ਜਾਗਰਣ ਟੀਮ, ਨਵੀਂ ਦਿੱਲੀ : ਉੱਤਰ ਭਾਰਤ ’ਚ ਵੀਰਵਾਰ ਨੂੰ ਵੀ ਸੀਤ ਲਹਿਰ ਕਾਰਨ ਪੰਜਾਬ ਤੇ ਦਿੱਲੀ ਸਮੇਤ ਆਸ-ਪਾਸ ਦੇ ਸਾਰੇ ਪ੍ਰਮੁੱਖ ਸ਼ਹਿਰਾਂ ’ਚ ਠੰਢ ਕਾਇਮ ਰਹੀ। ਉੱਥੇ ਹੀ ਸੰਘਣੀ ਧੁੰਦ ਕਾਰਨ ਦ੍ਰਿਸ਼ਤਾ ਘੱਟ ਹੋਣ ਨਾਲ ਹਵਾਈ ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ। ਦਿੱਲੀ ਵਾਸੀਆਂ ਦੀ ਇਕ ਹੋਰ ਸਵੇਰ ਠੰਢੀ ਤੇ ਧੁੰਦ ਭਰੀ ਰਹੀ। ਵੀਰਵਾਰ ਨੂੰ ਘੱਟੋ-ਘੱਟ ਤਾਪਮਾਨ 5.8 ਡਿਗਰੀ ਰਿਕਾਰਡ ਕੀਤਾ ਗਿਆ, ਜਿਹੜਾ ਆਮ ਨਾਲੋਂ ਦੋ ਡਿਗਰੀ ਘੱਟ ਹੈ। ਵੱਧ ਤੋਂ ਵੱਧ ਤਾਪਮਾਨ 18.1 ਡਿਗਰੀ ਸੈਲਸੀਅਸ ਰਿਹਾ, ਜਿਹੜਾ ਆਮ ਨਾਲੋਂ ਦੋ ਡਿਗਰੀ ਘੱਟ ਹੈ। ਉੱਥੇ ਹੀ ਪਹਾੜਾਂ ’ਚ ਉੱਤਰਾਖੰਡ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਤੱਕ ਲੋਕਾਂ ਨੂੰ ਜ਼ਬਰਦਸਤ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਰਾਜਸਥਾਨ ’ਚ ਇਸ ਸਰਦੀ ਦੇ ਮੌਸਮ ’ਚ ਇਸ ਸਾਲ ਪਹਿਲੀ ਵਾਰ ਖੁੱਲ੍ਹੇ ਖੇਤਾਂ ’ਚ ਬਰਫ਼ ਜੰਮੀ ਹੋਈ ਨਜ਼ਰ ਆਈ। ਚੁਰੂ, ਸੀਕਰ ਤੇ ਬੀਕਾਨੇਰ ਜ਼ਿਲ੍ਹਿਆਂ ’ਚ ਖੇਤਾਂ ’ਚ ਬਰਫ਼ ਜੰਮੀ ਦਿਸੀ। ਮਾਊਂਟ ਆਬੂ ’ਚ ਦੋ ਦਿਨ ’ਚ ਹੀ ਤਾਪਮਾਨ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਮੰਗਲਵਾਰ ਨੂੰ ਇੱਥੇ ਤਾਪਮਾਨ ਚਾਰ ਡਿਗਰੀ ਸੈਲਸੀਅਸ ਸੀ। ਵੀਰਵਾਰ ਸਵੇਰੇ ਇਹ ਮਾਈਨਸ ਤਿੰਨ ਡਿਗਰੀ ਸੈਲਸੀਅਸ ਤੱਕ ਪੁੱਜ ਗਿਆ। ਇਸ ਨਾਲ ਪੂਰੇ ਇਲਾਕੇ ’ਚ ਠੰਢ ਵਧ ਗਈ। ਉੱਥੇ ਹੀ ਸੀਕਰ ਜ਼ਿਲ੍ਹੇ ’ਚ ਵੀ ਤਾਪਮਾਨ ਸਿਫਰ ਬਿੰਦੂ ਦੇ ਕਰੀਬ 9.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਜਸਥਾਨ ’ਚ ਮੌਸਮ ਵਿਗਿਆਨੀਆਂ ਨੇ ਆਉਣ ਵਾਲੇ ਦਿਨਾਂ ’ਚ ਹੋਰ ਗੰਭੀਰ ਸਥਿਤੀ ਦੀ ਚਿਤਾਵਨੀ ਦਿੱਤੀ ਹੈ।

ਉੱਤਰਾਖੰਡ ’ਚ ਕੜਾਕੇ ਦੀ ਠੰਢ

ਉੱਤਰਾਖੰਡ ’ਚ ਕੜਾਕੇ ਦੀ ਠੰਢ ਦੇ ਚੱਲਦਿਆਂ ਮੈਦਾਨੀ ਖੇਤਰਾਂ ’ਚ ਸੰਘਣੀ ਧੁੰਦ ਕਾਰਨ ਮਸ਼ਕਲਾਂ ਵਧ ਗਈਆਂ ਹਨ। ਊਧਮ ਸਿੰਘ ਤੇ ਹਰਿਦੁਆਰ ਸਮੇਤ ਕਈ ਮੈਦਾਨੀ ਖੇਤਰ ਸੀਤ ਲਹਿਰ ਦੀ ਮਾਰ ਝੱਲ ਰਹੇ ਹਨ। ਵੱਧ ਤੋਂ ਵੱਧ ਤਾਪਮਾਨ ’ਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਰਟਰ ਵਿਕਰਮ ਸਿੰਘ ਮੁਤਾਬਕ, ਅਗਲੇ ਦੋ ਦਿਨ ਉੱਤਰਾਖੰਡ ’ਚ ਮੌਸਮ ਖ਼ੁਸ਼ਕ ਰਹਿਣ ਦਾ ਅਨੁਮਾਨ ਹੈ। ਇਸ ਹਾਲਤ ’ਚ ਮੈਦਾਨੀ ਖੇਤਰਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਹਾੜੀ ਖੇਤਰਾਂ ’ਚ ਪਾਰਾ ਪਰੇਸ਼ਾਨੀ ਵਧਾ ਸਕਦਾ ਹੈ। ਧੁੰਦ ਕਾਰਨ ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ।

ਊਨਾ ’ਚ ਸੀਜ਼ਨ ਦਾ ਸਭ ਤੋਂ ਠੰਢਾ ਦਿਨ

ਹਿਮਾਚਲ ਪ੍ਰਦੇਸ਼ ’ਚ ਵੀਰਵਾਰ ਨੂੰ ਧੁੰਦ ਕਾਰਨ ਊਨਾ ਸੱਤ ਡਿਗਰੀ ਸੈਲਸੀਅਸ ਤਾਪਮਾਨ ਦੀ ਗਿਰਾਵਟ ਨਾਲ ਸਭ ਤੋਂ ਠੰਢਾ ਰਿਹਾ। ਵੱਧ ਤੋਂ ਵੱਧ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਪੇਸ਼ੀਨਗੋਈ ਮੁਤਾਬਕ ਅਗਲੇ 10 ਦਿਨਾਂ ਤੱਕ ਬਰਫ਼ਬਾਰੀ ਤੇ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਹਾਲਤ ’ਚ ਬਰਫ਼ਬਾਰੀ ਬਾਰਿਸ਼ ਦੀ ਆਸ ਲਾਈ ਲੋਕਾਂ ਨੂੰ ਆਉਣ ਵਾਲੇ ਦਿਨਾਂ ’ਚ ਮਾਯੂਸੀ ਹੱਥ ਲੱਗਣ ਵਾਲੀ ਹੈ। ਮੌਸਮ ਵਿਭਾਗ ਨੇ ਸੂਬੇ ਦੇ ਛੇ ਜ਼ਿਲ੍ਹਿਆਂ ਮੰਡੀ, ਕਾਂਗੜਾ, ਊਨਾ, ਬਿਲਾਸਪੁਰ, ਹਮੀਰਪੁਰ, ਸੋਲਨ ਤੇ ਸਿਰਮੌਰ ’ਚ ਸੰਘਣੀ ਧੁੰਦ ਬਾਰੇ ਚਿਤਾਵਨੀ ਜਾਰੀ ਕੀਤ ਹੈ।

ਜੰਮੂ ਦਾ ਦਿਨ ਸ੍ਰੀਨਗਰ ਨਾਲੋਂ ਠੰਢਾ

ਕਸ਼ਮੀਰ ਦੇ ਜ਼ਿਆਦਾਤਰ ਜਲ ਸੋਮਿਆਂ ਦੀ ਉੱਪਰਲੀ ਪਰਤ ਬਰਫ਼ ਨਾਲ ਜੰਮ ਗਈ ਹੈ। ਮੈਦਾਨੀ ਖੇਤਰ ਸੀਤ ਲਹਿਰ ਨਾਲ ਸੰਘਣੀ ਧੁੰਦ ਦੀ ਬੁੱਕਲ ’ਚ ਹਨ। ਕਸ਼ਮੀਰ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਤਾਪਮਾਨ ਲਗਾਤਾਰ ਸਿਫ਼ਰ ਤੋਂ ਹੇਠਾਂ ਚੱਲ ਰਿਹਾ ਹੈ। ਸ੍ਰੀਨਗਰ ਘੱਟੋ-ਘੱਟ ਤਾਪਮਾਨ ਮਾਈਨਸ ਪੰਜ ਡਿਗਰੀ ਸੈਲਸੀਅਸ ਰਿਹਾ ਹੈ। ਉੱਥੇ ਹੀ ਜੰਮੂ ’ਚ ਵੀ ਜ਼ਬਰਦਸਤ ਠੰਢ ਬਣੀ ਹੋਈ ਹੈ। ਵੀਰਵਾਰ ਨੂੰ ਜੰਮੂ ’ਚ ਪੂਰੇ ਦਿਨ ਬੱਦਲ ਤੇ ਧੁੰਦ ਛਾਈ ਰਹੀ, ਜਿਸ ਨਾਲ ਵੱਧ ਤੋਂ ਵੱਧ ਤਾਪਮਾਨ ਹੋਰ ਡਿੱਗ ਕੇ 8.6 ਡਿਗਰੀ ਸੈਲਸੀਅਸ ’ਤੇ ਆ ਗਿਆ। ਜਦਕਿ ਸ੍ਰੀਨਗਰ ’ਚ ਵੱਧ ਤੋਂ ਵੱਧ ਤਾਪਮਾਨ 13.0 ਡਿਗਰੀ ਸੈਲਸੀਅਸ ਦਰਜ ਹੋਇਆ। ਇਸ ਮੌਸਮ ’ਚ ਇਹ ਸਭ ਤੋਂ ਠੰਢਾ ਦਿਨ ਰਿਹਾ। ਜੰਮੂ ’ਚ ਘੱਟੋ-ਘੱਟ ਤਾਪਮਾਨ 4.7 ਡਿਗਰੀ ਸੈਲਸੀਅਸ ਰਿਹਾ। ਦ੍ਰਿਸ਼ਤਾ ਘੱਟ ਹੋਣ ਨਾਲ ਪੰਜ ਉਡਾਣਾਂ ਦੇਰੀ ਨਾਲ ਜੰਮੂ ਹਵਾਈ ਅੱਡੇ ’ਤੇ ਪੁੱਜੀਆਂ। ਸ਼ੇਰ-ਏ-ਕਸ਼ਮੀਰ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾ. ਮਹੇਂਦਰ ਸਿੰਘ ਮੁਤਾਬਕ ਜੰਮੂ ’ਚ ਅਗਲੇ ਤਿੰਨ ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਬਣਿਆ ਰਹੇਗਾ। 17 ਜਨਵਰੀ ਨੂੰ ਹਲਕੇ ਬੱਦਲ ਛਾ ਜਾਣਗੇ ਤੇ ਕਈ ਥਾਵਾਂ ’ਤੇ ਹਲਕੀ ਬਾਰਿਸ਼ ਦੇ ਆਸਾਰ ਹਨ।