ਸਰੀ, ਬੀ.ਸੀ.- ਸਰੀ ਸ਼ਹਿਰ ਹਰ ਉਮਰ ਦੇ ਵਸਨੀਕਾਂ ਨੂੰ ਮੀਂਹ ਦੇ ਪਾਣੀ ਦੇ ਨਿਕਾਸ ਲਈ ਬਣੇ ਡਰੇਨਾਂ ਤੇ ਨਿਸ਼ਾਨਦੇਹੀ ਚੁਣੌਤੀ (Storm Drain Marking Challenge) ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੰਦਾ ਹੈ । ਇਹ ਮਸਤੀ ਭਰਪੂਰ ਪਰਿਵਾਰ-ਅਨੁਕੂਲ ਉਪਰਾਲਾ ਹੁਣ ਤੋਂ 15 ਅਗਸਤ ਤੱਕ ਚੱਲੇਗਾ । ਸ਼ਹਿਰ ਭਰ ਵਿੱਚ ਮੀਂਹ ਦੇ ਪਾਣੀ ਲਈ ਬਣੇ ਡਰੇਨਾਂ ਨੇੜੇ ਪੀਲੀਆਂ ਮੱਛੀਆਂ ਪੇਂਟ ਕਰ ਕੇ, ਇਹ ਪ੍ਰੋਗਰਾਮ ਰਾਹੀਂ ਸਟੌਰਮ ਡਰੇਨਾਂ ਅਤੇ ਸਰੀ ਵਿੱਚ ਮੱਛੀਆਂ ਵਾਲੀਆਂ ਨਦੀਆਂ ਦਰਮਿਆਨ ਅਹਿਮ ਸਬੰਧਾਂ ਬਾਰੇ ਜਾਗਰੂਕਤਾ ਪੈਦਾ ਕਰਦਾ ਹੈ। ਅਣਸੋਧਿਆ ਪਾਣੀ ਇਨ੍ਹਾਂ ਡਰੇਨਾਂ ਰਾਹੀਂ ਹੁੰਦਾ ਹੋਇਆ ਸਿੱਧਾ ਸਥਾਨਕ ਨਾਲਿਆਂ ਅਤੇ ਜਲ-ਮਾਰਗਾਂ ਵਿੱਚ ਵਹਿੰਦਾ ਹੈ, ਇਸ ਕਰ ਕੇ ਜਲ-ਜੀਵਨ ਦੀ ਰੱਖਿਆ ਲਈ ਤੇਲ, ਪੇਂਟ ਜਾਂ ਸਾਬਣ ਵਰਗੇ ਪ੍ਰਦੂਸ਼ਕਾਂ ਨੂੰ ਇਨ੍ਹਾਂ ਡਰੇਨਾਂ ਤੋਂ ਦੂਰ ਰੱਖਣਾ ਅਤਿਅੰਤ ਜ਼ਰੂਰੀ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਸਟੌਰਮ ਡਰੇਨ ਮਾਰਕਿੰਗ ਚੈਲੇਂਜ ਬਹੁਤ ਸਧਾਰਨ ਪਰ ਸ਼ਕਤੀਸ਼ਾਲੀ ਤਰੀਕਾ ਹੈ, ਜਿਸ ਨਾਲ ਸਰੀ ਦੇ ਵਸਨੀਕ ਸਾਡੀਆਂ ਮੱਛੀਆਂ ਅਤੇ ਵਾਤਾਵਰਣ ਦੀ ਰੱਖਿਆ ਵਿੱਚ ਹਿੱਸਾ ਲੈ ਸਕਦੇ ਹਨ। ਪੀਲੀਆਂ ਮੱਛੀਆਂ ਦੇ ਨਿਸ਼ਾਨ ਮਹੱਤਵਪੂਰਨ ਗੱਲ ਚੇਤੇ ਕਰਾਉਂਦੇ ਹਨ ਕਿ ਸਿਰਫ਼ ਮੀਂਹ ਦੇ ਪਾਣੀ ਹੀ ਇਨ੍ਹਾਂ ਡਰੇਨਾਂ ਰਾਹੀਂ ਜਾਣਾ ਚਾਹੀਦਾ ਹੈ। ਆਉਣ ਵਾਲੀਆਂ ਪੀੜ੍ਹੀਆਂ ਲਈ ਮੱਛੀਆਂ ਪੈਦਾ ਕਰਨ ਵਾਲੇ ਸਾਡੇ ਜਲ-ਮਾਰਗਾਂ ਨੂੰ, ਹਰ ਕੋਈ ਸਿਰਫ਼ ਇੱਕ ਬੁਰਸ਼ ਦੀ ਛੋਹ ਨਾਲ ਖ਼ੁਸ਼ਗਵਾਰ ਅਤੇ ਨਰੋਆ ਰੱਖਣ ਵਿੱਚ ਮਦਦਗਾਰ ਹੋ ਸਕਦਾ ਹੈ।”
ਵਸਨੀਕ ਇਸ ਗਤੀਵਿਧੀ ਵਿੱਚ ਹਿੱਸਾ ਲੈਣ ਲਈ ਕਿਸੇ ਵੀ ਰੀਕਰੀਏਸ਼ਨ ਸੈਂਟਰ -ਕਲੇਟਨ, ਫਲੀਟਵੁੱਡ, ਫ਼ਰੇਜ਼ਰ ਹਾਈਟਸ, ਨਿਊਟਨ ਜਾਂ ਸਾਊਥ ਸਰੀ ਤੋਂ ਕਿੱਟਾਂ ਲੈ ਸਕਦੇ ਹਨ। ਇਹਨਾਂ ਕਿੱਟਾਂ ਵਿੱਚ ਪੀਲੀ ਮੱਛੀ ਦੇ ਪ੍ਰਤੀਕ ਨੂੰ ਪੇਂਟ ਕਰਨ ਅਤੇ ਸਥਾਨਕ ਨਾਲਿਆਂ ‘ਤੇ ਸਟੌਰਮ ਡਰੇਨਾਂ ਦੇ ਪ੍ਰਭਾਵ ਬਾਰੇ ਸੁਨੇਹਾ ਫੈਲਾਉਣ ਵਿੱਚ ਮਦਦ ਕਰਨ ਲਈ ਲੋੜੀਂਦੀ ਹਰ ਚੀਜ਼ ਸ਼ਾਮਿਲ ਹੋਵੇਗੀ।
ਸਟੌਰਮ ਡਰੇਨ ਚੈਲੇਂਜ, ਸਰੀ ਸ਼ਹਿਰ ਦੇ ਸਾਲਮੈਨ ਟਰੈਕਸ ਸਟੌਰਮ ਡਰੇਨ ਮਾਰਕਿੰਗ ਪਰੋਗਰਾਮ (City of Surrey’s Salmon Tracks Storm Drain Marking Program) ਦਾ ਹਿੱਸਾ ਹੈ, ਜਿਸ ਨੂੰ ਕੈਨੇਡਾ ਦੇ ਫ਼ਿਸ਼ਰੀਜ਼ ਐਂਡ ਓਸ਼ੀਅਨਜ਼ ਵਿਭਾਗ (Fisheries and Oceans Canada) ਦੀ ਸਾਂਝੇਦਾਰੀ ਨਾਲ ਵਿਕਸਿਤ ਕੀਤਾ ਗਿਆ ਹੈ।
ਵਧੇਰੇ ਜਾਣਕਾਰੀ ਲਈ ਜਾਂ ਪ੍ਰੋਗਰਾਮ ਦਾ ਹਿੱਸਾ ਬਣਨ ਲਈ surrey.ca/stormdrainchallenge ‘ਤੇ ਜਾਓ
