ਜਾ.ਸ, ਪਟਨਾ ਸਿਟੀ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਕੁਝ ਕਦਮ ਦੀ ਦੂਰੀ ’ਤੇ ਸਥਿਤ ਗੁਰਦੁਆਰਾ ਬਾਲ ਲੀਲ੍ਹਾ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। ਇਸ ਲਈ ਗੁਰਦੁਆਰਾ ਸਾਹਿਬ ਨੂੰ ਸੁਨਹਿਰੀ ਪ੍ਰਕਾਸ਼ ਨਾਲ ਰੋਸ਼ਨ ਕੀਤਾ ਗਿਆ ਹੈ। ਇੱਥੇ ਸੰਗਤ ਪਹੁੰਚਣ ਦਾ ਸਿਲਸਿਲਾ ਸ਼ੁੱਕਰਵਾਰ ਨੂੰ ਵੀ ਜਾਰੀ ਰਿਹਾ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੇ ਗੁਰਦੁਆਰਾ ਕੰਗਨ ਘਾਟ ਮਾਰਗ ਦੀ ਸਜਾਵਟ ਜਾਰੀ ਹੈ।

ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਸਰਦ ਸਵੇਰ ਸਮੇਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਪ੍ਰਭਾਤ ਫੇਰੀ ਨਿਕਲੀ। 15 ਜਨਵਰੀ ਨੂੰ ਵੱਡੀ ਪ੍ਰਭਾਤ ਫੇਰੀ ਨਿਕਲੇਗੀ। 16 ਜਨਵਰੀ ਨੂੰ ਗਊਘਾਟ ਸਥਿਤ ਗੁਰਦਆਰਾ ਬੜੀ ਸੰਗਤ ਤੋਂ ਨਗਰ ਕੀਰਤਨ ਕੱਢਿਆ ਜਾਵੇਗਾ। 17 ਜਨਵਰੀ ਨੂੰ ਪ੍ਰਕਾਸ਼ ਪੁਰਬ ਦਾ ਮੁੱਖ ਸਮਾਰੋਹ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਵੇਗਾ ਤੇ 18 ਜਨਵਰੀ ਨੂੰ ਗੁਰਦੁਆਰਾ ਬਾਲ ਲੀਲ੍ਹਾ ’ਚ ਮਨਾਇਆ ਜਾਵੇਗਾ। ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਪ੍ਰਸ਼ਾਸਨਿਕ ਅਮਲਾ ਤਿਆਰੀਆਂ ’ਚ ਜੁਟਿਆ ਹੈ।