ਇੰਝ ਕਦੇ ਹੋਇਆ ਕਿ ਬੀਜੋਂ ਤੁਸੀਂ ਕਿਕਰ ਤੇ ਉਗਣ ਦਾਖਾਂ, ਬਿਜਉਰੀਆਂ? ਧਰਤੀ ਦਾ ਧਰਮ ਹੈ ਉਹ ਕਦੇ ਇਉਂ ਨਹੀ ਕਰਦੀ ਕਿ ਬੀਜ ਮੈਂ ਬਦੀ ਦਾ ਪਾਇਆ ਪਰ ਬੂਟਾ ਚੰਗਾਈ ਦਾ ਉਗ ਖੜਾ ਹੋਇਆ! ਮੈਨੂੰ ਜੀਵਨ ਵਿਚ ਉਹੀ ਵੱਢਣਾ ਹੈ ਜੋ ਮੈਂ ਬੀਜਿਆ ਹੈ। ਝੂਠ, ਠੱਗੀ, ਡਰੱਗ, ਨਸ਼ੇ ਯਾਣੀ ਮੈਂ ਕੰਡੇ ਬੀਜੇ ਤਾਂ ਦਾਖਾਂ ਕਿਵੇਂ ਉ੍ਨਗ ਆਉਂਣਗੀਆਂ।
ਕੁਦਰਤ ਦਾ ਇੱਕ ਹੋਰ ਅਸੂਲ ਹੈ ਕਿ ਮੈਂ ਦਾਣਾ ਇੱਕ ਬੀਜਾਂ ਤਾਂ ਉਹ ਕਈ ਗੁਣਾ ਬਣਾ ਕੇ ਦਿੰਦੀ ਹੈ ਮੈਨੂੰ! ਬਦੀ ਮੈਂ ਇੱਕ ਬੀਜਾਂ ਤਾਂ ਅਗੇ ਕਈ ਬਦੀਆਂ ਉਗਣਗੀਆਂ। ਜੇ ਮੇਰੇ ਕੋਲੋਂ ਵੱਢਣੀਆਂ ਰਹਿ ਗਈਆਂ ਉਹ ਮੇਰੀ ਅਗਲੀ ਨਸਲ ਨੂੰ ਵੱਢਣੀਆਂ ਪੈਣੀਆਂ ਹਨ ਯਾਣੀ ਮੇਰੇ ਅਗਲੇ ਜਨਮ ਵਿਚ!
ਮੇਰਾ ਇੱਕ ਦੂਰੋਂ ਰਿਸ਼ਤੇਦਾਰ ਹੈ। ਪੰਜਾਬ ਦੀ ਗੱਲ ਹੈ। ਅਸੀਂ ਉਨ੍ਹਾਂ ਦੇ ਮਿਲਣ ਗਏ। ਥੋੜੇ ਚਿਰ ਬਾਅਦ ਉਸ ਦੇ ਮੁੰਡੇ ਦਾ ਵਿਆਹ ਸੀ। ਉਹ ਕਹਿਣ ਲੱਗਾ ਕਿ ਵਿਆਹ ਤਾਈਂ ਰੁੱਕੋ। ਚਲੋ ਰੁਕਣਾ ਤਾਂ ਕੀ ਸੀ ਪਰ ਉਹ ਵਿਆਹ ਵਿਚ ਪੂਰੇ ਕਰਨ ਵਾਲੇ ਸੁਪਨੇ ਦੱਸਣ ਲੱਗਾ ਕਹਿੰਦਾ ਕਿ ਮੁੰਡਾ ਮੇਰਾ ਕਹਿੰਦਾ ਭਾਪਾ ਆਪਾਂ ਦੁਨੀਆਂ ਸ਼ਰਾਬ ‘ਚ ਨਵਾਉਂਣੀ ਹੈ ਯਾਣੀ ਡੋਬਣੀ! ਡਰੰਮ ਪਾਏ ਵਿਏ ਆ ਅਸੀਂ ਘਰ ਦੇ। ਸੱਚੀਂ ਟੂਟੀਆਂ ਲਵਾਈਆਂ ਕਿ ਲੋਕਾਂ ਨੂੰ ਹੇਠਾਂ ਕਰ ਕਰ ਗੋਤੇ ਦੇਣੇ!!
ਦਿੱਤੇ ਹੋਣਗੇ ਉਨ੍ਹਾਂ ਗੋਤੇ ਪਰ ਲੋਕਾਂ ਨੂੰ ਗੋਤੇ ਦਿੰਦੇ ਦਿੰਦੇ ਖੁਦ ਦਾ ਮੁੰਡਾ ਗੋਤਾ ਖਾ ਗਿਆ। ਡਰੱਗ ਦੀ ਲਤ ਲੱਗੀ ਕੁਝ ਕੁ ਸਾਲਾਂ ਵਿਚ ਵਿਆਹਿਆ ਮੁੰਡਾ ਘਰਵਾਲੀ ਤੇ ਛੋਟੀ ਕੁੜੀ ਛੱਡਕੇ ਹਮੇਸ਼ਾਂ ਲਈ ਡੁੱਬ ਗਿਆ!!
ਮੈਂ ਉਹ ਕਿਉਂ ਬੀਜਾਂ ਜਿਸ ਨੂੰ ਵੱਢ ਸਕਣ ਦੀ ਮੇਰੀ ਸਮਰਥਾ ਨਹੀ। ਡਰੱਗਾਂ ਬੀਜਣ ਵਾਲੇ ਦੱਸਣ ਕਿ ਉਨ੍ਹਾਂ ਦੀ ਕੀ ਸਮਰਥਾ ਹੈ ਕਿ ਉਨ੍ਹਾਂ ਦੇ ਨਿਆਣੇ ਡਰੱਗ ਦੀ ਖੇਤੀ ਵੱਢ ਸਕਣ?
ਜਿਹੜਾ ਕਚਰਾ ਮੈਂ ਖੁਦ ਦੀਆਂ ਦਹਿਲੀਜਾਂ ਅੱਗੇ ਬਰਦਾਸ਼ਤ ਨਹੀ ਕਰ ਸਕਦਾ ਉਹ ਗੋਹਾ ਮੈਂ ਲੋਕਾਂ ਦੇ ਦਰਵਾਜਿਆਂ ਅਗੇ ਕਿਉਂ ਸੁੱਟਾਂ? ਅਪਣਾ ਘਰ ਤਾਂ ਮੈਂ ਸਾਫ ਚਾਹੁੰਦਾ ਪਰ ਦੂਜਿਆਂ ਮੂਹਰੇ ਗੰਦ ਪਾ ਕੇ? ਜਦ ਤੁਸੀਂ ਦੂਜਿਆਂ ਅਗੇ ਗੋਹਾ ਖਲਾਰੋਂਗੇ ਪੈਰਾਂ ਤਾਂ ਤੁਹਾਡਿਆਂ ਨੂੰ ਵੀ ਲੱਗੇਗਾ ਨਾ! ਲੰਘਣਾ ਕਿਧਰ ਦੀ ਤੁਸੀਂ? ਤੁਸੀਂ ਬੱਚ ਜਾਉਂਗੇ ਤਾਂ ਨਿਆਣੇ ਤੁਹਾਡੇ ਪੈਰ ਲਬੇੜ ਲਿਆਉਣਗੇ! ਨਹੀ?
ਮੈਂ ਉਸ ਬੀਜ ਦੇ ਫਲ ਤੋਂ ਬੱਚ ਸਕਦਾ ਹੀ ਨਹੀ ਜੋ ਮੈਂ ਬੀਜ ਚੁੱਕਾ ਹੋਇਆਂ? ਤੁਸੀਂ ਡਰੱਗੀਆਂ ਦੇ ਨਿਆਣੇ ਕਦੇ ਸੰਤ ਬਣੇ ਦੇਖੇ? ਕਿਵੇਂ ਹੋ ਸਕਦਾ ਇਉਂ ਕਿ ਪਿਉ ਨੇ ਡਰੱਗ ਖਲਾਰੀ ਤੇ ਪੁੱਤ ਉਸ ਤੋਂ ਬੱਚ ਕੇ ਲੰਘ ਗਿਆ? ਯਾਦ ਰਹੇ ਕਿ ਬੀਜ ਲੇਟ ਉ੍ਨਗ ਸਕਦਾ ਪਰ ਉਗੇਗਾ ਜਰੂਰ। ਹੋ ਸਕਦਾ ਨਿਆਣੇ ਲੰਘ ਜਾਣ ਪੈਰ ਬਚਾ ਕੇ ਉਸ ਤੋਂ ਅਗਲੀ ਪੀਹੜੀ ਅਗੇ ਉ੍ਨਗ ਆਵੇ ਤੁਹਾਡੀ ਕੰਡਿਆਂ ਦੀ ਖੇਤੀ?
ਮੂਰਖ ਜਟ ਬੀਜੀ ਕਿਕਰਾਂ ਜਾਂਦਾ ਤੇ ਮੁੜ ਗੁਰੁਦਆਰਿਆਂ ਵਿਚ ਜਾ ਕੇ ਭਾਈਆਂ ਰਾਹੀਂ ਦਾਖਾਂ ਲੋੜਦਾ ਹੈ। 100-50 ਵਾਲੀ ਕਰਾਈ ਤੇਰੀ ਅਰਦਾਸ ਕੰਡਿਆਂ ਨੂੰ ਫੱੁਲ ਕਿਵੇਂ ਕਰ ਦਏਗੀ। ਤੇਰੇ ਲਵਾਏ ਲੰਗਰ ਖੋ ਚੁੱਕੇ ਪੱੁਤਾਂ ਦੀਆਂ ਮਾਵਾਂ ਦੀਆਂ ਆਹਾਂ ਦੀ ਭਰਪਾਈ ਕਿਵੇਂ ਕਰ ਦੇਣਗੇ? ਤੇਰੇ 100-50 ਦੀ ਰੱਬ ਨੂੰ ਦਿੱਤੀ ਰਿਸ਼ਵਤ ਪਿੱਛੇ ਕੁਦਰਤ ਅਪਣਾ ਕਨੂੰਨ ਕਿਵੇਂ ਬਦਲ ਲਏਗੀ। ਕਮਲਿਆ ਦਾਖਾਂ ਜਦ ਤੂੰ ਬੀਜੀਆਂ ਹੀ ਨਹੀ ਲੱਭ ਕਿਵੇ ਪੈਣਗੀਆਂ!
ਕਹਿੰਦੇ ਅਮਰੀਕਾ ਦੇ ਬਾਰਡਰ ਦੀਆਂ ਜਿਹਲਾਂ ਵਿਚ ਸਾਡੀਆਂ ਕਾਫੀ ਰੌਣਕਾਂ ਹਨ। ਲੋਕਾਂ ਤਾਂ ਚੁਟਕਲਾ ਬਣਾ ਲਿਆ ਕਿ ਉਥੇ ਹੁਣ ਇਨੀ ਕੁ ਗਿਣਤੀ ਹੈ ਸਾਡੀ ਕਿ ਗੁਰਦੁਆਰਾ ਖੁਲ੍ਹ ਸਕਦਾ?? ਉਹ ਕਿਕਰਾਂ ਕਿੰਨ ਬੀਜੀਆਂ? ਉਹ ਕੌਣ ਨੇ, ਕਿਥੋਂ ਗਏ? ਸਾਡੇ ਵਿਚੋਂ ਹੀ ਨਾ! ਸਾਡੇ ਹੀ ਘਰਾਂ ਵਿਚ ਪਲ ਕੇ ! ਸਾਡੇ ਹੀ ਸਮਾਜ ਵਿਚੋਂ! ਸਾਡੇ ਹੀ ਅਪਣੇ ਨਿਆਣੇ ਹੋਣਗੇ! ਉਹ ਕਿੱਕਰਾਂ ਲੈ ਕੇ ਤਾਂ ਨਹੀ ਸਨ ਨਾ ਜੰਮੇ। ਇਹ ਬੀਜ ਕਿਸੇ ਤਾਂ ਦਿੱਤੇ ਬੀਜਣ ਲਈ! ਜਮੀਨ ਕਿਤੇ ਤਾਂ ਤਿਆਰ ਹੋਈ!
ਦੂਰੋਂ ਮੇਰੇ ਜਾਣੂਆਂ ਵਿਚੋਂ ਨੇ। ਉਨੀ ਜਦ ਪੰਜਾਬ ਜਾਣਾ ਘਰਵਾਲੀ ਇੰਝ ਖੱਟੀ ਹੋਈ ਹੁੰਦੀ ਸੀ ਗਹਿਣਿਆਂ ਨਾਲ ਜਿਵੇਂ ਨਵੀ ਡੋਲੀ ਉ੍ਨਤਰੀ ਹੋਵੇ। ਪਿੰਡ ਵਾਲਿਆਂ ਹਉਕੇ ਜੇ ਲੈਣੇ ਕਿ ਇਹ ਕਨੇਡਾ ਬੈਠੇ ਪਤਾ ਨਹੀ ਕੀ ਦਾਖਾਂ ਬੀਜਦੇ ਕਿ ਇਨੇ ਅਮੀਰ? ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਕਿਕਰਾਂ ਦਾ ਵਪਾਰ ਕਰਦੇ ਨੇ। ਤੇ ਜੇ ਹੁਣ ਮੈਂ ਉਨ੍ਹਾਂ ਦੀ ਤੁਹਾਨੂੰ ਹਾਲਤ ਦੱਸਾਂ? ਮੁੰਡਾ ਖੁਦ ਖੰਭੇ ਵਾਂਗ ਝੂਲ਼ਦਾ ਫਿਰਦਾ ਤੇ ਕੁੜੀ ਨਿਆਣੇ ਲੈ ਕੇ ਪੇਕਿਆਂ ਦੀ ਬੇਸਮਿੰਟ ਵਿਚ ਸਿਰ ਲੁਕਾਈ ਕਰ ਰਹੀ ਹੈ! ਉਸ ਦੀ ਕੰਡਿਆਂ ਦੀ ਖੇਤੀ ਛੇਤੀ ਉ੍ਨਗ ਆਈ ਪਰ ਜਿਹੜੇ ਥੋੜੀ ਸ਼ੈਤਾਨੀ ਨਾਲ ਬੀਜਦੇ ਨੇ ਉਨ੍ਹਾਂ ਦੀ ਅਗਲੀ ਨਸਲ ਵੇਲੇ ਉ੍ਨਗ ਆਉਂਦੀ ਪਰ ਯਾਦ ਰੱਖਣਾ ਜਿਹੜਾ ਬੀਜ ਮੈਂ ਧਰਤੀ ਵਿਚ ਗੱਡ ਚੁੱਕਾਂ ਉਹ ਉਗਣਾ ਬਰ-ਜਰੂਰ ਹੈ ਰੱਬ ਦੇ ਘਰ ਦੇਰ ਹੈ ਹਨੇਰ ਨਹੀ!
ਬਾਬਾ ਜੀ ਅਪਣੇ ਕਹਿੰਦੇ ਭਾਈ ਬੱਚਕੇ! ਉਹ ਬੀਜ ਨਾ ਬੀਜੀ ਜੋ ਤੂੰ ਵੱਢਣਾ ਨਹੀ ਚਾਹੁੰਦਾ, ਜਿਸ ਨੂੰ ਵੱਢਣ ਲਈ ਤੂੰ ਤਿਆਰ ਨਹੀ ਜਾਂ ਜਿਸ ਨੂੰ ਵੱਢ ਸਕਣ ਦੀ ਤੇਰੀ ਸਮਰਥਾ ਨਹੀ ਕਿਉਂਕਿ ਕਿੱਕਰਾਂ ਬੀਜ ਕੇ ਦਾਖ-ਬਜਾਉਂਰੀਆਂ ਕੱਦੇ ਨਹੀ ਉ੍ਨਗੀਆਂ! ਕਿ ਉ੍ਨਗੀਆਂ?
ਗੁਰਦੇਵ ਸਿੰਘ ਸੱਧੇਵਾਲੀਆ