Ad-Time-For-Vacation.png

ਨਿਬੇੜੇ ਅਮਲਾ ਨਾਲ ਹੁੰਦੇ ਹਨ ਨਾ ਕਿ ਨਾਅਰਿਆਂ ਨਾਲ

ਆਪਣੇ ਹਿੰਦੂਤੱਵੀ ਏਜੰਡੇ ਨੂੰ ਪੱਕੇ ਪੈਰੀਂ ਕਰਨ ਲਈ ਭਾਜਪਾ ਨੇ ਗੋਰਖਨਾਥ ਪੀਠ ਦੇ ਮਹੰਤ ਯੋਗੀ ਆਦਿੱਤਿਆਨਾਥ ਨੂੰ ਮੁੱਖ ਮੰਤਰੀ ਦਾ ਅਹੁਦਾ ਸੌਂਪ ਕੇ ਇਹ ਸਮਝ ਲਿਆ ਸੀ ਕਿ ਹੁਣ ਦਿੱਲੀ ਵਾਲੀ ਉਨ੍ਹਾਂ ਦੀ ਗੱਦੀ ਪੱਕੀ ਹੋ ਗਈ ਹੈ, ਕਿਉਂਕਿ ਕੇਂਦਰੀ ਸੱਤਾ ਦੀ ਪ੍ਰਾਪਤੀ ਲਖਨਊ ਰਾਹੀਂ ਹੀ ਹਾਸਲ ਹੁੰਦੀ ਹੈ।ਯੋਗੀ ਆਦਿੱਤਿਆਨਾਥ ਨੇ ਰਾਜ ਦੇ ਲੋਕਾਂ ਨਾਲ ਨਰਿੰਦਰ ਮੋਦੀ ਵੱਲੋਂ ਵਿਕਾਸ ਦੇ ਕੀਤੇ ਵਾਅਦਿਆਂ ਨੂੰ ਅਮਲੀ ਰੂਪ ਦੇਣ ਦੀ ਥਾਂ ਥੋੜ੍ਹ-ਚਿਰੀ ਦ੍ਰਿਸ਼ਟੀ ਵਾਲੇ ਲਵ-ਜਹਾਦ, ਐਂਟੀ ਰੋਮੀਓ ਮੁਹਿੰਮ ਤੇ ਗਊ ਰੱਖਿਆ ਵਰਗੇ ਮੁੱਦਿਆਂ ਨੂੰ ਪਹਿਲ ਦੇਣੀ ਆਰੰਭ ਕਰ ਦਿੱਤੀ। ਰਹਿੰਦੀ ਕਸਰ ਉਸ ਵੱਲੋਂ ਪੁਲਸ ਮੁਕਾਬਲਿਆਂ ਰਾਹੀਂ ਗ਼ੈਰ-ਸਮਾਜੀ ਅਨਸਰਾਂ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਨੇ ਪੂਰੀ ਕਰ ਦਿੱਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਚੋਣ ਮੁਹਿੰਮ ਦੌਰਾਨ ਇਹ ਐਲਾਨ ਕੀਤਾ ਸੀ ਕਿ ਜੇ ਰਾਜ ਦੀ ਜਨਤਾ ਨੇ ਸੱਤਾ ਦੀ ਕਮਾਨ ਭਾਜਪਾ ਨੂੰ ਸੌਂਪ ਦਿੱਤੀ ਤਾਂ ਉਨ੍ਹਾ ਦੀ ਸਰਕਾਰ ਦਾ ਪਹਿਲਾ ਫ਼ੈਸਲਾ ਕਿਸਾਨਾਂ ਦੇ ਕਰਜ਼ਿਆਂ ਦੀ ਮੁਆਫ਼ੀ ਦਾ ਹੋਵੇਗਾ। ਇਸ ਦੀ ਜ਼ਿੰਮੇਵਾਰੀ ਖ਼ੁਦ ਉਨ੍ਹਾ ਨੇ ਆਪਣੇ ਸਿਰ ਲਈ ਸੀ, ਪਰ ਨਾ ਕਿਸਾਨਾਂ ਦੇ ਕਰਜ਼ਿਆਂ ਦੀ ਮੁਆਫ਼ੀ ਵਾਲੀ ਸਕੀਮ ਸਿਰੇ ਚੜ੍ਹੀ, ਨਾ ‘ਸਭ ਕਾ ਸਾਥ, ਸਭ ਕਾ ਵਿਕਾਸ’ ਦਾ ਨਾਹਰਾ ਅਮਲ ਵਿੱਚ ਆਇਆ, ਨੌਜੁਆਨਾਂ ਨੂੰ ਰੁਜ਼ਗਾਰ ਭਲਾ ਕਿੱਥੋਂ ਮਿਲਣਾ ਸੀ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ਾਸਨ ਦੀ ਵਾਗਡੋਰ ਸੰਭਾਲਣ ਸਮੇਂ ਰਾਜ ਦੇ ਲੋਕਾਂ ਨਾਲ ਇਹ ਇਕਰਾਰ ਕੀਤਾ ਸੀ ਕਿ ਕਨੂੰਨ ਦਾ ਰਾਜ ਕਾਇਮ ਹੋਵੇਗਾ।ਸੜਕਾਂ ਵਿੱਚ ਪਏ ਖੱਡਿਆਂ ਨੂੰ ਛੇਆਂ ਮਹੀਨਿਆਂ ਦੇ ਅੰਦਰ-ਅੰਦਰ ਭਰ ਦਿੱਤਾ ਜਾਵੇਗਾ। ਉਨ੍ਹਾ ਦੇ ਸ਼ਾਸਨ ਦਾ ਇੱਕ ਵਰ੍ਹਾ ਪੂਰਾ ਹੋ ਜਾਣ ਉਪਰੰਤ ਇੱਕ ਵੀ ਵਾਅਦਾ ਉਹ ਪੂਰਾ ਨਹੀਂ ਕਰ ਸਕੇ। ਖ਼ੁਦ ਯੋਗੀ ਤੇ ਉਨ੍ਹਾ ਦੀ ਪਾਰਟੀ ਭਾਜਪਾ ਨੂੰ ਉਨ੍ਹਾ (ਯੋਗੀ) ਦੀ ਹਰਮਨ-ਪਿਆਰਤਾ ਤੇ ਹਿੰਦੂਤੱਵ ਦੇ ਪ੍ਰਤੀਕ ਹੋਣ ਬਾਰੇ ਏਨਾ ਭਰੋਸਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਉਨ੍ਹਾ ਕੋਲੋਂ ਦੂਜੇ ਰਾਜਾਂ ਗੁਜਰਾਤ, ਤ੍ਰਿਪੁਰਾ, ਕਰਨਾਟਕ, ਕੇਰਲਾ, ਆਦਿ ਵਿੱਚ ਹੋਈਆਂ ਚੋਣਾਂ ਸਮੇਂ ਸਭ ਤੋਂ ਵੱਧ ਯੋਗੀ ਦੀਆਂ ਰੈਲੀਆਂ ਕਰਵਾਈਆਂ ਗਈਆਂ। ਇੱਕ ਤਰ੍ਹਾਂ ਨਾਲ ਉਨ੍ਹਾ ਨੂੰ ਸੰਕਟ ਮੋਚਨ ਸਮਝਿਆ ਜਾਣ ਲੱਗਾ ਸੀ, ਪਰ ਯੋਗੀ ਤੇ ਮੋਦੀ ਦੋਵੇਂ ਹੀ ਇਹ ਗੱਲ ਭੁੱਲ ਗਏ ਕਿ ਨਿਬੇੜੇ ਅਮਲਾਂ ਨਾਲ ਹੁੰਦੇ ਹਨ। ਕੇਵਲ ਨਾਹਰਿਆਂ-ਵਾਅਦਿਆਂ ਤੇ ਜੁਮਲਿਆਂ ਨਾਲ ਜਨਤਾ ਨੂੰ ਜ਼ਿਆਦਾ ਦੇਰ ਤੱਕ ਭਰਮਾਇਆ ਨਹੀਂ ਜਾ ਸਕਦਾ।
ਭਾਜਪਾ ਦਾ ਹਰ ਛੋਟਾ-ਵੱਡਾ ਆਗੂ ਉੱਤਰ-ਪੂਰਬ ਦੇ ਰਾਜਾਂ ਮਨੀਪੁਰ, ਨਾਗਾਲੈਂਡ ਤੇ ਖ਼ਾਸ ਕਰ ਕੇ ਤ੍ਰਿਪੁਰਾ ਵਿੱਚ ਹੋਈ ਜਿੱਤ ਦੀ ਖੁਮਾਰੀ ਵਿੱਚ ਇਹ ਕਹਿਣ ਤੱਕ ਚਲਾ ਗਿਆ ਸੀ ਕਿ ਹੁਣ ਉਨ੍ਹਾਂ ਦਾ ਕਾਂਗਰਸ-ਮੁਕਤ ਭਾਰਤ ਦਾ ਸੰਕਲਪ ਪੂਰਾ ਹੋਣ ਜਾ ਰਿਹਾ ਹੈ। ਕੋਈ ਵੀ ਖੇਤਰੀ ਪਾਰਟੀ ਅਜਿਹੀ ਨਹੀਂ, ਜਿਹੜੀ ਉਨ੍ਹਾਂ ਦੇ ਜੇਤੂ ਰੱਥ ਨੂੰ ਰੋਕ ਸਕੇ। ਉੱਤਰ ਪ੍ਰਦੇਸ਼ ਦੀ ਜਨਤਾ ਨੇ ਗੋਰਖਪੁਰ ਤੇ ਫੂਲਪੁਰ ਦੇ ਦੋ ਲੋਕ ਸਭਾ ਹਲਕਿਆਂ ਦੀਆਂ ਹੋਈਆਂ ਜ਼ਿਮਨੀ ਚੋਣਾਂ ਵਿੱਚ ਉਨ੍ਹਾਂ ਦੇ ਅਜਿੱਤ ਹੋਣ ਦੇ ਦਾਅਵੇ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ।
ਹੁਣ ਭਾਜਪਾ ਨੂੰ ਮਿਲੀ ਇਸ ਨਮੋਸ਼ੀ ਕਾਰਨ ਐੱਨ ਡੀ ਏ ਵਿਚਲੇ ਉਨ੍ਹਾਂ ਦੇ ਭਾਈਵਾਲ ਵੀ ਸੋਚਣ ਲੱਗੇ ਹਨ ਕਿ ਸਾਥ ਨਿਭਾਇਆ ਜਾਵੇ ਜਾਂ ਨਾ। ਸ਼ਿਵ ਸੈਨਾ ਨੇ ਤਾਂ ਪਹਿਲਾਂ ਹੀ ਐਲਾਨ ਕਰ ਰੱਖਿਆ ਸੀ ਕਿ ਉਹ ਅਗਲੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਆਪਣੇ ਦਮ ‘ਤੇ ਲੜੇਗੀ, ਹੁਣ ਤੇਲਗੂ ਦੇਸਮ ਦੇ ਆਗੂ ਤੇ ਆਂਧਰਾ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੇ ਇਹ ਕਹਿ ਕੇ ਭਾਜਪਾ ਵਿਰੁੱਧ ਜਹਾਦ ਕਰਨ ਦਾ ਐਲਾਨ ਕਰ ਦਿੱਤਾ ਹੈ ਕਿ ਭਾਈਵਾਲੀ ਨਿਭਾਉਣ ਦੇ ਬਾਵਜੂਦ ਉਨ੍ਹਾ ਦੀ ਆਵਾਜ਼ ਨੂੰ ਵਾਰ-ਵਾਰ ਦਬਾਇਆ ਗਿਆ ਸੀ। ਬਿਹਾਰ ਵਿੱਚ ਨਵੇਂ ਬਣੇ ਸਾਥੀ ਨਿਤੀਸ਼ ਕੁਮਾਰ ਨੇ ਵੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿਵਾਉਣ ਦੀ ਮੰਗ ‘ਤੇ ਅਜੇ ਵੀ ਕਾਇਮ ਹਨ ਤੇ ਉਸ ਲਈ ਜਦੋ-ਜਹਿਦ ਕਰਦੇ ਰਹਿਣਗੇ। ਮਹਾਰਾਸ਼ਟਰ ਵਿਚਲੇ ਸਵਾਭਿਮਾਨੀ ਸ਼ੇਤਕਾਰੀ ਸੰਗਠਨ ਦੇ ਆਗੂ ਰਾਜੂ ਸ਼ੈਟੀ ਨੇ ਐੱਨ ਡੀ ਏ ਨਾਲੋਂ ਨਾਤਾ ਤੋੜ ਲੈਣ ਪਿੱਛੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਕਾਂਗਰਸ ਨਾਲ ਸਹਿਯੋਗ ਕਰਨ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਦੇ ਪਾਰਲੀਮੈਂਟ ਮੈਂਬਰ ਨਰੇਸ਼ ਗੁਜਰਾਲ ਨੇ ਵੀ ਕੁਝ ਵੱਖਰੀ ਹੀ ਸੁਰ ਅਲਾਪੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਤਾਂ ਭਾਜਪਾ ਨਾਲ ਗੱਠਜੋੜ ਕਾਇਮ ਰੱਖਣ ਦਾ ਅਹਿਦ ਕੀਤਾ ਹੋਇਆ ਹੈ, ਪਰ ਹਰਿਆਣੇ ਵਿੱਚ ਅਗਲੇਰੇ ਸਾਲ ਹੋਣ ਜਾ ਰਹੀਆਂ ਚੋਣਾਂ ਆਪਣੇ ਤੌਰ ‘ਤੇ ਲੜਨ ਦਾ ਐਲਾਨ ਕਰ ਕੇ ਭਾਜਪਾ ਨੂੰ ਇੱਕ ਨਵਾਂ ਸੰਕੇਤ ਦੇ ਦਿੱਤਾ ਹੈ।
ਸੰਨ 2019 ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਤੱਕ ਐੱਨ ਡੀ ਏ ਆਪਣੇ ਮੌਜੂਦਾ ਸਰੂਪ ਵਿੱਚ ਕਾਇਮ ਰਹਿੰਦਾ ਹੈ ਜਾਂ ਨਹੀਂ, ਇਹ ਹੈ ਉਹ ਸੁਆਲ, ਜਿਸ ਨੇ ਮੋਦੀ-ਯੋਗੀ-ਸ਼ਾਹ ਤ੍ਰਿਕੜੀ ਦੀ ਨੀਂਦ ਉਡਾ ਰੱਖੀ ਹੈ। ਹੁਣ ਉਨ੍ਹਾਂ ਨੂੰ ਇਹ ਚਿੰਤਾ ਸਤਾਉਣ ਲੱਗੀ ਹੈ ਕਿ ਜੇ ਅਖਿਲੇਸ਼ ਤੇ ਮਾਇਆਵਤੀ ਦੇ ਅਣ-ਐਲਾਨੇ ਗੱਠਜੋੜ ਨੇ ਹੀ ਉਨ੍ਹਾਂ ਨੂੰ ਅਜੋਕੀ ਸਥਿਤੀ ਵਿੱਚ ਪੁਚਾ ਦਿੱਤਾ ਹੈ, ਜੇ ਕੁੱਲ ਹਿੰਦ ਪੱਧਰ ‘ਤੇ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਉਨ੍ਹਾਂ ਦੇ ਮੁਕਾਬਲੇ ਵਿੱਚ ਨਿੱਤਰ ਆਈਆਂ ਤਾਂ ਉਨ੍ਹਾਂ ਦੇ ਭਵਿੱਖੀ ਮਨਸੂਬਿਆਂ ਦਾ ਕੀ ਬਣੇਗਾ?

88

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.