ਆਈਜ਼ੋਲ (ਪੀਟੀਆਈ) : ਮਿਲੀਸ਼ੀਆ ਗਰੁੱਪ ਪੀਪਲਜ਼ ਡਿਫੈਂਸ ਫੋਰਸ (ਪੀਡੀਐੱਫ) ਨਾਲ ਭਿਆਨਕ ਮੁਕਾਬਲੇ ਤੋਂ ਬਾਅਦ ਭੱਜ ਕੇ ਮਿਜ਼ੋਰਮ ਆਏ ਮਿਆਂਮਾਰ ਦੇ 29 ਫ਼ੌਜੀਆਂ ਨੂੰ ਐਤਵਾਰ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਪੀਡੀਐੱਫ ਨਾਲ ਹਾਲ ਹੀ ’ਚ ਹੋਈ ਗੋਲ਼ੀਬਾਰੀ ਕਾਰਨ ਮਿਆਂਮਾਰ ਦੇ 74 ਫ਼ੌਜੀ ਭੱਜ ਕੇ ਮਿਜ਼ੋਰਮ ਆ ਗਏ ਸਨ। ਇਨ੍ਹਾਂ ’ਚੋਂ 45 ਫ਼ੌਜੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ।
ਅਧਿਕਾਰੀ ਨੇ ਦੱਸਿਆ ਕਿ ਇਹ 29 ਫ਼ੌਜੀ 16 ਨਵੰਬਰ ਨੂੰ ਮਿਜ਼ੋਰਮ ’ਚ ਦਾਖ਼ਲ ਹੋਏ ਸਨ ਜਦੋਂ ਕੌਮਾਂਤਰੀ ਸਰਹੱਦ ਤੋਂ ਕੁਝ ਕਿਲੋਮੀਟਰ ਦੂਰ ਮਿਆਂਮਾਰ ਦੇ ਚਿਨ ਸੂਬੇ ਦੇ ਤੁਈਬੁਅਲ ’ਚ ਉਨ੍ਹਾਂ ਦੇ ਕੈਂਪ ’ਤੇ ਪੀਡੀਐੱਫ ਨਾਲ ਸਬੰਧਤ ਇਕ ਸਥਾਨਕ ਮਿਲੀਸ਼ੀਆ ਗਰੁੱਪ ਚਿਨ ਨੈਸ਼ਨਲ ਡਿਫੈਂਸ ਫੋਰਸ (ਸੀਐੱਨਡੀਐੱਫ) ਨੇ ਕਬਜ਼ਾ ਕਰ ਲਿਆ ਸੀ। ਰੱਖਿਆ ਅਧਿਕਾਰੀਆਂ ਵੱਲੋਂ ਇਨ੍ਹਾਂ ਫ਼ੌਜੀਆਂ ਨੂੰ ਹਵਾਈ ਮਾਰਗ ਰਾਹੀਂ ਮਨੀਪੁਰ ਦੇ ਮੋਰੇਹ ਲਿਜਾਇਆ ਗਿਆ। ਮੋਰੇਹ ਤੋਂ ਉਹ ਨੇੜੇਲੇ ਮਿਆਂਮਾਰ ਦੇ ਤਾਮੂ ਸ਼ਹਿਰ ਗਏ। ਉਨ੍ਹਾਂ ਕਿਹਾ ਕਿ ਲਗਾਤਾਰ ਬਾਰਿਸ਼ ਕਾਰਨ ਮਿਆਂਮਾਰ ਦੇ ਫ਼ੌਜੀਆਂ ਨੂੰ ਭੇਜਣ ’ਚ ਦੇਰੀ ਹੋਈ ਜਿਸ ਕਾਰਨ ਉਨ੍ਹਾਂ ਨੂੰ ਭਾਰਤ ’ਚ ਜ਼ਿਆਦਾ ਦਿਨ ਰੁਕਣਾ ਪਿਆ। ਅਧਿਕਾਰੀ ਨੇ ਕਿਹਾ ਕਿ ਮਿਆਂਮਾਰ ਦੇ ਫ਼ੌਜੀ ਭਾਰਤ ਤੇ ਮਿਆਂਮਾਰ ਵਿਚਾਲੇ ਕੁਦਰਤੀ ਸਰਹੱਦ, ਤਿਆਉ ਨਦੀ ਨੇੜੇ ਮਿਜ਼ੋਰਮ ਦੇ ਚੰਫਾਈ ਜ਼ਿਲ੍ਹੇ ਦੇ ਸੈਖੁਮਫਾਈ ’ਚ ਪੈਦਲ ਆਏ ਤੇ ਅਸਮ ਰਾਈਫਲਜ਼ ਤੇ ਸੂਬਾਈ ਪੁਲਿਸ ਨੇ ਉਨ੍ਹਾਂ ਦਾ ਸਵਾਗਤ ਕੀਤਾ।


