ਅਭਿਸ਼ੇਕ ਤ੍ਰਿਪਾਠੀ, ਅਹਿਮਦਾਬਾਦ : ਮਹਾਤਮਾ ਗਾਂਧੀ ਦਾ ਸ਼ਹਿਰ, ਦੁਨੀਆ ਦਾ ਸਭ ਤੋਂ ਵੱਡਾ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ, ਭਾਰਤੀ ਪ੍ਰਧਾਨ ਮੰਤਰੀ ਸਮੇਤ ਸੈਂਕੜੇ ਪਤਵੰਤੇ ਲੋਕ, ਸਟੇਡੀਅਮ ’ਚ ਮੌਜੂਦ 1.3 ਲੱਖ ਦਰਸ਼ਕ, ਜਨ-ਗਨ-ਮਨ ਵਿਚਾਲੇ ਮੈਦਾਨ ’ਤੇ ਤਿਰੰਗਾ ਬਣਾਉਂਦੇ ਭਾਰਤੀ ਹਵਾਈ ਫ਼ੌਜ ਦੇ ਜਹਾਜ਼, ਵਿਸ਼ਵ ਭਰ ’ਚ ਮਾਣ ਨਾਲ ਭਰੇ 1.5 ਅਰਬ ਤੋਂ ਵੱਧ ਭਾਰਤੀਆਂ ਦੀਆਂ ਦੁਆਵਾਂ ਤੇ ਨੀਲੀ ਜਰਸੀ ’ਚ ਪੰਜ ਵਾਰ ਦੀ ਵਿਸ਼ਵ ਜੇਤੂ ਆਸਟ੍ਰੇਲਿਆਈ ਟੀਮ ਨਾਲ ਮੁਕਾਬਲਾ ਕਰਦੇ ਰੋਹਿਤ ਸ਼ਰਮਾ ਦੇ ਖਿਡਾਰੀ… ਇਨ੍ਹਾਂ ਨੂੰ ਦੇਖ ਕੇ ਜੇ ਐਤਵਾਰ ਨੂੰ ਕੁਝ ਘੰਟਿਆਂ ਤੱਕ ਦੁਨੀਆ ਰੁਕ ਜਾਵੇ ਤਾਂ ਸ਼ਾਨਦਾਰ ਗੱਲ ਹੋਵੇਗੀ।
ਭਾਰਤ ਦਾ ਵਿਸ਼ਵ ਕੱਪ ਫਾਈਨਲ ’ਚ ਪ੍ਰਦਰਸ਼ਨ
ਸਾਲ, ਪ੍ਰਦਰਸ਼ਨ, ਖ਼ਿਲਾਫ਼, ਸਥਾਨ
1983, ਜਿੱਤਿਆ, ਵੈਸਟਇੰਡੀਜ਼, ਲਾਰਡਜ਼
2003, ਹਾਰਿਆ, ਆਸਟ੍ਰੇਲੀਆ, ਜੋਹਾਨਸਬਰਗ
2011, ਜਿੱਤਿਆ, ਸ੍ਰੀਲੰਕਾ, ਮੁੰਬਈ
ਆਸਟ੍ਰੇਲੀਆ ਦਾ ਵਿਸ਼ਵ ਕੱਪ ਫਾਈਨਲ ’ਚ ਪ੍ਰਦਰਸ਼ਨ
ਸਾਲ, ਪ੍ਰਦਰਸ਼ਨ, ਖ਼ਿਲਾਫ਼, ਸਥਾਨ
1975, ਹਾਰਿਆ, ਵੈਸਟਇੰਡੀਜ਼, ਲਾਰਡਜ਼
1987, ਜਿੱਤਿਆ, ਇੰਗਲੈਂਡ, ਕੋਲਕਾਤਾ
1996, ਹਾਰਿਆ, ਸ੍ਰੀਲੰਕਾ, ਲਾਹੌਰ
1999, ਜਿੱਤਿਆ, ਇੰਗਲੈਂਡ, ਲਾਰਡਜ਼
2003, ਜਿੱਤਿਆ, ਭਾਰਤ, ਜੋਹਾਨਸਬਰਗ
2007, ਜਿੱਤਿਆ, ਸ੍ਰੀਲੰਕਾ, ਬਾਰਬਾਡੋਸ
2015, ਜਿੱਤਿਆ, ਨਿਊਜ਼ੀਲੈਂਡ, ਮੈਲਬੌਰਨ
ਅੱਜ ਦੁਨੀਆ ਭਾਰਤੀ ਟੀਮ ਦੇ ਪ੍ਰਦਰਸ਼ਨ ਨੂੰ ਨਹੀਂ ਬਲਕਿ ਦੇਸ਼ ਦੀ ਬਿਹਤਰੀਨ ਵਿਰਾਸਤ ਤੇ ਰੋਸ਼ਨ ਭਵਿੱਖ ਨੂੰ ਵੀ ਦੇਖੇਗੀ। 10 ’ਚੋਂ 10 ਮੈਚ ਜਿੱਤ ਕੇ ਫਾਈਨਲ ’ਚ ਪੁੱਜੀ ਰੋਹਿਤ ਦੀ ਫ਼ੌਜ ‘ਸ਼ੁਭ 11’ ਦਾ ਉਪਹਾਰ ਦੇਵੇਗੀ ਅਤੇ ਇਸ ਵਿਸ਼ਵ ਕੱਪ ਨੂੰ ਸ਼ਾਨਦਾਰ ਢੰਗ ਨਾਲ ਕਰਵਾਉਣਾ ਤੇ ਇਸ ਦੀ ਬਿਹਤਰੀਨ ਸਮਾਪਤੀ ਦੁਨੀਆ ਨੂੰ ਨਵੇਂ ਭਾਰਤ ਦਾ ਅਹਿਸਾਸ ਕਰਵਾਏਗੀ। 1983 ਦੀ ਕਪਿਲ ਦੇਵ ਤੇ 2011 ਦੀ ਮਹਿੰਦਰ ਸਿੰਘ ਧੋਨੀ ਦੀ ਟੀਮ ਤੋਂ ਵੀ ਵੱਧ ਘਾਤਕ ਨਜ਼ਰ ਆ ਰਹੀ ਇਹ ਇਲੈਵਨ ਇਸ ਟੂਰਨਾਮੈਂਟ ਦੇ ਆਖ਼ਰੀ ਮੈਚ ਤੋਂ ਪਹਿਲਾਂ ਹੀ ਜੇਤੂ ਬਣਨ ਦੀ ਦੌੜ ’ਚ ਥੋੜ੍ਹਾ ਅੱਗੇ ਹੈ… ਹੁਣ 1.3 ਲੱਖ ਭਾਰਤੀ ਸਟੇਡੀਅਮ ’ਚ ਇਕੱਠੇ ਜਨ-ਗਨ-ਮਨ ਗਾਉਣਗੇ ਤਾਂ ਉਸ ਤੋਂ ਬਾਅਦ ਬਸ ਆਖ਼ਰੀ ‘ਵਾਰ’ ਕਰਨਾ ਬਾਕੀ ਰਹਿ ਜਾਵੇਗਾ। ਅੱਜ ਤੁਸੀਂ ਜਿੱਥੇ ਵੀ ਹੋ, ਉਥੇ ‘ਬਲੂ ਬੁਆਏਜ਼’ ਦਾ ਸਮਰਥਨ ਕਰੋ ਕਿਉਂਕਿ ਜੇ ਉਨ੍ਹਾਂ ਨੇ ਆਈਸੀਸੀ ਦੀ ਚਮਕਦੀ ਟਰਾਫੀ ਚੁੱਕੀ ਤਾਂ ਤੁਹਾਡੀ ਛਾਤੀ ਮਾਣ ਨਾਲ ਚੌੜੀ ਹੋ ਜਾਵੇਗੀ।
ਮੈਨੂੰ ਲਗਦਾ ਹੈ ਕਿ ਸਾਰੇ ਮੈਦਾਨਾਂ ਦੇ ਮੁਕਾਬਲੇ ਇਸ ਮੈਦਾਨ ’ਤੇ ਟਾਸ ਇੰਨਾ ਅਹਿਮ ਨਹੀਂ ਹੈ ਜਿੰਨਾ ਮੁੰਬਈ ਦੇ ਵਾਨਖੇੜੇ ਸਟਡੇਈਅਮ ਜਾਂ ਦੂਜੇ ਮੈਦਾਨਾਂ ’ਤੇ ਹੁੰਦਾ ਹੈ। ਅਸੀਂ ਹਰ ਹਾਲਾਤ ਲਈ ਤਿਆਰ ਹਾਂ। ਅਸੀਂ ਰਣਨੀਤੀ ਜ਼ਰੂਰ ਬਣਾਵਾਂਗੇ : ਪੈਟ ਕਮਿੰਸ, ਆਸਟ੍ਰੇਲਿਆਈ ਕਪਤਾਨ
ਇਹ ਸਾਡੇ ਕਰੀਅਰ ਦਾ ਸਭ ਤੋਂ ਵੱਡਾ ਪਲ਼ ਹੈ। ਸਾਡਾ ਸ਼ਾਂਤ ਰਹਿਣਾ ਮਹੱਤਵਪੂਰਨ ਹੈ ਕਿਉਂਕਿ ਇਸੇ ਤਰ੍ਹਾਂ ਅਸੀਂ ਆਪਣੀਆਂ ਯੋਜਨਾਵਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰ ਸਕਦੇ ਹਾਂ। ਮੈਂ 50 ਓਵਰਾਂ ਦੇ ਵਿਸ਼ਵ ਕੱਪ ਨੂੰ ਦੇਖ ਕੇ ਵੱਡਾ ਹੋਇਆ ਹਾਂ, ਇਸ ਲਈ ਮੇਰੇ ਲਈ ਇਹ ਸਭ ਤੋਂ ਵੱਡਾ ਮੌਕਾ ਹੋਵੇਗਾ : ਰੋਹਿਤ ਸ਼ਰਮਾ, ਭਾਰਤੀ ਕਪਤਾਨ


