ਦੀਪਕ ਬਹਿਲ, ਅੰਬਾਲਾ : ਅਯੁੱਧਿਆ ’ਚ ਸ਼੍ਰੀ ਰਾਮ ਮੰਦਰ ਦੇ ਦਰਸ਼ਨਾਂ ਲਈ ਉੱਤਰ ਰੇਲਵੇ 17 ਰੇਲਾਂ ਚਲਾਵੇਗਾ। ਅੰਬਾਲਾ, ਫ਼ਿਰੋਜ਼ਪੁਰ, ਦਿੱਲੀ, ਲਖਨਊ ਤੇ ਮੁਰਾਦਾਬਾਦ ਡਵੀਜ਼ਨਾਂ ਤੋਂ ਚੱਲਣ ਵਾਲੀਆਂ ਰੇਲਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਨ੍ਹਾਂ ’ਚੋਂ ਕੁਝ ਰੇਲਾਂ ਅਜਿਹੀਆਂ ਹਨ, ਜਿਨ੍ਹਾਂ ਰਾਹੀਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੇ ਸ਼੍ਰੀ ਰਾਮ ਦੇ ਇਕ ਹੀ ਰੇਲ ਦੀ ਯਾਤਰਾ ਕਰਨ ਨਾਲ ਦਰਸ਼ਨ ਹੋ ਸਕਣਗੇ। ਇਨ੍ਹਾਂ ਰੇਲਾਂ ਨੂੰ ਸਪੈਸ਼ਲ ਐਕਸਪ੍ਰੈੱਸ ਰੇਲਾਂ ਦੀ ਸ਼੍ਰੇਣੀ ’ਚ ਰੱਖਿਆ ਗਿਆ ਹੈ।

ਇਹ ਰੇਲਾਂ ਪੰਜਾਬ, ਜੰਮੂ ਕਸ਼ਮੀਰ, ਹਿਮਾਚਲ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਤੋਂ ਇਲਾਵਾ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਤੇ ਦਿੱਲੀ ਤੋਂ ਚੱਲਣਗੀਆਂ।

30 ਜਨਵਰੀ ਤੋਂ ਰੇਲ ਨੰਬਰ 04606 ਵੈਸ਼ਨੋ ਦੇਵੀ ਤੋਂ ਰਵਾਨਾ ਹੋਵੇਗੀ, ਜੋ ਜੰਮੂ ਤਵੀ, ਕਠੂਆ, ਪਠਾਨਕੋਟ, ਜਲੰਧਰ ਕੈਂਟ, ਲੁਧਿਆਣਾ, ਸਾਹਨੇਵਾਲ, ਅੰਬਾਲਾ ਕੈਂਟ, ਸਹਾਰਨਪੁਰ ਹੁੰਦੀ ਹੋਈ ਅਯੁੱਧਿਆ ਪਹੁੰਚੇਗੀ। ਇਸ ਰੇਲ ਦੀ ਔਸਤ ਰਫ਼ਤਾਰ 54.38 ਕਿਲੋਮੀਟਰ ਪ੍ਰਤੀ ਘੰਟਾ ਮੰਨੀ ਗਈ ਹੈ। ਇਹ ਰੇਲ 1 ਫਰਵਰੀ ਨੂੰ ਵਾਪਸ ਪਰਤੇਗੀ।

ਇਸੇ ਤਰ੍ਹਾਂ 04608 ਦੋ ਫਰਵਰੀ ਨੂੰ ਚੱਲੇਗੀ, ਜੋ ਜੰਮੂ ਤਵੀ, ਅੰਬਾਲਾ ਕੈਂਟ ਤੇ ਸਹਾਰਨਪੂਰ ਰੂਟ ਤੋਂ ਹੁੰਦੀ ਹੋਈ ਲਖਨਊ ਵਾਇਆ ਅਯੁੱਧਿਆ ਕੈਂਟ ਪਹੁੰਚੇਗੀ। ਇਹ ਰੇਲ ਵਾਪਸ 4 ਫਰਵਰੀ ਨੂੰ ਚੱਲੇਗੀ। ਇਸੇ ਤਰ੍ਹਾਂ ਰੇਲ ਨੰਬਰ 04610 ਜੰਮੂ ਤੋਂ ਛੇ ਫਰਵਰੀ ਨੂੰ ਚੱਲੇਗੀ ਜੋ ਪਠਾਨਕੋਟ, ਜਲੰਧਰ, ਅੰਬਾਲਾ ਤੇ ਸਹਾਰਨਪੁਰ ਤੋਂ ਹੁੰਦੀ ਹੋਈ ਅਯੁੱਧਿਆ ਧਾਮ ਪਹੁੰਚੇਗੀ।

ਇਸੇ ਤਰ੍ਹਾਂ ਰੇਲ ਨੰਬਰ 04644 ਨੌਂ ਫਰਵਰੀ ਨੂੰ ਪਠਾਨਕੋਟ ਤੋਂ ਚੱਲ ਕੇ ਜਲੰਧਰ, ਲੁਧਿਆਣਾ, ਅੰਬਾਲਾ ਵਾਇਆ ਸਹਾਰਨਪੁਰ ਹੁੰਦੀ ਹੋਈ ਅਯੁੱਧਿਆ ਧਾਮ ਪਹੁੰਚੇਗੀ, ਜੋ 11 ਫਰਵਰੀ ਨੂੰ ਵਾਪਸ ਪਹੁੰਚੇਗੀ। ਇਸ ਦੀ ਔਸਤ ਰਫ਼ਤਾਰ 54.85 ਕਿਲੋਮੀਟਰ ਪ੍ਰਤੀ ਘੰਟਾ ਹੈ। ਰੇਲ ਨੰਬਰ 04526 ਹਿਮਾਚਲ ਪ੍ਰਦੇਸ਼ ਦੇ ਅੰਬ ਅੰਦੌਰਾ ਤੋਂ 29 ਜਨਵਰੀ ਨੂੰ ਰਵਾਨਾ ਹੋਵੇਗੀ, ਜੋ ਊਨਾ, ਚੰਡੀਗੜ੍ਹ, ਅੰਬਾਲਾ ਕੈਂਟ, ਸਹਾਰਨਪੁਰ, ਲਖਨਊ ਹੁੰਦੀ ਹੋਈ ਅਯੁੱਧਿਆ ਧਾਮ ਪਹੁੰਚੇਗੀ।

ਇਹ ਰੇਲ 31 ਜਨਵਰੀ ਨੂੰ ਵਾਪਸ ਆਵੇਗੀ। ਇਕ ਹੋਰ ਰੇਲ 04524 ਹਿਮਾਚਲ ਪ੍ਰਦੇਸ਼ ਦੇ ਊਨਾ ਤੋਂ ਚੱਲ ਕੇ ਚੰਡੀਗੜ੍ਹ, ਅੰਬਾਲਾ ਤੇ ਸਹਾਰਨਪੁਰ ਰੂਟ ਤੋਂ ਅਯੁੱਧਿਆ ਧਾਮ 5 ਫਰਵਰੀ ਨੂੰ ਦੇਹਰਾਦੂਨ ਤੋਂ ਹਰਿਦੁਆਰ, ਮੁਰਾਦਾਬਾਦ , ਲਖਨਊ ਹੁੰਦੀ ਹੋਈ ਅਯੁੱਧਿਆ ਧਾਮ ਪਹੁੰਚੇਗੀ ਜੋ ਤਿੰਨ ਫਰਵਰੀ ਨੂੰ ਵਾਪਸ ਆਵੇਗੀ।