ਬੈਂਗਲੁਰੂ (ਏਜੰਸੀ) : ਡਾਕਟਰਾਂ ਨੇ ਪਹਿਲੀ ਵਾਰ ਗਰਭ ਅਵਸਥਾ ਦੌਰਾਨ ਔਰਤ ਦੀ ਬੱਚੇਦਾਨੀ ’ਚ ਹੋਏ ਛੇਕ ਦਾ ਸਫਲਤਾਪੂਰਵਕ ਇਲਾਜ ਕਰ ਕੇ ਮਾਂ ਤੇ ਬੱਚੇ ਦੋਵਾਂ ਨੂੰ ਬਚਾ ਲਿਆ ਗਿਆ। ਆਂਧਰ ਪ੍ਰਦੇਸ਼ ਦੀ ਵਾਸੀ 22 ਸਾਲਾ ਔਰਤ ਨੂੰ ਗਰਭ ਅਵਸਥਾ ਦੇ ਛੇਵੇਂ ਮਹੀਨੇ ’ਚ ਗੰਭੀਰ ਪੇਟ ਦਰਦ ਤੋਂ ਬਾਅਦ ਬੈਂਗਲੁਰੂ ਦੇ ਰੈਨਬੋ ਚਿਲਡਰਨਜ਼ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਸ ਦੀ ਨਾੜੀ ਤੇਜ਼ ਚੱਲ ਰਹੀ ਸੀ। ਬਲੱਡ ਪ੍ਰੈਸ਼ਰ ਬਹੁਤ ਘੱਟ ਸੀ। ਜਾਂਚ ’ਚ ਪਤਾ ਲੱਗਿਆ ਕਿ ਔਰਤ ਦੇ ਪੇਟ ’ਚ ਕਾਫ਼ੀ ਖ਼ੂਨ ਇਕੱਠਾ ਹੋ ਗਿਆ ਸੀ। ਬੱਚੇਦਾਨੀ ’ਚੋਂ ਖ਼ੂਨ ਵੀ ਨਿਕਲ ਰਿਹਾ ਸੀ। ਬੱਚੇਦਾਨੀ ’ਚ ਛੇਕ ਅਤੇ ਓਵੇਰੀਅਨ ਟਾਰਸਨ ਅੰਦਰੋਂ ਖ਼ੂਨ ਅਤੇ ਉਸ ਦੀ ਬੱਚੇਦਾਨੀ ਦੀ ਦੀਵਾਰ ਨੂੰ ਨੁਕਸਾਨ) ਦਾ ਵੀ ਪਤਾ ਲੱਗਿਆ। ਹਾਲਾਂਕਿ ਬੱਚੇ ਦੇ ਦਿਲ ਦੀ ਧੜਕਣ ਠੀਕ ਸੀ। ਬੱਚੇ ਤੇ ਮਾਂ ਨੂੰ ਬਚਾਉਣ ਲਈ ਡਾ. ਮੇਘਨਾ ਰੈੱਡੀ ਦੀ ਅਗਵਾਈ ’ਚ ਡਾਕਟਰਾਂ ਦੀ ਟੀਮ ਨੇ ਲੈਪ੍ਰੋਸਕੋਪੀ ਕੀਤੀ। ਲੈਪ੍ਰੋਸਕੋਪੀ ਪੇਟ ਦੇ ਅੰਦਰਲੇ ਅੰਗਾਂ ਦੀ ਜਾਂਚ ਕਰਨ ਲਈ ਇਸਤੇਮਾਲ ਕੀਤੀ ਜਾਣ ਵਾਲੀ ਸਰਜੀਕਲ ਪ੍ਰਕਿਰਿਆ ਹੈ। ਟੀਮ ਨੇ ਦੇਖਿਆ ਕਿ ਉੱਪਰਲੀ ਬੱਚੇਦਾਨੀ ’ਚ ਛੇਕ ਸੀ। ਹਾਲਾਂਕਿ ਛੇਕ ਕਿਉ ਬਣਿਆ, ਇਸ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਇਹ ਉੁਸ ਦੀ ਪਹਿਲੀ ਗਰਭ ਅਵਸਥਾ ਸੀ। ਉਸ ਦੀ ਪਹਿਲਾਂ ਕੋਈ ਸਰਜਰੀ ਨਹੀਂ ਸੀ ਹੋਈ।

ਆਮ ਤੌਰ ’ਤੇ ਬੱਚੇਦਾਨੀ ਦੇ ਛੇਕ ਦੇ ਮਾਮਲਿਆਂ ’ਚ ਗਰਭਪਾਤ ਕਰ ਦਿੱਤਾ ਜਾਂਦਾ ਹੈ ਪਰ ਡਾਕਟਰਾਂ ਨੇ ਪਹਿਲੀ ਵਾਰ ਛੇਕ ਦਾ ਇਲਾਜ ਕਰਨ ਲਈ ਲੈਪ੍ਰੋਸਕੇਪੀ ਅਤੇ ਫੇਟੋਸਕੋਪਿਕ ਦੇ ਨਾਲ-ਨਾਲ ਲੇਪ੍ਰੋਸਕੋਪਿਕ ਟਾਂਕੇ ਲਾਉਣ ਦਾ ਫ਼ੈਸਲਾ ਲਿਆ।

ਡਾਕਟਰਾਂ ਨੇ ਨਿਕਲਦੇ ਖ਼ੂਨ ਨੂੰ ਕੰਟਰੋਲ ਕਰ ਕੇ ਮਰੀਜ਼ ਦਾ ਇਲਾਜ ਕੀਤਾ, ਜਿਸ ਨਾਲ ਔਰਤ ਤੇ ਉਸ ਦੇ ਬੱਚੇ ਲਈ ਉਮੀਦ ਦੀ ਕਿਰਨ ਜਾਗੀ। ਔਰਤ ਨੂੰ 37ਵੇਂ ਹਫ਼ਤੇ ਜਣੇਪਾ ਪੀੜ ਸ਼ੁਰੂ ਹੋਈ। ਉਸ ਨੇ ਆਮ ਜਣੇਪੇ ਰਾਹੀਂ ਬੱਚੇ ਨੂੰ ਜਨਮ ਦਿੱਤਾ। ਮਾਂ ਤੇ ਬੱਚਾ ਦੋਵੇਂ ਠੀਕ ਹਨ। ਇਹ ਮਾਮਲਾ ਅਮਰੀਕਨ ਜਨਰਲ ਆਫ ਆਬਸਟੇਟ੍ਰਿਕਸ ਐਂਡ ਗਾਇਨੇਕੋਲੋਜੀ ਸਮੇਤ ਵੱਖ-ਵੱਖ ਪੱਤ੍ਰਿਕਾਵਾਂ ’ਚ ਛਪਿਆ ਹੈ।