ਪੰਜਾਬ ਵਿੱਚ ਕੱਦੂ-ਕਰੇਲਿਆਂ ਤੱਕ ਜਾ ਪਹੁੰਚੀ ਗੈਂਗ-ਵਾਰ

ਮੰਗਲਵਾਰ ਦੇ ਦਿਨ ਲੁਧਿਆਣੇ ਦੀ ਸਬਜ਼ੀ ਮੰਡੀ ਵਿੱਚ ਫਿਰ ਇੱਕ ਗੈਂਗ-ਵਾਰ ਹੋਈ ਤੇ ਇੱਕ ਜਣਾ ਮਾਰ ਦਿੱਤਾ ਗਿਆ ਹੈ। ਮਰਨ ਵਾਲਾ ਅਕਾਲੀ ਆਗੂ ਸੀ ਤੇ ਮਾਰਨ ਵਾਲੇ ਵੀ ਅਕਾਲੀ ਦਲ ਨਾਲ ਸੰਬੰਧਤ ਸਨ। ਜਿੰਨਾ ਕੁ ਵੇਰਵਾ ਅਖ਼ਬਾਰਾਂ ਵਿੱਚ ਆਇਆ ਹੈ, ਉਸ ਦੇ ਮੁਤਾਬਕ ਇਸ ਕਤਲ ਦੀ ਜੜ੍ਹ ਉਸ ਮੰਡੀ ਵਿੱਚ ਹੁੰਦੀ ਹਫਤਾ ਵਸੂਲੀ ਸੀ, ਜਿਹੜੀ ਹੁਣ ਪੰਜਾਬ ਭਰ ਵਿੱਚ ਇੱਕ ਆਮ ਜਿਹਾ ਵਰਤਾਰਾ ਬਣਦੀ ਜਾਂਦੀ ਹੈ। ਮੰਡੀ ਇੱਕੋ ਸੀ ਤੇ ਗੈਂਗ ਦੋ ਸਨ। ਆਮ ਤੌਰ ਉੱਤੇ ਇਹ ਸੁਣਿਆ ਜਾਂਦਾ ਹੈ ਕਿ ਇੱਕ ਗੈਂਗ ਅਕਾਲੀ ਅਤੇ ਦੂਸਰੇ ਗੈਂਗ ਦੇ ਬੰਦੇ ਕਾਂਗਰਸ ਜਾਂ ਕਿਸੇ ਹੋਰ ਧਿਰ ਨਾਲ ਸੰਬੰਧਤ ਸਨ। ਕਈ ਵਾਰੀ ਇਹ ਗੱਲ ਵੀ ਸੁਣੀ ਗਈ ਹੈ ਕਿ ਫਲਾਣੇ ਥਾਂ ਹੋਈ ਲੜਾਈ ਵਿਚਲੇ ਦੋ ਗੈਂਗ ਰਾਜ ਕਰਦੀ ਪਾਰਟੀ ਦੇ ਦੋ ਵੱਡੇ ਲੀਡਰਾਂ ਦੇ ਸਨ, ਪਰ ਇਸ ਵਾਰ ਇਹ ਗੱਲ ਹੈਰਾਨੀ ਨਾਲ ਸੁਣੀ ਜਾ ਰਹੀ ਹੈ ਕਿ ਲੁਧਿਆਣੇ ਦੀ ਸਬਜ਼ੀ ਮੰਡੀ ਵਿੱਚ ਲੜੇ ਦੋਵੇਂ ਗੈਂਗ ਅਕਾਲੀ ਵੀ ਹਨ, ਸਗੋਂ ਅਕਾਲੀ ਦਲ ਦੇ ਇੱਕੋ ਆਗੂ ਦੀ ਸਰਪ੍ਰਸਤੀ ਵਾਲੇ ਹਨ। ਅਗਲੀ ਗੱਲ ਇਹ ਸੁਣੀ ਗਈ ਹੈ ਕਿ ਉਸ ਆਗੂ ਵੱਲੋਂ ਦੋਵਾਂ ਗੈਂਗਾਂ ਵਿੱਚ ਇਹ ਸਮਝੌਤਾ ਕਰਵਾਇਆ ਗਿਆ ਸੀ ਕਿ ਸਬਜ਼ੀ ਮੰਡੀ ਵਿੱਚੋਂ ਹਫਤਾਵਾਰੀ ਗੁੰਡਾ ਟੈਕਸ ਦੀ ਉਗਰਾਹੀ ਇੱਕ ਗੈਂਗ ਅਤੇ ਮੰਡੀ ਦੇ ਬਾਹਰ ਲੱਗਦੀਆਂ ਰੇੜ੍ਹੀਆਂ ਅਤੇ ਫੜ੍ਹੀਆਂ ਤੋਂ ਉਗਰਾਹੀ ਦੂਸਰਾ ਗੈਂਗ ਕਰ ਲਵੇਗਾ ਤੇ ਇੱਕ ਦੂਸਰੇ ਨਾਲ ਲੜਨਗੇ ਨਹੀਂ। ਲੜਾਈ ਇਸ ਕਰ ਕੇ ਹੋ ਗਈ ਕਿ ਕੁਝ ਚੱਲਦੀਆਂ ਰੇੜ੍ਹੀਆਂ ਜਦੋਂ ਮੰਡੀ ਦੇ ਅੰਦਰ ਗਈਆਂ ਤਾਂ ਉਨ੍ਹਾਂ ਨੇ ਗੁੰਡਾ ਟੈਕਸ ਮੰਗ ਲਿਆ ਤੇ ਜਦੋਂ ਬਾਹਰ ਆਈਆਂ ਤਾਂ ਦੂਸਰਿਆਂ ਨੇ ਮੰਗ ਲਿਆ, ਜਿਸ ਤੋਂ ਵਿਵਾਦ ਵਧਦਾ ਦੋਵਾਂ ਗੈਂਗਾਂ ਵਿਚਾਲੇ ਲੜਾਈ ਤੇ ਇੱਕ ਬੰਦੇ ਦੀ ਮੌਤ ਵਿੱਚ ਨਿਕਲਿਆ ਹੈ।

ਲੁਧਿਆਣਾ ਉਹ ਹੀ ਸ਼ਹਿਰ ਹੈ ਤੇ ਓਥੇ ਉਹ ਹੀ ਪੁਲਸ ਅਫ਼ਸਰ ਹਨ, ਜਿਨ੍ਹਾਂ ਦੇ ਹੁੰਦਿਆਂ ਪਿਛਲੇ ਦਿਨੀਂ ਦੁਪਹਿਰ ਤੋਂ ਲੈ ਕੇ ਸੰਤ ਢੱਡਰੀਆਂ ਵਾਲੇ ਦੀ ਉਡੀਕ ਵਿੱਚ ਛਬੀਲ ਲਾ ਕੇ ਕਾਤਲ ਬੈਠੇ ਰਹੇ ਸਨ ਅਤੇ ਪੁਲਸ ਨੂੰ ਇਸ ਦੀ ਸੂਹ ਤੱਕ ਨਹੀਂ ਲੱਗੀ ਸੀ। ਹੁਣ ਉਹ ਕਹਿੰਦੇ ਹਨ ਕਿ ਸਾਰੇ ਦੋਸ਼ੀ ਛੇਤੀ ਫੜ ਲਏ ਜਾਣਗੇ। ਪਿਛਲਾ ਮੁਕੱਦਮਾ ਸਿਰੇ ਨਹੀਂ ਲੱਗਦਾ ਤੇ ਅਗਲੀ ਵਾਰਦਾਤ ਹੋਰ ਹੋ ਜਾਂਦੀ ਹੈ। ਇਸ ਹਾਲਤ ਵਿੱਚ ਪੰਜਾਬ ਦੇ ਸਭਨਾਂ ਤੋਂ ਵੱਡੇ ਸ਼ਹਿਰ ਲੁਧਿਆਣੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਗੈਂਗਾਂ ਦੀ ਲੜਾਈ ਦਹਿਸ਼ਤ ਨੂੰ ਵਧਾ ਰਹੀ ਹੈ। ਸਰਕਾਰ ਵੱਲੋਂ ਇਸ ਮਾਮਲੇ ਵਿੱਚ ਕੋਈ ਚਿੰਤਾ ਵਾਲੀ ਗੱਲ ਹੀ ਦਿਖਾਈ ਨਹੀਂ ਦੇ ਰਹੀ।

ਸਿਰਫ਼ ਲੁਧਿਆਣੇ ਦੀ ਗੱਲ ਨਹੀਂ, ਅਸਲ ਵਿੱਚ ਸਾਰੇ ਪੰਜਾਬ ਵਿੱਚ ਗੈਂਗ ਵੀ ਵਧੀ ਜਾ ਰਹੇ ਹਨ ਤੇ ਹਰ ਥਾਂ ਉਨ੍ਹਾਂ ਵੱਲੋਂ ਆਮ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਦੀਆਂ ਘਟਨਾਵਾਂ ਵੀ ਵਧੀ ਜਾਂਦੀਆਂ ਹਨ। ਪੰਜਾਬ ਦੀ ਜਿਹੜੀ ਵੀ ਮੰਡੀ ਵਿੱਚ ਚਲੇ ਜਾਓ, ਹਰ ਥਾਂ ਗੁੰਡਾ ਗੈਂਗ ਬਿਨਾਂ ਨਾਗਾ ਆਪਣਾ ਗੁੰਡਾ ਟੈਕਸ ਵਸੂਲਦੇ ਹਨ ਤੇ ਉਨ੍ਹਾਂ ਅੱਗੇ ਪੁਲਸ ਜਾਂ ਕਿਸੇ ਵੀ ਹੋਰ ਮਹਿਕਮੇ ਦਾ ਕੋਈ ਅਧਿਕਾਰੀ ਇਸ ਲਈ ਆਉਣ ਦੀ ਜੁਰਅੱਤ ਨਹੀਂ ਕਰਦਾ ਕਿ ਉਹ ਕਿਸੇ ਨਾ ਕਿਸੇ ਸਿਆਸੀ ਆਗੂ ਦੇ ਨਾਲ ਜੁੜੇ ਹੋਏ ਮੰਨੇ ਜਾਂਦੇ ਹਨ। ਸੜਕਾਂ ਉੱਤੇ ਵੀ ਕਈ ਥਾਂ ਗੁੰਡਿਆਂ ਦੇ ਗੈਂਗ ਆਉਂਦੀ-ਜਾਂਦੀ ਗੱਡੀ ਨੂੰ ਲੁੱਟ ਲੈਂਦੇ ਜਾਂ ਖੋਹ ਕੇ ਲੈ ਜਾਂਦੇ ਹਨ। ਬਿਨਾਂ ਸ਼ੱਕ ਬਹੁਤ ਸਾਰੇ ਕੇਸਾਂ ਦੀ ਜਾਂਚ ਕਰਨ ਪਿੱਛੋਂ ਕਾਤਲ ਜਾਂ ਲੁਟੇਰੇ ਫੜੇ ਵੀ ਜਾਂਦੇ ਹਨ, ਪਰ ਗੱਲ ਤਾਂ ਇਹ ਹੈ ਕਿ ਕਾਤਲਾਂ ਤੇ ਲੁਟੇਰਿਆਂ ਲਈ ਪੁਲਸ ਦਾ ਖੌਫ ਹੀ ਦਿਖਾਈ ਨਹੀਂ ਦੇਂਦਾ, ਜਿਸ ਨਾਲ ਉਹ ਕਿਸੇ ਵਾਰਦਾਤ ਨੂੰ ਕਰਨ ਤੋਂ ਡਰਦੇ ਹੋਣ।

ਪੰਜਾਬ ਸਰਕਾਰ ਨੂੰ ਇਹ ਚਿੰਤਾ ਹੋ ਸਕਦੀ ਹੈ ਕਿ ਇੱਕ ਫ਼ਿਲਮ ਬਣ ਰਹੀ ਹੈ, ਜਿਹੜੀ ਇਸ ਗੱਲ ਬਾਰੇ ਭੇਦ ਖੋਲ੍ਹਣ ਵਾਲੀ ਹੋ ਸਕਦੀ ਹੈ ਕਿ ਇਸ ਰਾਜ ਲੋਕ ਨਸ਼ੇ ਦੀ ਗ੍ਰਿਫਤ ਵਿੱਚ ਕਿਸੇ ਵੀ ਹੋਰ ਤੋਂ ਵੱਧ ਹਨ। ਦੂਸਰੇ ਪਾਸੇ ਲੋਕ ਇਹ ਪੁੱਛ ਰਹੇ ਹਨ ਕਿ ਸਰਕਾਰ ਨੇ ਇਹੋ ਜਿਹੇ ਹਾਲਾਤ ਬਣਨ ਹੀ ਕਿਉਂ ਦਿੱਤੇ ਕਿ ਇਸ ਬਾਰੇ ਕਿਸੇ ਤਰ੍ਹਾਂ ਦੀ ਫ਼ਿਲਮੀ ਪੇਸ਼ਕਾਰੀ ਕਰਨ ਦਾ ਮੌਕਾ ਮਿਲੇ? ਕਿਸੇ ਫ਼ਿਲਮ ਨੂੰ ਸਿਆਸੀ ਲੋੜਾਂ ਲਈ ਵਰਤਣ ਦਾ ਰੁਝਾਨ ਪਹਿਲਾਂ ਹੋਰ ਰਾਜਾਂ ਅੰਦਰ ਚੱਲਦਾ ਸੀ, ਹੁਣ ਪੰਜਾਬ ਵਿੱਚ ਆਉਣ ਲੱਗਾ ਹੈ, ਪਰ ਜਿੱਥੇ ਵੀ ਇਹ ਰੁਝਾਨ ਉੱਭਰ ਕੇ ਸਾਹਮਣੇ ਆਉਂਦਾ ਹੈ, ਉੱਭਰਦਾ ਹਕੀਕਤਾਂ ਦੇ ਚੌਖਟੇ ਵਿੱਚੋਂ ਹੀ ਹੈ। ਪੰਜਾਬ ਦੀ ਸਰਕਾਰ ਨੂੰ ਇਸ ਹਾਲਤ ਦੇ ਬਾਰੇ ਬਹੁਤ ਚਿਰ ਪਹਿਲਾਂ ਸੋਚਣ ਦੀ ਲੋੜ ਸੀ, ਪਰ ਉਸ ਨੇ ਅਮਨ-ਕਾਨੂੰਨ ਦੇ ਮਾਮਲੇ ਵਿੱਚ ਅਵੇਸਲਾਪਣ ਹੀ ਜਾਰੀ ਰੱਖਿਆ ਸੀ ਤੇ ਹੁਣ ਹਾਲਾਤ ਇਸ ਤਰ੍ਹਾਂ ਦੇ ਹਨ ਕਿ ਕਾਬੂ ਵਿੱਚ ਨਹੀਂ ਜਾਪ ਰਹੇ।

ਲੁਧਿਆਣੇ ਦੀ ਸਬਜ਼ੀ ਮੰਡੀ ਵਾਲੇ ਕਤਲ ਦੀ ਵਾਰਦਾਤ ਨੇ ਦੱਸ ਦਿੱਤਾ ਹੈ ਕਿ ਗੈਂਗ-ਵਾਰ ਹੁਣ ਕੱਦੂਆਂ ਤੇ ਕਰੇਲਿਆਂ ਤੱਕ ਜਾ ਪਹੁੰਚੀ ਹੈ। ਇਸ ਤੋਂ ਅੱਗੇ ਕਿੱਥੋਂ ਤੱਕ ਚਲੀ ਜਾਵੇਗੀ, ਕੋਈ ਵੀ ਨਹੀਂ ਦੱਸ ਸਕਦਾ।

Share:

Facebook
Twitter
Pinterest
LinkedIn
matrimonail-ads
On Key

Related Posts

ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ

ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.