ਪੁਨੀਤ ਬਾਵਾ, ਲੁਧਿਆਣਾ : ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੇ ਸੱਦੇ ‘ਤੇ ਪਸ਼ੂ ਪਾਲਣ ਦੀ ਅਫ਼ਸਰਸ਼ਾਹੀ ਦੀਆਂ ਕੋਝੀਆਂ ਤੇ ਘਟੀਆ ਹਰਕਤਾਂ ਖ਼ਿਲਾਫ਼ ਜ਼ਿਲ੍ਹਾ ਪੱਧਰੀ ਦਫ਼ਤਰਾਂ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਲੁਧਿਆਣਾ ਜ਼ਿਲ੍ਹੇ ਦੇ ਸਾਰੇ ਮੌਜੂਦਾ ਤੇ ਸੇਵਾਮੁਕਤ ਵੈਟਰਨਰੀ ਇੰਸਪੈਕਟਰ, ਸੀਨੀਅਰ ਵੈਟਰਨਰੀ ਇੰਸਪੈਕਟਰ ਅਤੇ ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਸ਼ਾਮਲ ਹੋਏ। ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਲੋਧੀਵਾਲ, ਸੂਬਾ ਕਮੇਟੀ ਮੈਂਬਰ ਮੁਖਤਿਆਰ ਸਿੰਘ ਬੇਰ, ਸਾਬਕਾ ਸੂਬਾ ਸਲਾਹਕਾਰ ਗੁਰਦੀਪ ਸਿੰਘ ਬਾਸੀ, ਤਹਿਸੀਲ ਵੈਟਰਨਰੀ ਇੰਸਪੈਕਟਰ ਸੰਦੀਪ ਸਿੰਘ ਸਰਾਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਪੰਜਾਬ ਭਰ ਦੇ ਵੈਟਰਨਰੀ ਅਫ਼ਸਰ ਲਾਬੀ ਵੈਟਰਨਰੀ ਇੰਸਪੈਕਟਰ ਕੇਡਰ ਨੂੰ ਜ਼ਲੀਲ ਤੇ ਖੱਜਲ ਖੁਆਰ ਕਰ ਰਹੀ ਹੈ। ਵੈਟਰਨਰੀ ਇੰਸਪੈਕਟਰਾਂ ਵੱਲੋਂ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਤੋਂ ਟੈਗਿੰਗ ਦੀ ਪੇਮੈਂਟ ਦੀ ਅਦਾਇਗੀ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਚੱਲ ਰਹੀ ਮੂੰਹ ਖੁਰ ਦੀ ਵੈਕਸੀਨੇਸਨ ਲਈ ਇਕਮੁਸ਼ਤ ਕਰਨ ਲਈ ਹਦਾਇਤਾਂ ਤੇ ਨਵੇਂ ਟੈਗ ਜਾਰੀ ਕਰਨ ਦਾ ਮਸਲਾ ਵੀ ਸਰਕਾਰ ਕੋਲ ਵਾਰ-ਵਾਰ ਰੱਖਿਆ ਗਿਆ। ਪੰ੍ਤੂ ਪਸ਼ੂ ਪਾਲਣ ਵਿਭਾਗ ਦੀ ਅਫਸਰਸ਼ਾਹੀ ਇਨ੍ਹਾਂ ਮੰਗਾਂ ਨੂੰ ਗੰਭੀਰਤਾ ਨਾਲ ਨਹੀ ਲੈ ਰਹੀ। ਮਜਬੂਰੀ ਵੱਸ ਵੈਟਰਨਰੀ ਇੰਸਪੈਕਟਰ ਕੇਡਰ ਨੂੰ ਵੈਕਸੀਨ ਲਾਉਣ ਦੀ ਮੁਹਿੰਮ ਹੋਲਡ ‘ਤੇ ਰੱਖਣੀ ਪਈ। ਅਫ਼ਸਰਸ਼ਾਹੀ ਨੇ ਆਪਣੀ ਨਿਕੰਮੀ ਕਾਰਗੁਜ਼ਾਰੀ ਲੁਕਾਉਣ ਲਈ ਉਲਟਾ ਕੁੱਝ ਜ਼ਿਲਿ੍ਹਆਂ ‘ਚ ਵੈਟਰਨਰੀ ਇੰਸਪੈਕਟਰ ਕੇਡਰ ਨੂੰ ਨਿਸ਼ਾਨੇ ‘ਤੇ ਲੈ ਕੇ ਵਿਭਾਗੀ ਕਾਰਵਾਈ ਤੇ ਨਿੱਜੀ ਤੌਰ ‘ਤੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਅਫ਼ਸਰਸ਼ਾਹੀ ਆਨੇ-ਬਹਾਨੇ ਫੀਲਡ ‘ਚ ਕੰਮ ਕਰ ਰਹੇ ਵੈਟਰਨਰੀ ਇੰਸਪੈਕਟਰਾਂ ਨੂੰ ਲੋੜ ਤੋਂ ਵੱਧ ਪਰੇਸ਼ਾਨ ਕਰ ਰਹੀ ਹੈ।

ਲੰਮੇ ਸਮੇਂ ਤੋਂ ਆ ਰਹੀਆਂ ਇਨ੍ਹਾਂ ਸ਼ਿਕਾਇਤਾਂ ਦੇ ਮੱਦੇਨਜ਼ਰ ਪੰਜਾਬ ਭਰ ਦੇ ਵੈਟਰਨਰੀ ਇੰਸਪੈਕਟਰਾਂ ਵੱਲੋਂ ਪੰਜਾਬ ਦੇ ਸਾਰੇ ਡਿਪਟੀ ਡਾਇਰੈਕਟਰਾਂ ਦੇ ਦਫ਼ਤਰਾਂ ਅੱਗੇ ਦੋ ਘੰਟੇ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਨੇ ਪਸ਼ੂ ਪਾਲਣ ਵਿਭਾਗ ਦੇ ਕੈਬਨਿਂਟ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਬੇਨਤੀ ਕੀਤੀ ਕਿ ਵਿਭਾਗ ਦੀ ਅਫ਼ਸਰਸ਼ਾਹੀ ਦੀਆਂ ਆਪ ਹੁਦਰੀਆਂ ਨੂੰ ਤੁਰੰਤ ਨੱਥ ਪਾਈ ਜਾਵੇ ਤੇ ਜ਼ਿਲ੍ਹਾ ਪੱਧਰੀ ਅਫ਼ਸਰਾਂ ਵੱਲੋਂ ਫੀਲਡ ਦੇ ਸਟਾਫ ਨਾਲ ਦੁਰਵਿਹਾਰ ਕਰਨ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਜੇਕਰ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਕ ਹਫ਼ਤੇ ‘ਚ ਇਨ੍ਹਾਂ ਮੁਸ਼ਕਲਾਂ ਦਾ ਨਿਪਟਾਰਾ ਨਾ ਕੀਤਾ ਤਾਂ ਸੂਬੇ ਭਰ ਦੇ ਸਾਰੇ ਸਾਥੀਆਂ ਵੱਲੋਂ ਸੂਬਾ ਪੱਧਰੀ ਸੰਘਰਸ਼ ਵਿੱਿਢਆ ਜਾਵੇਗਾ, ਇਸ ਦੀ ਜ਼ਿੰਮੇਵਾਰੀ ਉੱਚ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੈਟਰਨਰੀ ਇੰਸਪੈਕਟਰ ਰਾਜਦੀਪ ਸਿੰਘ ਧਰੌੜ, ਕੁਲਵੀਰ ਸਿੰਘ ਰਾਏ, ਸੀਨੀਅਰ ਵੈਟਰਨਰੀ ਇੰਸਪੈਕਟਰ ਗੁਰਜੀਤ ਸਿੰਘ ਜਟਾਣਾ ਤੇ ਸੁਰਿੰਦਰ ਸਿੰਘ ਪੰਜੇਟਾ, ਪ੍ਰਦੀਪ ਸਿੰਘ ਜਗਰਾਓਂ, ਸਾਹਿਲ ਸੋਨੀ ਪਾਇਲ, ਬਲਵਿੰਦਰ ਸਿੰਘ ਬੇਰ, ਬਿਕਰਮ ਸਿੰਘ ਮਕਸੂਦੜਾ, ਜਗਦੇਵ ਸਿੰਘ ਖੰਨਾ, ਹਰਜੋਤ ਸਿੰਘ ਮੁਲਾਂਪੁਰ, ਜਗਰੂਪ ਸਿੰਘ ਹਾਂਸਪੁਰੀ (ਸਾਹਨੇਵਾਲ), ,ਚੰਦਨਦੀਪ ਸਿੰਘ ਰਾਏਕੋਟ, ਰਵਿੰਦਰਜੀਤ ਸਿੰਘ ਰਵੀ, ਅੰਮਿ੍ਤਪਾਲ ਸਿੰਘ ਕਿਲ੍ਹਾ ਹਾਂਸ,ਸੁਭਾਸ਼ ਚੰਦਰ ਕਟਾਣੀ,ਜਗਦੇਵ ਸਿੰਘ ਕਾਲਖ਼ ਸਮੇਤ ਬਹੁਤ ਸਾਰੇ ਵੈਟਰਨਰੀ ਇੰਸਪੈਕਟਰ ਸਾਥੀ ਹਾਜ਼ਰ ਸਨ।