ਹਰਪ੍ਰੀਤ ਸਿੰਘ ਲਾਡੀ, ਗੁਰੂਸਰ ਸੁਧਾਰ : ਕਸਬੇ ਦੇ ਲਕਸ਼ਮੀ ਨਰਾਇਣ ਮੰਦਰ ਤੋਂ ਅਗਾਂਹ ਪਿੰਡ ਅਕਾਲਗੜ੍ਹ ’ਚੋਂ ਦੇਰ ਸ਼ਾਮ ਇਕ ਵਾਰਦਾਤ ਨੂੰ ਅੰਜਾਮ ਦਿੰਦਿਆਂ ਪਿਤਾ ਵਲੋਂ ਹੀ ਆਪਣਾ 10 ਸਾਲਾ ਲੜਕਾ ਸਾਥੀਆਂ ਦੀ ਮਦਦ ਨਾਲ ਹਥਿਆਰਾਂ ਦੇ ਬਲ ’ਤੇ ਅਗਵਾ ਕਰ ਲਿਆ ਗਿਆ।

ਜਾਣਕਾਰੀ ਅਨੁਸਾਰ ਪਿੰਡ ਅਕਾਲਗੜ੍ਹ ਨਿਵਾਸੀ ਤੇ ਭਾਰਤੀ ਹਵਾਈ ਫ਼ੌਜ ‘ਚੋਂ ਸੇਵਾਮੁਕਤ ਅਧਿਕਾਰੀ ਗੁਰਦੇਵ ਸਿੰਘ ਨੇ ਆਪਣੀ ਲੜਕੀ ਕੁਲਦੀਪ ਕੌਰ ਦਾ ਵਿਆਹ ਫਿਲੌਰ ਤਹਿਸੀਲ ਦੇ ਪਿੰਡ ਪਾਸਲਾ ਨਿਵਾਸੀ ਬੂਟਾ ਸਿੰਘ ਨਾਲ ਕੀਤਾ ਸੀ। ਇਨ੍ਹਾਂ ਦੇ ਵਿਆਹ ਤੋਂ ਇਕ ਲੜਕਾ ਵੀਨਸ ਸਿੰਘ ਨੇ ਜਨਮ ਲਿਆ। ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣਾ ਮਕਾਨ ਗਿਰਵੀ ਰੱਖ ਕੇ 20 ਲੱਖ ਰੁਪਏ ਕਰਜ਼ਾ ਲੈ ਕੇ ਅਕਤੂਬਰ 2020 ‘ਚ ਬੇਟੀ ਕੁਲਦੀਪ ਕੌਰ ਨੂੰ ਸਟੱਡੀ ਵੀਜ਼ਾ ’ਤੇ ਇੰਗਲੈਂਡ ਭੇਜਿਆ ਸੀ ਤੇ ਜਵਾਈ ਬੂਟਾ ਸਿੰਘ ਵੀ ਸਪਾਊਸ ਵਜੋਂ ਨਾਲ ਗਿਆ ਸੀ। ਇੰਗਲੈਂਡ ਪਹੁੰਚਦਿਆਂ ਹੀ ਬੂਟਾ ਸਿੰਘ ਨੇ ਬੇਟੀ ਨਾਲ ਕੁੱਟਮਾਰ ਕਰ ਕੇ ਘਰੋਂ ਕੱਢਣ ਸਮੇਤ ਹੋਰ ਅੱਤਿਆਚਾਰ ਸ਼ੁਰੂ ਕਰ ਦਿੱਤੇ।

ਇੱਥੇ ਹੀ ਬੱਸ ਨਹੀਂ ਬੂਟਾ ਸਿੰਘ ਨੇ ਪਤਨੀ ਦੇ ਆਧਾਰ ’ਤੇ ਇੰਗਲੈਂਡ ਦੀਆਂ ਬੈਂਕਾਂ ਤੋਂ ਕਰਜ਼ਾ ਵੀ ਲੈਣ ਦੇ ਨਾਲ ਫਰਾਡ ਸ਼ੁਰੂ ਕਰ ਦਿੱਤਾ। ਬੇਟਾ ਵੀਨਸ ਬੂਟਾ ਸਿੰਘ ਦੇ ਗ੍ਰਹਿ ਦਾਦਕੇ ਹੀ ਰਹਿੰਦਾ ਸੀ। ਇਸ ਵਰਤਾਰੇ ਨੂੰ ਦੇਖਦਿਆਂ ਜਿਥੇ ਕੁਲਦੀਪ ਕੌਰ ਨੇ ਆਪਣੇ 10 ਸਾਲਾ ਬੇਟੇ ਦੀ ਦੇਖਭਾਲ ਸਬੰਧੀ ਪਾਵਰ ਆਫ਼ ਅਟਾਰਨੀ ਆਪਣੇ ਮਾਪਿਆਂ ਗੁਰਦੇਵ ਸਿੰਘ ਨੂੰ ਦਿੰਦਿਆਂ ਵੀਨਸ ਨੂੰ ਪੇਕੇ ਘਰ ਚੰਗੀ ਪਰਵਰਿਸ਼ ਲਈ ਨਾਨਕੇ ਘਰ ਪਹੁੰਚਵਾ ਦਿੱਤਾ, ਉਥੇ ਹੀ ਬੂਟਾ ਸਿੰਘ ਤੋਂ ਸੰਭਾਵੀ ਖਤਰੇ ਨੂੰ ਭਾਂਪਦਿਆਂ ਲੜਕੇ ਦੀ ਸੁਰੱਖਿਆ ਸਬੰਧੀ ਬਕਾਇਦਾ ਪੁਲਿਸ ਨੂੰ ਬੂਟਾ ਸਿੰਘ ਪਾਸਲਾ ਬਾਰੇ ਜਾਣੂੰ ਕਰਵਾਇਆ ਹੋਇਆ ਸੀ।

ਬੂਟਾ ਸਿੰਘ ਕਿਸੇ ਤਰ੍ਹਾਂ ਇੰਗਲੈਂਡ ਤੋਂ ਵਾਪਸ ਆ ਗਿਆ ਤੇ ਉਸ ਨੇ ਅੱਜ ਦੇਰ ਸ਼ਾਮ ਸਾਥੀਆਂ ਸਮੇਤ ਫਾਰਚੂਰਨ ਕਾਰ ‘ਚ ਅਕਾਲਗੜ੍ਹ ਪਹੁੰਚ ਕੇ ਸਹੁਰੇ ਘਰ ਸਾਥੀਆਂ ਸਮੇਤ ਦਾਖ਼ਲ ਹੋ ਗਿਆ ਤੇ ਮੂੰਹ ਢਕ ਕੇ ਸਾਰੇ ਸਾਥੀਆਂ ’ਚੋਂ ਇਕ ਨੇ ਸਹੁਰੇ ਗੁਰਦੇਵ ਸਿੰਘ ਦੀ ਕਨਪਟੀ ’ਤੇ ਰਿਵਾਲਵਰ ਰੱਖ ਲਿਆ ਜਦਕਿ ਬੂਟਾ ਸਿੰਘ ਪਾਸਲਾ ਨੇ ਬੇਟੇ ਵੀਨਸ ਨੂੰ ਜਬਰਨ ਚੁੱਕ ਲਿਆ। ਛੇ ਵਿਚੋਂ ਬਾਕੀ ਦੋ ਵਿਅਕਤੀਆਂ ਕੋਲ ਦੀ ਰਿਵਾਲਵਰ ਸਨ। ਘਰ ਵਿਚ ਗੁਰਦੇਵ ਸਿੰਘ ਦੀ ਪਤਨੀ ਜਸਵੰਤ ਕੌਰ ਤੇ ਬੇਟਾ ਅਮਨਦੀਪ ਸਿੰਘ ਵੀ ਮੌਜੂਦ ਸਨ। ਮਹਿਜ਼ ਇਕ ਡੇਢ ਮਿੰਟ ਦੀ ਘਟਨਾ ਨੂੰ ਅੰਜਾਮ ਦਿੰਦਿਆਂ ਬੂਟਾ ਸਿੰਘ ਪਾਸਲਾ ਤੇ ਸਾਥੀ ਲੜਕੇ ਵੀਨਸ ਨੂੰ ਜਬਰਨ ਕਾਰ ‘ਚ ਸੁੱਟ ਕੇ ਫ਼ਰਾਰ ਹੋ ਗਏ ਜਦਕਿ ਗੁਰਦੇਵ ਸਿੰਘ ਨੇ ਹੌਂਸਲਾ ਦਿਖਾਉਂਦਿਆਂ ਕਾਰ ਦੀ ਤਾਕੀ ਨੂੰ ਫੜੀ ਰੱਖਿਆ । ਪ੍ਰੰਤੂ ਗਲੀ ਦੀਆਂ ਕੰਧਾਂ ‘ਚ ਰਗੜਾਂ ਆਦਿ ਲੱਗਣ ਕਰ ਕੇ ਉਹ ਵੀ ਬੇਵੱਸ ਦੇਖਦਾ ਰਿਹਾ। ਵੀਨਸ ਦੇ ਨਾਨਾ ਗੁਰਦੇਵ ਸਿੰਘ ਅਨੁਸਾਰ ਥਾਣਾ ਸੁਧਾਰ ਵਿਖੇ ਇਸ ਸਬੰਧੀ ਰਿਪੋਰਟ ਲਿਖਾਉਣ ਦੇ ਨਾਲ ਉਨ੍ਹਾਂ ਵਲੋਂ ਪੁਲਿਸ ਕੰਟਰੋਲ ਰੂਮ ਵਿਖੇ ਵੀ ਸੂਚਿਤ ਕੀਤਾ ਗਿਆ ਹੈ। ਵਾਪਰੀ ਇਸ ਘਟਨਾ ਕਾਰਨ ਮੰਦਿਰ ਵਾਲੀ ਗਲੀ ਦੇ ਇਲਾਕੇ ਅੰਦਰ ਕਾਫ਼ੀ ਸਹਿਮ ਦਾ ਮਾਹੌਲ ਹੈ।