ਨਈ ਦੁਨੀਆ, ਆਲੀਰਾਜਪੁਰ : ਅਯੁੱਧਿਆ ’ਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਸੋਮਵਾਰ ਨੂੰ ਮੱਧ ਪ੍ਰਦੇਸ਼ ’ਚ ਆਲੀਰਾਜਪੁਰ ਦੇ ਕੁਮਹਾਰਵਾੜਾ ਵਾਸੀ 50 ਸਾਲਾ ਅਯੂਬ ਖ਼ਾਨ ਪਠਾਣ ਨੇ ਆਪਣੀ ਧੀ ਤੇ ਪੁੱਤਰ ਨਾਲ ਸਨਾਤਨ ਧਰਮ ਅਪਣਾ ਲਿਆ। ਮਹਾਤਮਾ ਗਾਂਧੀ ਮਾਰਗ ’ਤੇ ਪ੍ਰਾਣ ਪ੍ਰਤਿਸ਼ਠਾ ਮਹਾਉਤਸਵ ਨੂੰ ਲੈ ਕੇ ਵਸਾਏ ਗਏ ਅਯੁੱਧਿਆ ਧਾਮ ’ਚ ਵਿਧੀ ਪੂਰਵਕ ਪੂਜਨ ਕਰ ਕੇ ਉਨ੍ਹਾਂ ਨੇ ਇਹ ਕਦਮ ਚੁੱਕਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਨਾਤਨ ਧਰਮ ਦਾ ਸੱਭਿਆਚਾਰ, ਪਰੰਪਰਾ ਤੇ ਰੀਤੀ-ਰਿਵਾਜ ਉਨ੍ਹਾਂ ਨੂੰ ਹਮੇਸ਼ਾ ਹੀ ਆਕਰਸ਼ਿਤ ਕਰਦੇ ਰਹੇ ਹਨ। ਇਸ ਲਈ ਭਗਵਾਨ ਰਾਮ ਦੀ ਅਯੁੱਧਿਆ ’ਚ ਪ੍ਰਾਣ ਪ੍ਰਤਿਸ਼ਠਾ ਦੇ ਪਵਿੱਤਰ ਦਿਨ ਹੀ ਅਜਿਹਾ ਕਰਨ ਦਾ ਫ਼ੈਸਲਾ ਕੀਤਾ ਹੈ।

ਅਯੂਬ ਖ਼ਾਨ ਪਠਾਣ ਹੁਣ ਰਾਜਕੁਮਾਰ ਦੇ ਨਾਂ ਨਾਲ ਜਾਣੇ ਜਾਣਗੇ। ਉਨ੍ਹਾਂ ਦੇ 22 ਸਾਲਾ ਪੁੱਤਰ ਸ਼ਾਹਰੁਖ ਨੂੰ ਨਵਾਂ ਨਾਂ ਸੁਭਾਸ਼ ਦਿੱਤਾ ਗਿਆ ਹੈ। 18 ਸਾਲਾ ਧੀ ਕਰਿਸ਼ਮਾ ਦਾ ਨਾਂ ਕਰਿਸ਼ਮਾ ਹੀ ਰੱਖਿਆ ਗਿਆ ਹੈ। ਸਮਾਜਿਕ ਕਾਰਕੁੰਨ ਜਯੇਸ਼ ਭੱਟ ਤੇ ਸੰਜੈ ਮਾਂਝੀ ਨੇ ਪੂਜਨ ਵਿਧੀ ਸੰਪੰਨ ਕਰਵਾਈ ਤੇ ਦੋਵਾਂ ਨੂੰ ਭਗਵਾਂ ਦੁਪੱਟਾ ਪਹਿਨਾ ਕੇ ਪੈਰ ਧੁਆਉਣ ਤੋਂ ਬਾਅਦ ਸਨਾਤਨ ’ਚ ਦਾਖ਼ਲ ਕਰਵਾਇਆ। ਅਯੂਬ ਨੇ ਹਿੰਦੂ ਔਰਤ ਸ਼ਾਰਦਾ ਨਾਲ ਨਿਕਾਹ ਕੀਤਾ ਸੀ। ਨਿਕਾਹ ਤੋਂ ਬਾਅਦ ਵੀ ਸ਼ਾਰਦਾ ਸਨਾਤਨ ਧਰਮ ਦੀ ਪਾਲਣਾ ਕਰਦੀ ਰਹੀ। ਅਯੂਬ ਨੇ ਇਸ ਨੂੰ ਲੈ ਕੇ ਕਦੇ ਕੋਈ ਇਤਰਾਜ਼ ਨਹੀਂ ਕੀਤਾ ਸਗੋਂ ਉਹ ਹਮੇਸ਼ਾ ਸਨਾਤਨ ਪ੍ਰਤੀ ਲਗਾਅ ਹੀ ਦਰਸਾਉਂਦੇ ਰਹੇ। ਇਹੋ ਕਾਰਨ ਰਿਹਾ ਕਿ ਉਨ੍ਹਾਂ ਨੇ ਆਪਣੀਆਂ ਦੋ ਵੱਡੀਆਂ ਧੀਆਂ ਦਾ ਵਿਆਹ ਹਿੰਦੂ ਪਰਿਵਾਰਾਂ ’ਚ ਹੀ ਕੀਤਾ। ਇਕ ਧੀ ਦਾ ਵਿਆਹ ਰਾਜਸਥਾਨ ਤੇ ਇਕ ਦਾ ਗੁਜਰਾਤ ’ਚ ਕੀਤਾ ਹੈ। ਪਤਨੀ ਸਨਾਤਨੀ ਰਹੀ, ਇਸ ਲਈ ਪਰਿਵਾਰ ’ਚ ਹਿੰਦੂ ਰਵਾਇਤਾਂ ਦੀ ਪਾਲਣਾ ਹੁੰਦੀ ਰਹੀ। ਰਾਜਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਦਬਾਅ ਤੋਂ ਪੂਰੇ ਵਿਵੇਕ ਨਾਲ ਸਨਾਤਨ ਧਰਮ ਅਪਣਾਉਣ ਦਾ ਫ਼ੈਸਲਾ ਲਿਆ ਹੈ।