ਪਲਵਿੰਦਰ ਸਿੰਘ ਢੁੱਡੀਕੇ,ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਅੰਤਰਕਾਲਜ ਯੁਵਕ ਮੇਲਾ ਬੁੱਧਵਾਰ ਨੂੰ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ। 9 ਨਵੰਬਰ ਤੱਕ ਚੱਲਣ ਵਾਲੇ ਇਸ ਯੁਵਕ ਮੇਲੇ ‘ਚ ਪੀਏਯੂ ਦੇ ਲੁਧਿਆਣਾ ਕੈਂਪਸ ਵਿਖੇ ਸਥਿਤ ਪੰਜ ਕਾਲਜਾਂ ਤੋਂ ਇਲਾਵਾ ਗੁਰਦਾਸਪੁਰ ਤੇ ਬਠਿੰਡਾ ਦੇ ਇੰਸਟੀਚਿਊਟ ਆਫ ਐਗਰੀਕਲਚਰ ਤੇ ਬੱਲੋਵਾਲ ਸੌਂਖੜੀ ਦੇ ਖੇਤੀਬਾੜੀ ਕਾਲਜ ਦੇ ਵਿਦਿਆਰਥੀ ਸ਼ਿਰਕਤ ਕਰ ਰਹੇ ਹਨ। ਇਸ ਯੁਵਕ ਮੇਲੇ ਦੇ ਉਦਘਾਟਨੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਡਾ. ਸਤਿਬੀਰ ਸਿੰਘ ਗੋਸਲ ਵਾਇਸ ਚਾਂਸਲਰ ਪੀਏਯੂ ਨੇ ਕਿਹਾ ਕਿ ਯੁਵਕ ਮੇਲੇ ਵਿਦਿਆਰਥੀਆਂ ਦੀ ਕਲਾ ਨੂੰ ਨਿਖਾਰ ਕੇ ਉਨ੍ਹਾਂ ਦੀ ਸ਼ਖ਼ਸੀਅਤ ਦੀ ਉਸਾਰੀ ਕਰਨ ‘ਚ ਵੱਡੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਅੰਦਰ ਰਚਨਾਤਮਕ ਪ੍ਰਤਿਭਾ ਹੁੰਦੀ ਹੈ ਤੇ ਇਹ ਯੁਵਕ ਮੇਲੇ ਸਾਨੂੰ ਇਸ ਦੀ ਪਛਾਣ ਕਰਨ ‘ਚ ਮਦਦ ਕਰਦੇ ਹਨ। ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਸਹਿ ਪਾਠਕ੍ਰਮ ਗਤੀਵਿਧੀਆਂ ‘ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪੇ੍ਰਰਦਿਆਂ ਉਨ੍ਹਾਂ ਕਿਹਾ ਕਿ ਜ਼ਿੰਦਗੀ ਨੂੰ ਸੁਚਾਰੂ ਢੰਗ ਨਾਲ ਜਿਊਣ ਤੇ ਉਸ ਨੂੰ ਸੁਹਜਾਤਮਕ ਰੰਗਤ ਦੇਣ ‘ਚ ਇਨ੍ਹਾਂ ਗਤੀਵਿਧੀਆਂ ਦਾ ਖਾਸ ਮਹੱਤਵ ਹੈ।
========
-ਸੂਖਮ ਕਲਾਵਾਂ ਨਾਲ ਜੋੜਦੀਆਂ ਨੇ ਯੁਵਕ ਮੇਲੇ ਦੀਆਂ ਗਤੀਵਿਧੀਆਂ : ਡਾ. ਨਿਰਮਲ ਜੌੜਾ
ਇਸ ਮੌਕੇ ਡਾ. ਨਿਰਮਲ ਜੌੜਾ ਨਿਰਦੇਸ਼ਕ ਵਿਦਿਆਰਥੀ ਭਲਾਈ ਪੀਏਯੂ ਨੇ ਵਿਦਿਆਰਥੀ ਜੀਵਨ ‘ਚ ਯੁਵਕ ਮੇਲਿਆਂ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਬੇਸ਼ਕ ਸਿੱਖਿਆ ਦਾ ਖਾਸ ਮਹੱਤਵ ਹੈ ਪਰ ਯੁਵਕ ਮੇਲੇ ਵਿਚਲੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਸੂਖਮ ਕਲਾਵਾਂ ਨਾਲ ਜੋੜਦੀਆਂ ਹਨ। ਪੀਏਯੂ ਦੇ ਰੰਗ-ਮੰਚ ਤੋਂ ਸਿਖਲਾਈ ਹਾਸਲ ਕਰ ਕੇ ਦੇਸ਼ਾਂ-ਵਿਦੇਸ਼ਾਂ ਵਿੱਚ ਨਾਂਅ ਚਮਕਾਉਣ ਵਾਲੇ ਉੱਘੇ ਕਲਾਕਾਰਾਂ ਤੇ ਫ਼ਖਰ ਕਰਦਿਆਂ ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਾਡੇ ਹੋਣਹਾਰ ਵਿਦਿਆਰਥੀ ਭਵਿੱਖ ‘ਚ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਹੁੰਦੇ ਰਹਿਣਗੇ ਤੇ ਇਸੇ ਤਰਾਂ੍ਹ ਪੀਏਯੂ ਦਾ ਨਾਮ ਰੌਸ਼ਨ ਕਰਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਡਾ. ਗੋਸਲ ਦੀ ਸਰਪ੍ਰਸਤੀ ਹੇਠ ਪੀਏਯੂ ਵੱਲੋਂ ਆਉਂਦੇ ਸਮੇਂ ਵਿੱਚ ਸਰਵ-ਭਾਰਤੀ ਅੰਤਰ ਯੂਨੀਵਰਸਿਟੀਜ਼ ਰਾਸ਼ਟਰੀ ਯੁਵਕ ਮੇਲਾ ਵੀ ਕਰਵਾਇਆ ਜਾ ਰਿਹਾ ਹੈ। ਅੱਜ ਦੇ ਇਸ ਉਦਘਾਟਨੀ ਸਮਾਰੋਹ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ ਨੇ ਕੀਤਾ ਜਦ ਕਿ ਧੰਨਵਾਦ ਦੇ ਸ਼ਬਦ ਡਾ.ਜਸਵਿੰਦਰ ਕੌਰ ਬਰਾੜ ਨੇ ਕਹੇ। ਇਸ ਮੌਕੇ ਡਾ. ਅਜਮੇਰ ਸਿੰਘ ਢੱਟ ਨਿਰਦੇਸ਼ਕ ਖੋਜ ਪੀਏਯੂ ਡਾ. ਸ਼ੰਮੀ ਕਪੂਰ ਡੀਨ ਬੇਸਿਕ ਸਾਇੰਸਸ ਕਾਲਜ, ਡਾ. ਕੀਰਨਜੋਤ ਸਿੱਧੂ ਡੀਨ ਕਮਿਊਨਿਟੀ ਸਾਇੰਸ ਕਾਲਜ, ਡਾ. ਤਜਿੰਦਰ ਸਿੰਘ ਰਿਆੜ ਅਪਰ ਨਿਰਦੇਸ਼ਕ ਸੰਚਾਰ ਕੇਂਦਰ ਤੇ ਰਿਸ਼ੀ ਇੰਦਰ ਸਿੰਘ ਗਿੱਲ ਮਿਲਖ ਅਫਸਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
====
-ਕਵਿਤਾ ਉਚਾਰਨ ‘ਚ ਹਰਮਨਜੋਤ ਸਿੰਘ ਤੇ ਹਾਸ-ਰਸ ਮੁਕਾਬਲਿਆਂ ‘ਚ ਨਿਸ਼ਾਤਾ ਨੇ ਹਾਸਿਲ ਕੀਤਾ ਪਹਿਲਾਂ ਸਥਾਨ
ਇਸ ਮੌਕੇ ਸਵੇਰ ਦੇ ਸੈਸ਼ਨ ‘ਚ ਕਵਿਤਾ ਉਚਾਰਨ ਤੇ ਹਾਸ-ਰਸ ਮੁਕਾਬਲੇ ਕਰਵਾਏ ਗਏ। ਕਵਿਤਾ ਉਚਾਰਨ ਮੁਕਾਬਲਿਆਂ ‘ਚ ਪਹਿਲਾਂ ਸਥਾਨ ਖੇਤੀਬਾੜੀ ਕਾਲਜ ਦੇ ਹਰਮਨਜੋਤ ਸਿੰਘ, ਦੂਜਾ ਸਥਾਨ ਹਾਰਟੀਕਲਚਰ ਤੇ ਫਾਰਿਸਟ੍ਰੀ ਕਾਲਜ ਦੇ ਪ੍ਰਤੀਕ ਸ਼ਰਮਾ ਨੇ ਅਤੇ ਤੀਜਾ ਸਥਾਨ, ਖੇਤੀਬਾੜੀ ਕਾਲਜ ਦੀ ਜੈਸਮੀਨ ਕੌਰ ਸਿੱਧੂ ਨੇ ਹਾਸਲ ਕੀਤਾ। ਇਸੇ ਤਰਾਂ੍ਹ ਹਾਸ-ਰਸ ਮੁਕਾਬਲਿਆਂ ‘ਚ ਖੇਤੀਬਾੜੀ ਕਾਲਜ ਦੀ ਨਿਸ਼ਾਤਾ ਨੇ ਪਹਿਲਾਂ ਸਥਾਨ, ਬੇਸਿਕ ਸਾਇੰਸ ਤੇ ਹਿਊਮਨੈਟੀਜ਼ ਕਾਲਜ ਦੇ ਲਵਕਰਨ ਸਿੰਘ ਨੇ ਦੂਜਾ ਸਥਾਨ ਤੇ ਖੇਤੀਬਾੜੀ ਕਾਲਜ ਦੇ ਪਵਨ ਕੁਮਾਰ ਤੇ ਹਾਰਟੀਕਲਚਰ ਅਤੇ ਫਾਰਿਸਟ੍ਰੀ ਕਾਲਜ ਦੇ ਪ੍ਰਤੀਕ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ।


