਉਹ ਤਾਲਿਬੇ ਇਲਮਾਂ ਦੀ ਫੈਡਰੇਸ਼ਨ ਦਾ ਸਦਰ ਚੁਣਿਆ ਗਿਆ। ਮੁਆਸ਼ਰੇ ਦੇ ਸਿਆਸੀ ਤੇ ਵਿਤੀ ਸਮੱਸਿਆਵਾਂ ਬਾਰੇ ਸਾਹਿਰ, ਜਵਾਨੀ ਵਿਚ ਹੀ ਜਾਣਕਾਰੀ ਰੱਖਦਾ ਸੀ। ਉਹ ਤਾਲਿਬੇ ਇਲਮਾਂ ਦੀਆਂ ਤਹਿਰੀਕਾਂ, ਰੈਲੀਆਂ, ਮੁਜ਼ਾਹਰਿਆਂ ’ਚ ਹਿੱਸਾ ਲੈਂਦਾ ਸੀ ਤੇ ਤਕਰੀਰਾਂ ਕਰਦਾ ਸੀ। ਪਰ ਕੁਝ ਦੇਰ ਬਾਅਦ ਉਹਨੇ ਕਾਲਜ ਛੱਡ ਦਿੱਤਾ ਤੇ ‘ਅਦਬੇ ਲਤੀਫ਼’, ‘ਸ਼ਾਹਕਾਰ’ ਤੇ ‘ਸਵੇਰਾ’ ਵਰਗੇ ਉਰਦੂ ਰਸਾਲਿਆਂ ਦਾ ਐਡੀਟੋਰੀਅਲ ਸਟਾਫ ਬਣ ਗਿਆ। ਪਾਕਿਸਤਾਨ ਬਣਨ ਪਿੱਛੋਂ ਲੁਧਿਆਣਵੀ ਨੇ ‘ਆਵਾਜ਼-ਏ-ਆਦਮ’ ਅਨੁਵਾਨ ਨਾਲ ਇਕ ਬੇਹੱਦ ਇਨਕਲਾਬੀ ਤੇ ਜੋਸ਼ੀਲੀ ਨਜ਼ਮ ਲਿਖੀ ਜੋ ਉਸ ਨੇ ਲਾਹੌਰ ’ਚ ਇਕ ਮੁਜ਼ਾਹਰੇ ਵਿਚ ਪੜ੍ਹੀ।

ਦਬੇਗੀ ਕਬ ਤਲਕ ਆਵਾਜ਼ੇੇ ਆਦਮ ਹਮ ਭੀ ਦੇਖੇਂਗੇ,
ਰੁਕੇਂਗੇ ਕਬ ਤਲਕ ਜਜ਼ਬਤੇ
ਬਰਹਮ ਹਮ ਭੀ ਦੇਖੇਂਗੇ॥
ਚਲੋ ਯੂੰ ਹੀ ਸਹੀ ਯੇ ਜੌਰ-ਏ-ਪੈਹਮ ਹਮ ਭੀ ਦੇਖੇਂਗੇ।
ਕਹਾਂ ਤਕ ਹੈ ਤੁਮਹਾਰੇ ਜ਼ੁਲਮ ਮੇਂ ਦਮ ਹਮ ਭੀ ਦੇਖੇਂਗੇ।
ਯੇ ਹੰਗਾਮਾਏ ਵਿਦਾਏ ਸ਼ਬ ਹੈ
ਐ ਜ਼ੁਲਮਤ ਕੇ ਫ਼ਰਜ਼ੰਦੋ,
ਸਹਰ ਕੇ ਦੋਸ਼ ਪਰ ਗੁਲਨਾਰ ਪਰਚਮ ਹਮ ਭੀ ਦੇਖੇਂਗੇ॥
ਤੁਮਹੇਂ ਭੀ ਦੇਖਨਾ ਹੋਗਾ ਯੇ ਆਲਮ, ਹਮ ਭੀ ਦੇਖੇਂਗੇ॥
ਇਸਦੀ ਆਖ਼ਰੀ ਸਤਰ ਸੀ ਕਿ ਲਾਲ ਰੰਗ (ਗੁਲਨਾਰ ਪਰਚਮ) ਦੇ ਇਨਕਲਾਬੀ ਝੰਡੇ ਖ਼ੂਬ ਉਚਾ ਝੂਲਦਾ “ਹਮ ਭੀ ਦੇਖੇਂਗੇ”। ਨਵਾਂ-ਨਵਾਂ ਬਣਿਆ ਪਾਕਿਸਤਾਨ, ਅਮਰੀਕਾ ਨੂੰ ਇਹ ਯਕੀਨ ਦਿਵਾਉਣ ’ਚ ਲੱਗਿਆ ਹੋਇਆ ਸੀ ਕਿ ਅਸੀਂ, ਰੂਸ ਦੀ ਸੋਚ (ਕਾਮਰੇਡ) ਵਾਲੇ ਨਹੀਂ, ਅਮਰੀਕਾ ਵਾਲੇ ਪਾਸੇ ਹੈ। ਇਹ ਮਗ਼ਰਬੀ ਮੁਲਕਾਂ ਨੂੰ ਵੀ ਦੱਸਣਾ ਚਾਹੁੰਦਾ ਸੀ ਜਨੂਬੀ ਏਸ਼ੀਆ ਵਿਚ ਹੀ ਨਹੀਂ, ਪੂਰੇ ਮਸ਼ਰਿਕੇ ਵੁਸਤਾ 5, ਖਿੱਤੇ ਵਿਚ ਵੀ ਅਸੀਂ ਤੁਹਾਡੇ ਹੀ ਨਾਲ ਹਾਂ। ਐਸੇ ਮੌਕੇ ’ਤੇ ਪਹਿਲਾਂ ਤਾਂ ਸਾਹਿਰ ਨੇ ਇਹ ਨਜ਼ਮ ਇਕ ਮੁਜ਼ਾਹਰੇ ਵਿਚ ਪੂਰੇ ਜੋਸ਼ ਨਾਲ ਪੜ੍ਹੀ। ਪਰ ਜਦ ਇਹ ਕਲਾਮ ਛਾਇਆ ਹੋਇਆ ਤਾਂ ਉਹ ਨੂੰ ਪਾਕਿਸਤਾਨ ਸਰਕਾਰ ਵੱਲੋਂ ਧਮਕੀਆਂ ਮਿਲਣ ਲੱਗ ਪਈਆਂ ਤੇ ਗਿ੍ਰਫ਼ਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਗਏ। ਉਸ ਨੂੰ ਅਹਿਸਾਸ ਹੋਇਆ ਕਿ ਪਾਕਿਸਤਾਨ ਵਿਚ ਰਹਿਣਾ ਠੀਕ ਨਹੀਂ। ਸੋ 1949 ਵਿਚ ਉਹ ਲਾਹੌਰ ਛੱਡ ਕੇ ਦਿੱਲੀ ਪਹੁੰਚ ਗਿਆ, ਤੇ ਦੋ ਮਹੀਨੇ ਬਾਅਦ ਬੰਬਈ। ਉਥੇ ਅੰਧੇਰੀ ਇਲਾਕੇ ਵਿਚ ਕਵੀ ਗ਼ੁਲਜ਼ਾਰ ਤੇ ਉਰਦੂ ਦੇ ਲੇਖਕ ਕਿ੍ਰਸ਼ਨ ਚੰਦਰ ਉਹਦੇ ਗਵਾਂਢੀ ਸਨ। ਫਿਲਮ ਨਗਰੀ ਵਿਚ ਨਗ਼ਮਾ ਨਿਗ਼ਾਰ ਵਜੋਂ ਕਿਸਮਤ ਅਜਮਾਈ ਤੇ ਪੂਰੀ ਕਾਮਯਾਬੀ ਹਾਸਲ ਕੀਤੀ। 1970 ਵਿਚ ਉਹਨੇ ਆਪਣਾ ਬੰਗਲਾ “ਪ੍ਰਛਾਈਆਂ” ਬਣਵਾਇਆ ਤੇ ਆਪਣੀ ਮੌਤ ਤੱਕ ਉਸੇ ਘਰ ਵਿਚ ਹੀ ਰਿਹਾ।
ਲਾਹੌਰ ’ਚ ਉਹ ਕਮਿਊਨਿਸਟ ਪਾਰਟੀ ਵਿਚ ਪ੍ਰੋਗ੍ਰੈਸਿਵ ਰਾਇਟਰਜ਼ ਤਨਜ਼ੀਮ ਦਾ ਮੈਂਬਰ ਸੀ। ਬਾਲੀਵੱੁਡ ਦਾ ਇਕ ਵਕਤ ਸੀ ਜਦ ਸ਼ਾਇਰੀ ਤੇ ਸੰਜੀਦਾ ਮਾਅਨਿਆਂ ਵਾਲੇ ਗੀਤ / ਕੱਵਾਲੀਆਂ ਦੇ ਬੋਲਾਂ ਵਾਲੀਆਂ ਫਿਲਮਾਂ ਬਣਦੀਆਂ ਸਨ। ਇਹ ਫਿਲਮਾਂ ਬਹੁਤ ਕਾਮਯਾਬ ਰਹੀਆਂ ਜਿਨ੍ਹਾਂ ਵਿਚ ਮਨੋਰੰਜਨ ਵੀ ਸੀ, ਲੋਕਾਂ ਦੀ ਦਿਲਚਸਪੀ ਵੀ ਸੀ ਤੇ ਕਮਾਈ ਵੀ ਚੰਗੀ ਹੁੰਦੀ ਸੀ ਜਿਵੇਂ ਬਰਸਾਤ ਕੀ ਰਾਤ, ਗ਼ਜ਼ਲ, ਪਿਆਸਾ, ਮੇਰੇ ਮਹਿਬੂਬ, ਕਭੀ ਕਭੀ ਵਗ਼ੈਰਾ। ਇਨ੍ਹਾਂ ਫਿਲਮਾਂ ’ਚ ਹੀਰੋ ਜਾਂ ਹੀਰੋਇਨ ਜਾਂ ਦੋਵੇਂ, ਸ਼ਾਇਰ ਹੁੰਦੇ ਸਨ ਤੇ ਸ਼ਾਇਰੀ ਦੇ ਮੁਕਾਬਲੇ ਹੁੰਦੇ ਸਨ। ਇਨ੍ਹਾਂ ਦੇ ਨਗ਼ਮੇਂ ਅੱਜ ਵੀ ਜ਼ਿੰਦਾ ਹਨ ਤੇ ਲੋਗ ਇਨ੍ਹਾਂ ਦੇ ਦੀਵਾਨੇ ਹਨ। ਜਿਵੇਂ:
“ਸੁਰਖ਼ ਆਂਚਲ ਕੋ ਦਬਾਅ ਕਰ
ਜੋ ਨਿਚੋੜਾ ਉਸ ਨੇ,
ਦਿਲ ਪੇ ਜਲਤਾ ਹੂਆ
ਇਕ ਤੀਰ ਸਾ ਛੌੜਾ ਉਸਨੇ,
ਆਗ ਪਾਨੀ ਮੇਂ ਲਗਾਤੇ ਹੂਏ ਹਾਲਾਤ ਕੀ ਰਾਤ,
ਜ਼ਿੰਦਗ਼ੀ ਭਰ ਨਹੀਂ ਭੂਲੇਗੀ ਵੋ ਬਰਸਾਤ ਕੀ ਰਾਤ”
(ਫਿਲਮ ਬਰਸਾਤ ਕੀ ਰਾਤ 1960),
“ਤੁਆਰੁਫ਼ ਰੋਗ ਹੋ ਜਾਏ ਤੋ
ਉਸ ਕੋ ਭੂਲਨਾ ਬੇਹਤਰ,
ਤਆਲੁਕ ਬੋਝ ਬਨ ਜਾਏ
ਤੋ ਉਸ ਕੋ ਤੋੜਨਾ ਅੱਛਾ,
ਵੋ ਅਫ਼ਸਾਨਾ ਜਿਸੇ ਅੰਜਾਮ ਤੱਕ ਲਾਨਾ ਨਾ ਹੋ ਮੁੰਮਕਿਨ
ਉਸੇ ਇਕ ਖ਼ੂਬਸੂਰਤ ਮੋੜ
ਦੇ ਕਰ ਛੋੜਨਾ ਅੱਛਾ,
ਚਲੋ ਇਕ ਬਾਰ ਫਿਰ ਸੇ!”
(ਫਿਲਮ ਗੁਮਰਾਹ 1963)
ਐਸੀਆਂ ਫਿਲਮਾਂ ਦੇ ਨਗ਼ਮਾ-ਨਿਗ਼ਾਰ ਆਮ ਕਰਕੇ ਸਾਹਿਰ ਲੁਧਿਆਨਵੀ ਹੀ ਹੁੰਦੇ ਸਨ। ਸੋ 1940-1950 ਦੌਰਾਨ ਉਹਦੀ ਸ਼ਾਇਰੀ ਤੇ ਫਿਲਮੀ ਨਗ਼ਮਿਆਂ ਵਿਚ ਇਸੇ ਤਰ੍ਹਾਂ ਦੀ ਸੋਚ ਹਾਵੀ ਰਹੀ। ਫਿਲਮ ਲਾਇਨ ਵਿਚ ਸਭ ਤੋਂ ਪਹਿਲਾਂ 1949 ਵਿਚ ਆਜ਼ਾਦੀ ਕੀ ਰਾਹ ’ਚ ਨਗ਼ਮੇਂ ਲਿਖਣ ਦਾ ਕੰਮ ਮਿਲਿਆ ਜਿਹਦਾ ਇਕ ਨਗ਼ਮਾ ਸੀ ‘ਬਦਲ ਰਹੀ ਹੈ ਜ਼ਿੰਦਗ਼ੀ’। ਪਰ ਫਿਲਮ ਵੀ ਤੇ ਗਾਣੇ ਵੀ ਕੋਈ ਚਮਤਕਾਰ ਨਹੀਂ ਕਰ ਸਕੇ। ਬਹਰਹਾਲ 1951 ਵਿਚ ਐੱਸ ਡੀ ਬਰਮਨ ਦੀ ਮੌਸਿਕੀ ’ਚ ਫਿਲਮ ‘ਬਾਜ਼ੀ’ ਦੇ ਗਾਣਿਆਂ ਨੇ ਕਾਮਯਾਬੀ ਹਾਸਲ ਕੀਤੀ। 1957 ਵਿਚ ਦੁਬਾਰਾ ਐਸ.ਡੀ. ਬਰਮਨ ਨਾਲ ‘ਪਿਆਸਾ’ ਫਿਲਮ ਵਿਚ ਕੰਮ ਕੀਤਾ। ਫਿਲਮ ਤੇ ਇਸ ਦੇ ਨਗ਼ਮੇਂ ਹਿੱਟ ਹੋ ਗਏ।
‘ਯੇ ਮਹਿਲੋਂ ਯੇ ਤਖ਼ਤੋਂ
ਯੇ ਤਾਜੋਂ ਕੀ ਦੁਨੀਆਂ,
ਯੇ ਇਨਸਾਂ ਕੇ ਦੁਸ਼ਮਨ
ਸਮਾਜੋਂ ਕੀ ਦੁਨੀਆਂ..’,
‘ਤੰਗ ਆ ਚੁਕੇ ਹੈਂ ਕਸ਼ਮਕਸ਼ੇ ਜ਼ਿੰਦਗ਼ੀ ਸੇ ਹਮ’,
‘ਸਰ ਜੋ ਤੇਰਾ ਚਕਰਾਏ ਯਾ ਦਿਲ ਡੂਬਾ ਜਾਏ ਆਜਾ ਪਿਆਰੇ ਪਾਸ ਹਮਾਰੇ ਕਾਹੇ ਘਬਰਾਏ’। 1957 ਵਿਚ ਹੀ ਪਰਦਾਪੇਸ਼ ਹੋਈ ਫਿਲਮ ‘ਨਯਾ ਦੌਰ’ ਵਿਚ ਉਸ ਦੇ ਨਗ਼ਮੇ
“ਸਾਥੀ ਹਾਥ ਬੜ੍ਹਾਨਾ,
ਏਕ ਅਕੇਲਾ ਥਕ ਜਾਏਗਾ
ਮਿਲ ਕਰ ਬੋਝ ਉਠਾਨਾ”
ਉਸ ਫਿਲਮ ਦੇ ਥੀਮ ਵਿਚ ਬਹੁਤ ਫਿੱਟ ਵੀ ਹੋਇਆ ਤੇ ਬੜਾ ਹਿੱਟ ਹੋਇਆ। ‘ਉੜੇਂ ਜਬ ਜਬ ਜ਼ੁਲਫੇਂ ਤੇਰੀ ਕੁਵਾਰੀਓਂ ਕਾ ਦਿਲ ਮਚਲੇ’, ‘ਰੇਸ਼ਮੀ ਸਲਵਾਰ ਕੁਰਤਾ ਜਾਲੀ ਕਾ, ਰੂਪ ਸਹਾ ਨਹੀਂ ਜਾਏ ਨਖ਼ਰੇ ਵਾਲੀ ਕਾ’, ਗੀਤਾਂ ਨੇ ਤਹਿਲਕਾ ਮਚਾ ਦਿੱਤਾ। ਇਸ ਫਿਲਮ ਦੇ ਪੰਜਾਬੀ ਮੌਸੀਕਾਰ ਸਨ ਓ.ਪੀ. ਨਈਅਰ।
ਮਕਬੂਲ ਲੇਖਕ ਕੇਵਲ ਧੀਰ ਨੇ ਲੁਧਿਆਣੇ ਵਿਚ ‘ਜਸ਼ਨੇ ਸਾਹਿਰ ਸਾਲਾਨਾ ਮੁਸ਼ਾਇਰਾ’ ਸ਼ੁਰੂ ਕੀਤਾ। 1975 ਵਾਲੇ ਮੁਸ਼ਾਇਰੇ ਵਿਚ ਸਾਹਿਰ ਲੁਧਿਆਣਵੀ ਨੇ ਖ਼ੁਦ ਇਸ ਵਿਚ ਸ਼ਿਰਕਤ ਕੀਤੀ ਸੀ। ਲੇਖਕ ਉਦੋਂ ਡਾਕਟਰੀ ਦੀ ਪੜ੍ਹਾਈ 22 ਦੇ ਆਖ਼ਰੀ ਸਾਲ ਵਿਚ ਮੈਡੀਕਲ ਕਾਲਜ ਅੰਮਿ੍ਰਤਸਰ ਵਿਚ ਸੀ। ਸਾਹਿਰ ਦੇ, ਲੁਧਿਆਣੇ ਦੌਰੇ ’ਤੇ ਕਵੀ ਦਰਬਾਰ ਵਿਚ ਆਉਣ ਦੀਆਂ ਖ਼ਬਰਾਂ, ਅਖ਼ਬਾਰਾਂ ਵਿਚ ਪੜ੍ਹੀਆਂ ਸਨ। ਬਾਕੀ ਸ਼ਾਇਰਾਂ ਦੇ ਨਾਲ ਨਾਲ ਜਦ ਸਾਹਿਰ ਨੂੰ ਵੀ ਖ਼ਰਚੇ/ਮਿਹਨਤਾਨੇ ਵਜੋਂ ਇਕ ਲਿਫਾਫ਼ੇ ਵਿਚ ਕੁਝ ਰੁਪਏ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨੇ ਲਿਫਾਫ਼ਾ ਲੈਣ ਤੋਂ ਨਾਂਹ ਕਰ ਦਿੱਤੀ ਤੇ ਕਿਹਾ, “ਮੈਂ ਪ੍ਰਾਹੁਣਾ ਨਹੀਂ ਮੇਜ਼ਬਾਨ ਹਾਂ”। ਕਾਲਜ ਦੇ ਅਡੀਟੋਰੀਅਮ ਦਾ ਨਾਂ ਸਾਹਿਰ ਲੁਧਿਆਣਵੀ ਦੇ ਨਾਂ ’ਤੇ ਰੱਖਿਆ ਗਿਆ।
ਸਾਹਿਰ ਦੀ ਜ਼ਹੀਨ, ਸੰਜੀਦਾ ਤੇ ਉਮਦਾ ਸ਼ਾਇਰੀ ਦਾ ਇਕ ਨਮੂਨਾ ਫਿਲਮ ‘ਗੁਮਰਾਹ’ ਦੇ ਨਗ਼ਮੇ (ਗੁਲੂਕਾਰ ਮਹਿੰਦਰ ਕਪੂਰ, ਮੌਸਿਕੀ ਰਵੀ) ਦੀਆਂ ਕੁਝ ਸਤਰਾਂ ਤੋ ਲਗਾਇਆ ਜਾ ਸਕਦਾ ਹੈ-
‘ਚਲੋ ਏਕ ਬਾਰ ਫਿਰ ਸੇ
ਅਜਨਬੀ ਬਨ ਜਾਏਂ ਹਮ ਦੋਨੋਂ;
ਕੁੱਲ ਆਲਮ ਦੇ ਉਰਦੂ-ਹਿੰਦੀ ਸਮਝਣ ਵਾਲੇ ਲੋਕ ਇਹ ਜਾਣਦੇ ਹਨ ਕਿ ਫਿਲਮ ‘ਬਰਸਾਤ ਕੀ ਰਾਤ’ ਦੀ ਸ਼ਾਇਦ ਪਹਿਲੀ ਤੇ ਆਖ਼ਰੀ ਕੱਵਾਲੀ ਹੈ ਜਿਸ ਦੀ ਗੰਗਾ ਜਮਨੀ ਤਹਿਜ਼ੀਬ ਵਾਲੀ ਗੀਤਕਾਰੀ ਦਾ ਘੇਰਾ ਬਹੁਤ ਵਿਸ਼ਾਲ ਹੈ, ਜਿਸ ਦਾ ਨਗ਼ਮਾ ਨਿਗ਼ਾਰ ਸਾਹਿਰ ਲੁਧਿਆਣਵੀ ਹੈ। ਇਹ ਮੰਨਾ ਡੇਅ, ਆਸ਼ਾ ਭੋਸਲੇ, ਮੁਹੰਮਦ ਰਫ਼ੀ, ਸੁਧਾ ਮਲਹੋਤਰਾ, ਐੱਸ.ਡੀ. ਬਾਤਿਸ਼ ਗੁਲੂਕਾਰਾਂ ਨੇ ਗਾਈ ਹੈ ਤੇ ਮੌਸਿਕਾਰ ਹੈ ਰੌਸ਼ਨ।
ਨਾ ਤੋ ਕਾਰਵਾਂ ਕੀ ਤਲਾਸ਼ ਹੈ ਨਾ ਤੋ ਹਮਸਫ਼ਰ ਕੀ ਤਲਾਸ਼ ਹੈ, ਮੇਰੇ ਸ਼ੌਕੇ ਖ਼ਾਨਾ ਖ਼ਰਾਬ ਕੋ ਤੇਰੀ ਰਹਿਗ਼ੁਜ਼ਰ ਕੀ ਤਲਾਸ਼ ਹੈ।
ਲੁਧਿਆਣਵੀ, ਵਾਹਿਦ ਇਕ ਐਸਾ ਨਗ਼ਮਾ ਨਿਗ਼ਾਰ ਸੀ ਜਿਸਦੇ ਗਾਣੇ, ਕੱਵਾਲੀ ਵਗ਼ੈਰਾ ਦੀ ਰਿਕਾਰਡਿੰਗ ਵੇਲੇ ਕਿਸੇ ਵੀ ਪ੍ਰੋਡਿਊਸਰ ਜਾਂ ਗੁਲੂਕਾਰ ਦੀ ਮਜਾਲ ਨਹੀਂ ਸੀ ਉਸ ਦੇ ਕਲਾਮ ਦਾ ਇਕ ਵੀ ਜ਼ੇਰ, ਜ਼ਬਰ ਜਾਂ ਲਫ਼ਜ਼ ਇਧਰ ਉਧਰ ਕਰ ਸਕੇ।
ਸਾਹਿਰ ਦੇ ਮਕਬੂਲ ਨਗ਼ਮੇ
ਠੰਢੀ ਹਵਾਏਂ ਲਹਿਰਾ ਕੇ ਆਏਂ, ਜਾਏਂ ਤੋ ਜਾਏਂ ਕਹਾਂ, ਸਾਥੀ ਹਾਥ ਬੜਾ੍ਹਨਾ, ਆਨਾ ਹੈ ਤੋ ਆ, ਔਰਤ ਨੇ ਜਨਮ ਦੀਆ ਮਰਦੋਂ ਕੋ, ਜਾਨੇ ਵੋ ਕੈਸੇ ਲੋਗ ਥੇ ਜਿਨ ਕੇ, ਜਿਨਹੇਂ ਨਾਜ਼ ਹੈ ਹਿੰਦ ਪਰ ਵੋ ਕਹਾਂ ਹੈਂ, ਯੇ ਦੁਨੀਆਂ ਅਗਰ ਮਿਲ ਭੀ ਜਾਏ ਤੋ ਕਿਆ ਹੈ, ਤੂ ਹਿੰਦੂ ਬਨੇਗਾ ਨਾ ਮੁਸਿਲਮਾਨ ਬਨੇਗਾ, ਜ਼ਿੰਦਗ਼ੀ ਭਰ ਨਹੀਂ ਭੂਲੇਗੀ ਵੋ ਬਰਸਾਤ ਕੀ ਰਾਤ, ਨਾ ਤੋ ਕਾਰਵਾਂ ਕੀ ਤਲਾਸ਼ ਹੈ, ਮੈਂ ਜ਼ਿੰਦਗ਼ੀ ਕਾ ਸਾਥ ਨਿਭਾਤਾ ਚਲਾ ਗਯਾ, ਕਭੀ ਖ਼ੁਦ ਪੇ ਕਭੀ ਹਾਲਾਤ ਪੇ, ਅਭੀ ਨਾ ਜਾਓ ਛੌੜ ਕਰ, ਅੱਲਾਹ ਤੇਰੋ ਨਾਮ ਜੋ ਧਿਆਏ ਸੁਖ ਪਾਏ, ਮਨ ਰੇ ਤੂ ਕਾਹੇ ਨਾ ਧੀਰ ਧਰੇ, ਸੰਸਾਰ ਸੇ ਭਾਗੇ ਫਿਰਤੇ ਹੋ, ਈਸ਼ਵਰ ਅੱਲਾਹ ਤੇਰੇ ਨਾਮ, ਐ ਮੇਰੀ ਜ਼ੋਹਰਾਜ਼ਬੀਂ, ਅਗੇ ਭੀ ਜਾਨੇ ਨਾ ਤੂ, ਹਮ ਜਬ ਸਿਮਟ ਕੇ ਆਪ ਕੀ ਬਾਹੋਂ ਮੇਂ ਆ ਗਏ, ਤੋਰਾ ਮਨ ਦਰਪਣ ਕਹਿਲਾਏ, ਬਾਬੁਲ ਕੀ ਦੁਆਏਂ ਲੇਤੀ ਜਾ, ਚਲਾ ਭੀ ਆ, ਆ ਜਾ ਰਸੀਆ, ਨਾ ਤੂ ਜ਼ਮੀਂ ਕੇ ਲਿਏ, ਮੇਰੇ ਦਿਲ ਮੇਂ ਆਜ ਕਿਆ ਹੈ, ਮੈਂ ਪਲ ਦੋ ਪਲ ਕਾ ਸ਼ਾਇਰ ਹੂੰ ਵਗ਼ੈਰਾ ਵਗ਼ੈਰਾ।
ਕਿਤਾਬਾਂ : ਖ਼ਵਾਜਾ ਅਹਿਮਦ ਅੱਬਾਸ (ਸ਼ੈਡੋਜ਼ ਸਪੀਕ) ਪਰਛਾਈਆਂ (1958), ਗਾਤਾ ਜਾਏ ਬਨਜਾਰਾ (ਫਿਲਮੀ ਗਾਣਿਆਂ ਦਾ ਮਜਮੂਆ) (1992), ਸੁੱਚਾ ਸਿੰਘ (ਸਾੜੀ 1989), ਹਸਨ ਆਰ. (1977) ਦ ਬਿਟਰ ਹਾਰਵੈਸਟ, ਤੇ ਤਲਖ਼ੀਆਂ, ਸਾਹਿਰ ਲੁਧਿਆਨਵੀ ਕੀ ਸ਼ਾਇਰੀ, ਕਲਾਮੇ ਸਾਹਿਰ ਅੰਗ੍ਰੇਜ਼ੀ ਤਰਜਮੇ ਸਮੇਤ ਮਹਮੂਦ ਕੇ.ਟੀ. (2000)।
ਫਿਲਮ ਫੇਅਰ ਬੈਸਟ ਨਗ਼ਮਾ ਨਿਗ਼ਾਰ ਐਜਾਜ਼ : ਦੋ ਐਜਾਜ਼ ਹਾਸਲ ਕੀਤੇ। (1) ਫਿਲਮ ਤਾਜ ਮਹਿਲ (1964) ਦੇ ਨਗ਼ਮੇ ‘ਜੋ ਵਾਅਦਾ ਕੀਆ ਵੋ ਨਿਭਾਨਾ ਪੜੇਗਾ’ ਤੇ (2) ਫਿਲਮ ਕਭੀ ਕਭੀ (1976) ਦੇ ਗਾਣੇ ‘ਕਭੀ ਕਭੀ ਮੇਰੇ ਦਿਲ ਮੇਂ ਖ਼ਯਾਲ ਆਤਾ ਹੈ ਕਿ ਜੈਸੇ’!
ਸਾਹਿਰ ਲੁਧਿਆਣਵੀ ਤੇ ਅੰਮਿ੍ਰਤਾ ਪ੍ਰੀਤਮ
ਦਾ ਮੌਨ ਇਸ਼ਕ
ਉਹ ਦੋਵੇਂ ਪਹਿਲੀ ਵਾਰ 1944 ’ਚ, ਲਾਹੌਰ ਤੇ ਅੰਮਿ੍ਰਤਸਰ ਦਰਮਿਆਨ ਗੁਰਬਖ਼ਸ਼ ਸਿੰਘ ਦੁਆਰਾ ਵਸਾਏ ਹੋਏ ਪਿੰਡ ਪ੍ਰੀਤ ਨਗਰ ’ਚ ਇਕ ਮੁਸ਼ਾਹਿਰੇ ਵਿਚ ਮਿਲੇ ਤੇ ਅੱਖਾਂ ਚਾਰ ਹੋ ਗਈਆਂ। ਅੰਮਿ੍ਰਤਾ ਦਿੱਲੀ ਤੋਂ, ਤੇ ਸਾਹਿਰ ਲਾਹੌਰ ਤੋਂ ਪੁੱਜਾ ਸੀ। ਉਸ ਵੇਲੇ ਅੰਮਿ੍ਰਤਾ ਦੀ ਪ੍ਰੀਤਮ ਸਿੰਘ ਨਾਲ ਸ਼ਾਦੀ ਹੋ ਚੱੁਕੀ ਸੀ। ਅੰਮਿ੍ਰਤਾ ਇਸ ਵਿਆਹ ਤੋਂ ਖੁਸ਼ ਨਹੀਂ ਸੀ। ਸਾਹਿਰ ਅੰਮਿ੍ਰਤਾ ਦਰਮਿਆਨ (ਲਾਹੌਰ ਤੇ ਦਿੱਲੀ) ਮੁਹੱਬਤਾਂ ਦੀ ਖ਼ਤੋ ਖ਼ਤਾਬਤ ਚਲਦੀ ਰਹੀ ਰਹੀ। ਮੁਲਕ ਵੰਡਿਆ ਗਿਆ
ਤੇ ਅੰਮਿ੍ਰਤਾ ਆਪਣੇ ਪ੍ਰੀਤਮ ਨਾਲ ਦਿੱਲੀ ਪੁੱਜ ਗਈ। ਸਾਹਿਰ ਪ੍ਰੇਮ ਪੱਤਰ ਲਿਖਦਾ ਰਿਹਾ ਪਰ ਉਹ ਫਾਸਲੇ ਖ਼ਤਮ ਨਾ ਕਰ ਸੱਕਿਆ, ਇਸ ਨੂੰ ਜ਼ਾਹਿਰ ਵੀ ਨਾ ਕਰ ਸਕਿਆ। ਪਰ ਅੰਮਿ੍ਰਤਾ ਅਪਣੀਆਂ ਲਿਖਤਾਂ ਵਿਚ ਉਸ ਨੂੰ ਮੇਰਾ ਸ਼ਾਇਰ, ਮੇਰਾ ਮਹਿਬੂਬ, ਮੇਰਾ ਖ਼ੁਦਾ ਮੇਰਾ ਦੇਵਤਾ ਕਹਿੰਦੀ ਹੈ।
ਆਪਣੀ ਬਾਇਓਗ੍ਰਾਫੀ “ਰਸੀਦੀ ਟਿਕਟ” ਵਿਚ ਅੰਮਿ੍ਰਤਾ ਨੇ ਸਾਰੇ ਰਾਜ਼ ਖੋਲ੍ਹ ਦਿੱਤੇ। ‘ਜਦ ਕਦੀ ਅਸੀਂ ਮਿਲਦੇ, ਇਕੱਠੇ ਬੈਠਦੇ ਸਾਂ ਤਦ ਵੀ ਵਧੇਰੇ ਸਮਾਂ ਸੱਨਾਟਾ ਹੀ ਰਹਿੰਦਾ। ਗੱਲਬਾਤ ਘੱਟ ਹੀ ਹੁੰਦੀ ਸੀ। ਉਹ ਲਗਾਤਾਰ ਸਿਗਰਿਟ ਪੀਂਦਾ ਰਹਿੰਦਾ ਤੇ ਉਹਦੇ ਜਾਣ ਤੋਂ ਬਾਅਦ ਉਹਦੇ ਬੁੱਲ੍ਹਾਂ ਦੇ ਛਾਪੇ ਵਾਲੇ ਸਿਗਰਿਟਾਂ ਦੇ ਟੋਟੇ ’ਕੱਠੇ ਕਰ ਕੇ ਮੈਂ ਆਪਣੇ ਬੁੱਲ੍ਹਾਂ ਵਿਚ ਰੱਖ ਕੇ, ਬੁੱਲ੍ਹ ਮੀਚ ਲੈਂਦੀ’। ਇਹ ਮੁਹੱਬਤ ਅੰਮਿ੍ਰਤਾ ਦੀ ਸ਼ਾਇਰੀ ਵਿਚ ਵੀ ਉੱਘੜ ਕੇ ਸਾਹਮਣੇ ਆਉਂਦੀ ਹੈ। ਕੁਝ ਸਮਾਂ ਪਹਿਲਾਂ ਸਾਹਿਰ-ਅੰਮਿ੍ਰਤਾ ਦੀ ਮੁਹੱਬਤ ਨੂੰ ਉਜਾਗਰ ਕਰਨ ਵਾਸਤੇ ਇਕ ਫਿਲਮ ’ਤੇ ਕੰਮ ਸ਼ੁਰੂ ਕੀਤਾ ਗਿਆ ਸੀ ਜੋ ਅਧੂਰਾ ਹੀ ਪਿਆ ਹੈ। ਸਾਹਿਰ ਬਾਰੇ ਆਪਣੀ ਕਿਤਾਬ ਵਿਚ ਅਕਸ਼ੈ ਮਨਵਾਣੀ ਨੇ ਲਿਖਿਆ ਹੈ, “ਅੰਮਿ੍ਰਤਾ ਹੀ ਇਕ ਔਰਤ ਸੀ ਜੋ ਸਾਹਿਰ ਨੂੰ ਆਪਣਾ ‘ਸਿੰਗਲ ਸਟੇਟਸ’ ਛੱਡਣ ਵਾਸਤੇ ਮਨਾ ਸਕਦੀ ਸੀ, ਇਕ ਵਾਰ ਸਾਹਿਰ ਨੇ ਖ਼ੁਦ ਆਪਣੀ ਮਾਂ ਨੂੰ ਕਿਹਾ ਸੀ, ਉਹ ਅੰਮਿ੍ਰਤਾ ਸੀ ਨਾ, ਜੋ ਤੇਰੀ ਨੂੰਹ ਬਣ ਸਕਦੀ ਸੀ।ਕਲ ਔਰ ਆਏਂਗੇ ਨਗ਼ਮੋਂ ਕੀ ਖਿਲਤੀ ਕਲੀਆਂ ਚੁਨਣੇ ਵਾਲੇ, ਮੁਝ ਸੇ ਬੇਹਤਰ ਕਹਿਨੇ ਵਾਲੇ ਤੁਮ ਸੇ ਬੇਹਤਰ ਸੁਨਣੇ ਵਾਲੇ। ਕਲ ਕੋਈ ਮੁਝ ਕੋ ਯਾਦ ਕਰੇ ਕਿਉਂ ਕੋਈ ਮੁਝ ਕੋ ਯਾਦ ਕਰੇ, ਮਸ਼ਰੂਫ਼ ਜ਼ਮਾਨਾ ਮੇਰੇ ਲੀਏ ਕਿਓਂ ਵਕਤ ਆਪਣਾ ਬਰਬਾਦ ਕਰੇ, ਮੈਂ ਪਲ ਦੋ ਪਲ ਕਾ ਸ਼ਾਇਰ ਹੂੰ ਪਲ ਦੋ ਪਲ ਮੇਰੀ ਕਹਾਨੀ ਹੈ, ਪਲ ਦੋ ਪਲ ਮੇਰੀ ਹਸਤੀ ਹੈ ਪਲ ਦੋ ਪਲ ਮੇਰੀ ਜਵਾਨੀ ਹੈ। ਜੱਦੋ ਜਹਿਦ, ਤਲਖ਼ੀਆਂ ਤੇ ਸੰਨਾਟੇ ਨਾਲ ਭਰਿਆ, ਛੇ ਫੁੱਟ ਲੰਮਾ ਇਹ ਜ਼ਹੀਨ ਸ਼ਾਇਰ ਸਿਰਫ਼ 59 ਸਾਲਾ ਦੀ ਉਮਰ ਭੋਗ ਕੇ 25 ਅਕਤੂਬਰ 1980 ਨੂੰ ਦਿਲ ਦਾ ਦੌਰਾ ਪੈਣ ਕਰਕੇ ਅਚਾਨਕ ਵਿਚ ਮੁੰਬਈ ‘ਚ ਇਸ ਫਾਨੀ ਜਹਾਨ ਤੋਂ ਕੂਚ ਕਰ ਗਿਆ।
ਕਿਵੇਂ ਰੱਖਿਆ ਸਾਹਿਰ ਨਾਂ
ਲਾਹੌਰ ਵਿਚ ਉਹ ਕਮਿਊਨਿਸਟ ਪਾਰਟੀ ਪ੍ਰੋਗ੍ਰੈਸਿਵ ਰਾਇਟਰਜ਼ ਤਨਜ਼ੀਮ ਦਾ ਮੈਂਬਰ ਸੀ। ਅਬਦੁਲ (ਸਾਹਿਰ) ਨੂੰ ਸ਼ਇਰੀ ਲਿਖਣ ਤੇ ਪੜ੍ਹਨ ਦਾ ਸ਼ੌਕ ਸ਼ੁਰੂ ਤੋਂ ਹੀ ਸੀ। ਉਸਨੇ ਮੌਲਾਨਾ ਫੈਜ਼ ਹਰਿਆਣਵੀ ਦੇ ਮਾਤਾਹਿਤ ਉਰਦੂ ਤੇ ਫ਼ਾਰਸੀ ਜ਼ੁਬਾਨਾਂ ’ਚ ਮੁਹਾਰਤ ਹਾਸਲ ਕੀਤੀ। ਅੱਲਾਮਾ ਇਕਬਾਲ ਦੇ ਇਕ ਸ਼ੇਅਰ,
“ਇਸ ਚਮਨ ਮੇਂ ਹੋਂਗੇ ਪੈਦਾ ਬੁਲਬੁਲੇ ਸ਼ੈਰਾਜ਼ ਭੀ,
ਸੈਂਕੜੋਂ ਸਾਹਿਰ ਭੀ ਹੋਂਗੇ ਸਾਹਿਬੇ ਐਜਾਜ਼ ਭੀ”,
ਵਿਚੋਂ ‘ਸਾਹਿਰ’ ਲਫ਼ਜ਼ ਉਹਦੇ ਧਿਆਨ ਗੋਚਰ ਆਇਆ ਜਿਸ ਦੇ ਮਾਅਨੇ ਹਨ ‘ਰੌਸ਼ਨ ਦਿਮਾਗ਼/ਜਾਦੂਗਰ’। ਸੋ ਅਬਦੁਲ ਨੇ ਆਪਣਾ ਕਲਮੀ ਨਾਮ ਸਾਹਿਰ ਲੁਧਿਆਣਵੀ ਰੱਖ ਲਿਆ। ਉਹਨੇ ਉਰਦੂ ਤੇ ਹਿੰਦੀ ਵਿਚ ਸ਼ਾਇਰੀ ਕੀਤੀ ਤੇ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਫਿਲਮਾਂ ਵਾਸਤੇ ਨਗ਼ਮੇਂ ਲਿਖੇ।1947 ਦੇ ਮੁਲਕ ਦੇ ਵੰਡ ਤੇ ਪਾਕਿਸਤਾਨ ਬਣਨ ਵੇਲੇ ਉਹ ਲਾਹੌਰ ਵਿਚ ਹੀ ਸੀ। ਨਵੇਂ ਪਾਕਿਸਤਾਨ ਵਿਚ ਹਕੂਮਤ ਦੀਆਂ ਵਧੀਕੀਆਂ ਦੇ ਖ਼ਿਲਾਫ਼, ਲੁਧਿਆਣਵੀ ਨੇ ‘ਆਵਾਜ਼-ਏ-ਆਦਮ’ ਅਨੁਵਾਨ ਨਾਲ ਇਕ ਬੇਹੱਦ ਇਨਕਲਾਬੀ ਤੇ ਜੋਸ਼ੀਲੀ ਨਜ਼ਮ ਲਿਖੀ।
– ਡਾ. ਮਨਜੀਤ ਸਿੰਘ ਬੱਲ



