ਜਸਪਾਲ ਸਿੰਘ ਹੇਰਾਂ
ਕਈ ਵਾਰ ਕੁਦਰਤ ਅਜੀਬ ਮੌਕਾ ਮੇਲਦੀ ਹੈ। ਅਜਿਹੇ ਮੌਕਾ ਮੇਲ ਪਿੱਛੇ ਕੁਦਰਤ ਦਾ ਕੋਈ ਬਹੁਤ ਵੱਡਾ ਸੁਨੇਹਾ ਛੁਪਿਆ ਹੁੰਦਾ ਹੈ। ਅਸੀਂ ਉਸ ਨੂੰ ਸਮਝਦੇ ਹਾਂ ਜਾਂ ਨਹੀਂ, ਇਹ ਵੱਖਰਾ ਵਿਸ਼ਾ ਹੈ। ਭਾਰਤੀ ਹਕੂਮਤ ਨੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਇਕ ਦੁਸ਼ਮਣ ਦੇਸ਼ ਵਾਂਗੂ ਪਹਿਲੀ ਜੂਨ 1984 ਨੂੰ ਸਿੱਖਾਂ ਦੇ ਜਾਨ ਤੋਂ ਪਿਆਰੇ ਧਰਤੀ ਦੇ ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕੀਤਾ। ਸਿੱਖਾਂ ਦੀ ਸ਼ਕਤੀ ਤੇ ਸਹਿਣ ਸ਼ਕਤੀ ਦੀ ਜਿਵੇ ਕਦੇ ਸਮੇਂ ਦੀ ਜ਼ਾਲਮ ਹਕੂਮਤ ਨੇ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਿਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ‘ਤੇ ਵਹਿਸ਼ੀਆਨਾ ਢੰਗ ਨਾਲ ਤਸ਼ੱਦਦ ਕਰਕੇ ਪ੍ਰੀਖਿਆ ਲਈ, ਉਸੇ ਤਰਾਂ ਦੀ ਕੌਮ ਦੀ ਇਕ ਵਾਰ ਫਿਰ ਪ੍ਰੀਖਿਆ ਲਈ ਗਈ। 1984 ਤੋਂ 31 ਵਰੇ ਬਾਅਦ 2015 ‘ਚ ਸਿੱਖਾਂ ‘ਤੇ ਗੁਰੂ ‘ਚ ਸ਼ਰਧਾ-ਸਤਿਕਾਰ ਦੇ ਰਿਸ਼ਤੇ ਨੂੰ ਤੋੜਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੰਤਰ ਬੇਅਦਬੀ ਦੀਆਂ ਘਟਨਾਵਾਂ ਦੀ ਆਰੰਭਤਾ ਵੀ ਕੌਮ ਦੀ ਸ਼ਕਤੀ ਅਤੇ ਸਹਿਣ ਸ਼ਕਤੀ ਦੀ ਇਕ ਵਾਰ ਫਿਰ ਪ੍ਰੀਖਿਆ ਲਈ ਸੀ। ਪ੍ਰੰਤੂ ਇਸ ਵਾਰ ਕੌਮ ਸਹਿਣ ਸ਼ਕਤੀ ‘ਚ ਤਾਂ ਪਾਸ ਹੋ ਗਈ ਪ੍ਰੰਤੂ ਸ਼ਕਤੀ ਦੀ ਪ੍ਰੀਖਿਆ ‘ਚੋਂ ਫੇਲ ਹੋ ਗਈ। 2 ਸਾਲ ਦੇ ਲੰਬੇ ਅਰਸੇ ‘ਚ ਕੌਮ ਦੀ ਸ਼ਕਤੀ ਦਾ ਕੋਈ ਚਮਕਤਕਾਰ ਸਾਹਮਣੇ ਨਹੀਂ ਆਇਆ, ਜਿਹੜਾ ਦੁਸ਼ਮਣ ਤਾਕਤਾਂ ਨੂੰ ਨਕੇਲ ਪਾ ਸਕਦਾ, ਜਿਹੜਾ ਸਮੇਂ ਦੀ ਸਰਕਾਰ ਨੂੰ ਮਜ਼ਬੂਰ ਕਰ ਸਕਦਾ। ਕੌਮ ਦੀ ਫੁੱਟ ਨੇ ਸ਼ਕਤੀ ਨੂੰ ਖੇਰੂ-ਖੇਰੂ ਕਰ ਦਿੱਤਾ। ਜਿਸ ਕਾਰਨ 2 ਸਾਲ ਤੋਂ ਬੇਅਦਬੀ ਦੀਆਂ ਘਟਨਾਵਾਂ ਨਿਰੰਤਰ ਜਾਰੀ ਹਨ ਅਤੇ ਕੌਮ ਦੇ ਪੱਲੇ ਸਿਰਫ਼ ਪਸ਼ਚਾਤਾਪ ਹੈ। ਪਹਿਲੀ ਜੂਨ ਦੀ ਚੀਸ ਹਰ ਸਿੱਖ ਦੇ ਹਿਰਦੇ ਨੂੰ ਵਲੂੰਧਰ ਦਿੰਦੀ ਹੈ।
ਉਸਨੂੰ ਜਾਪਦਾ ਹੈ ਕਿ ਜ਼ਾਲਮਾਂ ਨੇ ਉਸਦਾ ਸਾਰਾ ਕੁਝ ਖੋਹ ਕੇ ਉਸਨੂੰ ਕੋਹ-ਕੋਹ ਕੇ ਮਾਰ ਦਿੱਤਾ ਹੈ। ਪ੍ਰੰਤੂ ਇਹ ਚੀਸ, ਸਿੱਖ ਆਗੂਆਂ ਦੇ ਹਿਰਦੇ ਨੇ ਨੇੜੇ ਤੇੜਿਓ ਵੀ ਨਹੀਂ ਲੰਘਦੀ, ਉਨਾਂ ਲਈ ਇਹ ਦੁੱਖੜੇ-ਦਿਹਾੜੇ ਚੌਧਰ ਚਮਕਾਉਣ ਦੇ ਦਿਹਾੜੇ ਬਣ ਜਾਂਦੇ ਹਨ। ਸਿਆਸੀ ਰੋਟੀਆਂ ਸੇਕਣ ਦਾ ਅਧਾਰ ਬਣ ਜਾਂਦੇ ਹਨ। ਪਹਿਲੀ ਜੂਨ 1984 ਨੂੰ ਸਮੇਂ ਦੀ ਜਾਬਰ ਹਕੂਮਤ ਨੇ ਦੋ ਬਾਹਰਲੇ ਦੇਸ਼ਾਂ ਦੀ ਸਹਾਇਤਾ ਨਾਲ ਧਰਤੀ ਦੇ ਸੱਚਖੰਡ, ਸਿੱਖਾਂ ਦੀ ਜਾਨ, ਸ੍ਰੀ ਦਰਬਾਰ ਸਾਹਿਬ ਤੇ ਮਾਰੂ ਹੱਲਾ ਬੋਲ ਦਿੱਤਾ। ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਆਈਆਂ ਸਿੱਖ ਸੰਗਤਾਂ ਨੂੰ ਬਿਨਾਂ ਬਜ਼ੁਰਗ, ਬੱਚੇ, ਔਰਤ ਦਾ ਖ਼ਿਆਲ ਕੀਤਿਆਂ ਵਹਿਸ਼ੀਆਨਾ ਕਤਲੇਆਮ ਦੀ ਭੇਂਟ ਚੜਾ ਦਿੱਤਾ। ਸ੍ਰੀ ਦਰਬਾਰ ਸਾਹਿਬ ਤੇ ਗੋਲੀਆਂ ਦਾਗੀਆਂ, ਦਰਬਾਰ ਸਾਹਿਬ ‘ਚ ਸ਼ੁਸ਼ੋਭਿਤ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਗੋਲੀਆਂ ਲੱਗੀਆਂ ਤਾਂਬਿਆਂ ਬੈਠਾ ਗ੍ਰੰਥੀ ਸਿੰਘ ਸ਼ਹੀਦ ਹੋਇਆ, ਟੈਂਕਾਂ, ਤੋਪਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਢਾਹਿਆ ਗਿਆ, ਪਰਕਰਮਾ ਤੇ ਸਰੋਵਰ ਖੂਨ ਤੇ ਮਾਸ ਦੇ ਚੀਥੜਿਆਂ ਨਾਲ ਭਰ ਦਿੱਤੇ ਗਏ। ਮਰਦ-ਏ-ਮੁਜਾਹਿਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਸਿੰਘ ਦੀ ਸੂਰਮਤਾਈ ਅਤੇ ਕੀਤੀ ਅਰਦਾਸ ਤੇ ਆਡੋਲਤਾ ਨਾਲ ਪਹਿਰਾ ਦਿੰਦਿਆਂ, ਆਪਣੇ ਸਾਥੀਆਂ ਨਾਲ ਪੁਰਾਤਨ ਸਿੰਘਾਂ ਦੇ ਇਤਿਹਾਸ ਨੂੰ ਦੁਹਰਾਉਂਦਿਆਂ ਸ਼ਹੀਦੀ ਪਾਈ।
1 ਜੂਨ ਤੋਂ 6 ਜੂਨ ਤੱਕ ਸਾਕਾ ਦਰਬਾਰ ਸਾਹਿਬ ਸਮੇਂ ਜਦੋਂ ਜਾਬਰ ਸਰਕਾਰ ਨੇ ਹਰ ਜ਼ੋਰ-ਜਬਰ, ਜ਼ੁਲਮ ਤਸ਼ੱਦਦ ਦਾ ਸ਼ਿਖ਼ਰ ਕਰਦਿਆਂ ਸਿੱਖਾਂ ਦੀ ਕੁਰਬਾਨੀ ਦੀ ਗੁੜਤੀ ਦੀ ਡਾਢੀ ਕਰੜੀ ਪ੍ਰੀਖਿਆ ਲਈ, ਹਰ ਸਿੱਖ, ਦੇਸ਼ ਦੀ ਹਕੂਮਤ ਵੱਲੋਂ ਕੱਢੇ ਵੈਰ ਕਾਰਣ ਤਨੋ, ਮਨੋ ਝੰਜੋੜਿਆ ਜਾਂਦਾ ਹੈ। ਸੁੱਤੇ-ਸਿੱਧ ਉਸਦੀਆਂ ਮੁੱਠੀਆਂ ਰੋਹ ਨਾਲ ਮੀਚੀਆ ਜਾਂਦੀਆਂ ਹਨ ਤੇ ਫ਼ਿਰ ਆਪਣੀ ਬੇਵੱਸੀ ਮਹਿਸੂਸ ਕਰਦਿਆਂ, ਸਿਰਫ਼ ਹਉਕਾ ਲੈ ਕੇ ਆਪਣੇ ਮਨ ਦੀ ਚੀਸ ਨੂੰ ਘੱਟ ਕਰਨ ਦਾ ਅਸਫ਼ਲ ਯਤਨ ਕਰਦਾ ਹੈ। ਸਾਕਾ ਦਰਬਾਰ ਸਾਹਿਬ, ਬਿਨਾਂ ਸ਼ੱਕ ਇੰਦਰਾ ਗਾਂਧੀ ਦੀ ਜਾਬਰ ਸਰਕਾਰ ਵੱਲੋਂ ਸਿੱਖਾਂ ਨੂੰ ਸਬਕ ਸਿਖਾਉਣ ਦੀ ਗਿਣੀ-ਮਿਥੀ ਵਿਉਂਤਬੰਦ ਸਕੀਮ ਸੀ। ਸਿੱਖਾਂ ਦਾ ਤੇ ਸਿੱਖ ਜਜ਼ਬਾਤਾਂ ਦਾ ਘਾਣ ਭਿਆਨਕ ਅਰਥ ਰੱਖਦਾ ਹੈ। ਪ੍ਰੰਤੂ ਅਫ਼ਸੋਸ ਇਹੋ ਹੈ ਕਿ ਇਸ ਦੇਸ਼ ਦੀ ਬਹੁਗਿਣਤੀ, ਇਸ ਦੇਸ਼ ਦੇ ਰਾਖਿਆਂ ਤੇ ਅੰਨਦਾਤੇ ਨੂੰ ਤਾਂ ਆਪਣੀ ਫ਼ਿਰਕੂ, ਜਾਨੂੰਨੀ ਸੋਚ ਕਾਰਣ ”ਅੱਤਵਾਦੀ” ਬਣਾਈ ਜਾਂਦੀ ਹੈ। ਪ੍ਰੰਤੂ ਅਸੀਂ ਇਸ ਦੇਸ਼ ਦੀ ਬਹੁਗਿਣਤੀ ਦੇ ਉਸ ਅੱਤਵਾਦ ਨੂੰ ਜਿਸਦਾ ਕਰੂਪ ਚਿਹਰਾ ਸਾਕਾ ਦਰਬਾਰ ਸਾਹਿਬ ਸਮੇਂ ਸਾਬਤ ਹੋਇਆ, ਉਸਨੂੰ ਬੇਦੋਸ਼ੀਆਂ ਸਿੱਖ ਸੰਗਤਾਂ ਦੇ ਭਿਆਨਕ ਕਤਲੇਆਮ ਲਈ ਭਿਆਨਕ ”ਅੱਤਵਾਦੀ” ਵੱਖਵਾਦੀ ”ਅੱਤਵਾਦੀ”+ ਨਹੀਂ ਗਰਦਾਨ ਸਕੇ। 33 ਵਰੇ ਬਾਅਦ ਉਨਾਂ ਸਿੱਖ ਦੁਸ਼ਮਣ ਤਾਕਤਾਂ ਨੇ ਫ਼ਿਰ 1 ਜੂਨ 2015 ਨੂੰ ਪਿੰਡ ਜਵਾਹਰ ਸਿੰਘ ਵਾਲਾ ਵਿਖੇ ”ਪ੍ਰਗਟ ਗੁਰਾਂ ਕੀ ਦੇਹਿ” ਤੇ ਹੱਲਾ ਬੋਲਿਆ। ਗੁਰੂ ਸਾਹਿਬ ਦੇ ਪਵਿੱਤਰ ਪਾਵਨ ਸਰੂਪ ਚੋਰੀ ਕਰ ਲਏ ਗਏ। ਫ਼ਿਰ ਪਵਿੱਤਰ ਪਾਵਨ ਅੰਗਾਂ ਦਾ ਕਤਲੇਆਮ ਵੀ ਕੀਤਾ ਗਿਆ ਤੇ ਨਿਰੰਤਰ ਗੁਰੂ ਸਾਹਿਬ ਤੇ ਗੁਰਬਾਣੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ। ਕੌਮ ਚ ਰੋਸ ਜਾਗਿਆ, ਰੋਹ ਉੱਠਿਆ ਅੱਗੋਂ ਸਰਕਾਰ ਨੇ ਗੋਲੀਆਂ ਮਾਰ ਕੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ।
ਸਰਕਾਰ ਦੇ ਦਮਨ-ਚੱਕਰ ਅੱਗੇ ”ਸ਼ੇਰਾਂ ਦੀ ਕੌਮ” ਢੇਰੀ ਢਾਹ ਗਈ। ਗੁਰੂ ਸਾਹਿਬ ਦੇ ਨਾਮ ਤੇ ਸ਼ੁਰੂ ਹੋਇਆ ਸੰਘਰਸ਼ ਕਿਧਰੇ ਗੁਆਚ ਗਿਆ। ਆਗੂਆਂ ਦੀ ਹੳੂਮੈ, ਈਰਖਾ ਜਾਂ ਚੌਧਰਪੁਣੇ ਦੀ ਭੁੱਖ ਚੜ ਗਿਆ ਜਾਂ ਫ਼ਿਰ ਕੌਮ ‘ਚ ਸੰਘਰਸ਼ ਦੀ ਸਮਰੱਥਾਂ ਹੀ ਮੁੱਕ ਗਈ? 33 ਵਰਿਆਂ ‘ਚ ਅਸੀਂ ਸਾਕਾ ਦਰਬਾਰ ਸਾਹਿਬ ਸਮੇਂ ਹੋਏ ਕੌਮ ਦੇ ਕਤਲੇਆਮ, ਨਵੰਬਰ 1984 ‘ਚ ਕੌਮ ਨੂੰ ਦੇਸ਼ ਦੀਆਂ ਸੜਕਾਂ ਤੇ ਰੋਹ-ਰੋਹ ਮਾਰਨ ਤੇ ਬੇਪੱਤ ਕਰਨ, 25 ਹਜ਼ਾਰ ਸਿੰਘਾਂ ਦਆਂ ਅਣਪਛਾਤੀਆਂ ਲਾਸ਼ਾਂ ਦਾ ‘ਅਤਾ-ਪਤਾ’ ਲੈਣ, 67 ਹਜ਼ਾਰ ਤੋਂ ਵੱਧ ਹੋਏ ਝੂਠੇ ਪੁਲਿਸ ਮੁਕਾਬਲਿਆਂ ਦਾ ਲੇਖਾ-ਜੋਖਾ ਲੈਣ, ਜੇਲਾਂ ‘ਚ ਬੰਦ ਬੰਦੀ ਸਿੰਘਾਂ ਦੀ ਰਿਹਾਈ, ਧਾਰਾ 25ਬੀ ਦੇ ਖ਼ਾਤਮੇ ਵਰਗੇ, ਕੌਮ ਨਾਲ ਹੋਏ ਚਿੱਟੇ ਦਿਨ ਦੇ ਧੱਕਿਆਂ, ਵਿਤਕਰਿਆਂ, ਬੇਇਨਸਾਫ਼ੀ ਦਾ ਇਨਸਾਫ਼ ਲੈਣ ਤੋਂ ਅਸਮਰੱਥ ਹਾਂ। ਫ਼ਿਰ ਵੀ ਅਸੀਂ ਆਪਣੇ ਆਪ ਨੂੰ ਦਸਮੇਸ਼ ਪਿਤਾ ਦੇ ਪੁੱਤਰ ਸਮਝਦੇ ਹਾਂ? ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੇ ਵਾਪਿਸ ਮੰਨਦੇ ਹਾਂ? ਹਰ ਕਿਸੇ ਨੂੰ ਆਪਣੀ ਅੰਤਰ ਆਤਮਾ ਤੋਂ ਵੀ ਇਸਦਾ ਸੁਆਲ ਪੁੱਛਣਾ ਪਵੇਗਾ ਆਪਣੇ ਭਰਾ ਨੂੰ ਮਾਰ ਕੇ ਅਸੀਂ ਆਪਣੇ ਆਪ ਨੂੰ ਫੰਨੇ ਖਾ ਮੰਨਣ ਲੱਗ ਪੈਂਦੇ ਹਾਂ। ਪ੍ਰੰਤੂ ਉਨਾਂ ਗੈਰਾਂ ਬਾਰੇ, ਉਨਾਂ ਦੁਸ਼ਮਣਾਂ ਬਾਰੇ, ਜਿਹੜੇ ਸਾਡੇ ‘ਬਾਪੂ’ ਦੀ ‘ਦੇਹ’ ਨੂੰ ਬਜ਼ਾਰ ‘ਚ ਰੋਲਦੇ ਫ਼ਿਰਦੇ ਹਨ, ਅਗਨ ਭੇਂਟ ਕਰੀ ਜਾਂਦੇ ਹਨ, ਬੇਅਦਬੀ ਕਰੀ ਜਾਂਦੇ ਹਨ, ਉਨਾਂ ਨੂੰ ਸਜ਼ਾ ਦੇਣ ਲਈ, ਸਾਡਾ ਖੂਨ ਜੰਮ ਕਿਉਂ ਜਾਂਦਾ ਹੈ? ਬੜਕ ਤੇ ਮੋਕ ਸਿੱਖਾਂ ਦੇ ਹਿੱਸੇ ਨਹੀਂ ਹੈ।
ਪਹਿਲੀ ਜੂਨ ਦੀ ਚੀਸ, ਸਾਨੂੰ ਜਗਾਉਂਦੀ ਵੀ ਹੈ, ਹਲੂਣਦੀ ਵੀ ਹੈ। ਪਰ ਅਸੀਂ ਐਨੇ ਜ਼ਿਆਦਾ ਢੀਠ ਹੋ ਗਏ ਹਾਂ ਕਿ ਸਾਡੇ ਤੇ ਕੋਈ ਅਸਰ ਹੀ ਨਹੀਂ ਹੁੰਦਾ। ਅਸੀਂ ਆਪਣੀ-ਆਪਣੀ ਤਫ਼ਲੀ ਵਜ਼ਾ ਕੇ ਆਨੇ-ਬਹਾਨੇ ਤੇ ਝੂਠੀਆਂ ਬੜਕਾਂ ਨਾਲ ਇਹ ਦੁੱਖੜੇ-ਦਿਹਾੜੇ ਲੰਘਾ ਛੱਡਦੇ ਹਾਂ ਤੇ ਆਪਣੀਆਂ ਖੇਡਾਂ ‘ਚ ਫ਼ਿਰ ਮਸਤ ਹੋ ਜਾਂਦੇ ਹਾਂ। ਅੱਜ ਸਾਨੂੰ ਇਹ ਫੈਸਲਾ ਜ਼ਰੂਰ ਕਰਨਾ ਪਵੇਗਾ ਕਿ ਅਸੀਂ ਸਿੰਘ ਜਾਂ ਕੌਰ ਸਿਰਫ਼ ਨਾਮ ਦੇ ਬਣ ਕੇ ਰਹਿਣਾ ਹੈ ਜਾਂ ਫ਼ਿਰ ਦਸ਼ਮੇਸ਼ ਪਿਤਾ ਦੇ ਧੀਆਂ-ਪੁੱਤ ਹੋਣ ਦਾ ਸਬੂਤ ਦੇਣਾ ਹੈ। ਫੋਕੀਆਂ ਦਲੀਲਾਂ, ਝੂਠੇ ਬਹਾਨੇ ਤੇ ਝੂਠੀਆਂ ਬੜਕਾਂ ਛੱਡ ਕੇ ਕੌਮ ਦੇ ਸਵੈਮਾਣ ਦੀ ਰਾਖ਼ੀ ਲਈ ਜੂਝਣਾ ਪਵੇਗਾ, ਇਸ ਤੋਂ ਇਲਾਵਾ ਹੋਰ ਕੋਈ ਰਸਤਾ ਹੁਣ ਬਾਕੀ ਨਹੀਂ, ਬਹਾਨੇਬਾਜ਼ੀ ਜਿੰਨੀ ਮਰਜ਼ੀ ਕਰ ਲਈ ਜਾਵੇ।