ਬਹੁਤ ਪੁਰਾਣੇ ਸਮਿਆਂ ਦੀ ਗੱਲ ਕਰੀਏ ਤਾਂ ਇਹੀ ਸਿੱਧ ਹੁੰਦਾ ਹੈ ਕਿ ਰਾਜੇ ਮਹਾਰਾਜਿਆਂ ਨੇ ਆਪਣੇ ਕਾਰਜਕਾਲ ਨੂੰ ਚਲਾਉਣ ਲਈ ਜਾਂ ਅੱਗੇ ਵਧਾਉਣ ਲਈ ਪੈਸੇ ਵਲ ਹੀ ਜ਼ਿਆਦਾ ਤਵੱਜੋ ਦਿਤੀ। ਬਾਦਸ਼ਾਹ ਸਿਕੰਦਰ ਨੇ ਅਪਣੇ ਕਾਰਜਕਾਲ ਨੂੰ ਅੱਗੇ ਵਧਾਉਣ ਲਈ ਅਨੇਕਾਂ ਹੀ ਲੁੱਟਾਂਖੋਹਾਂ ਕੀਤੀਆਂ। ਸਾਰੀ ਦੁਨੀਆਂ ਨੂੰ ਚਿੱਤ ਕਰਨਾ ਚਾਹਿਆ। ਲੁੱਟ-ਖਸੁੱਟ ਦੇ ਅਪਣੇ ਖ਼ਜ਼ਾਨੇ ਭਰੇ ਤੇ ਅਣਗਿਣਤ ਕਤਲ ਕੀਤੇ। ਅਖ਼ੀਰ ਉਸ ਦਾ ਇਹ ਸੁਪਨਾ ਅਧੂਰਾ ਹੀ ਰਹਿ ਗਿਆ। ਇਸੇ ਤਰ੍ਹਾਂ ਅਹਿਮਦਸ਼ਾਹ ਅਬਦਾਲੀ ਨੇ ਲੁੱਟਾਂ-ਖੋਹਾਂ ਕੀਤੀਆਂ। ਅਪਣ ਖ਼ਜ਼ਾਨੇ ਭਰੇ, ਅਪਣੇ ਰਾਜ-ਕਾਲ ਦੌਰਾਨ ਅਣਗਿਣਤ ਲੋਕ ਉਜਾੜ ਦਿਤੇ।
ਮਹਿਮੂਦ ਗਜ਼ਨਵੀ ਨੇ ਵੀ ਧਨ ਦੌਲਤ ਇਕੱਠੀ ਕਰਨ ਦਾ ਗ਼ਲਤ ਤਰੀਕਾ ਹੀ ਅਖ਼ਤਿਆਰ ਕੀਤਾ। ਉਸ ਨੇ ਵੀ ਲੋਕਾਂ ਦੀਆਂ ਕਦਰਾਂ ਕੀਮਤਾਂ ਦਾ ਘਾਣ ਕੀਤਾ ਸੀ। ਹੱਦੋਂ ਵੱਧ ਇਕੱਲੇ ਭਾਰਤ ‘ਤੇ ਹੀ 17 ਹਮਲੇ ਕੀਤੇ ਸਨ। ਅਪਣੇ ਕਾਰਜਕਾਲ ਦੌਰਾਨ ਇਹ ਵੀ ਪੈਸੇ ਦਾ ਲੋਭੀ ਰਾਜਾ ਹੋਇਆ। ਅਪਣੀ ਤਾਕਤ ਦੇ ਹੰਕਾਰ ਵਿਚ ਆ ਕੇ ਇਨਸਾਨੀਅਤ ਦੀਆਂ ਕਦਰਾਂ-ਕੀਮਤਾਂ ਨੂੰ ਲਿਤਾੜ ਦੇਣਾ, ਪੈਰਾਂ ਥੱਲੇ ਰੋਲ ਦੇਣਾ, ਇਹ ਤਾਕਤ ਦਾ ਨਾਜਾਇਜ਼ ਵਿਖਾਵਾ ਸੀ। ਲੋਕਾਂ ਦੀ ਕਦਰ ਦਾ ਰਾਜ ਨਹੀਂ, ਨੋਟਾਂ ਦਾ ਸੀ।
ਇਹ ਸੋਚ ਅੱਜ ਵੀ ਭਾਰੂ ਹੈ। ਗ਼ਲਤ ਢੰਗ ਨਾਲ ਮਾਇਆ ਇਕੱਠੀ ਕਰਨੀ, ਭਾਵੇਂ ਵੋਟ ਰਾਜ ਹੀ ਕਿਉਂ ਨਾ ਹੋਵੇ। ਇਹ ਸੋਚ ਅੱਜ ਸਾਡੇ ਦੇਸ਼ ਨੂੰ ਖਾਈ ਜਾ ਰਹੀ ਹੈ, ਲੋਕਾਂ ਦੀਆਂ ਭਾਵਨਾਵਾਂ ਨੂੰ ਖਾਈ ਜਾ ਰਹੀ ਹੈ। ਤਰੀਕੇ ਭਾਵੇਂ ਬਦਲ ਗਏ ਹਨ ਪਰ ਸੋਚ ਇੱਕੋ ਹੈ।
ਉਂਜ ਭਾਰਤ ਵਿਚ ਛੇ ਦਹਾਕਿਆਂ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਲੋਕਤੰਤਰ ਰਾਜ ਆਏ ਨੂੰ ਪਰ ਦਿਸ ਕਿਧਰੇ ਨਹੀਂ ਰਿਹਾ। ਸੱਭ ਪਾਸੇ ਮਾਇਆ ਰਾਜ ਹੀ ਕਾਇਮ ਹੈ। ਹਜ਼ਾਰਾਂ ਕਰੋੜਾਂ ਦੇ ਘਪਲੇ ਆਮ ਹੋ ਰਹੇ ਹਨ।
ਸਿਆਸਤ ਵਿਚ ਆਉਣ ਦਾ ਮਤਲਬ ਲੋਕ ਭਲਾਈ ਦੇ ਕਾਰਜ ਕਰਨਾ, ਹੱਕ ਅਤੇ ਸੱਚ ਲਈ ਆਵਾਜ਼ ਉਠਾਉਣਾ, ਨਿਆਂ ਦਿਵਾਉਣਾ, ਸਾਫ਼-ਸੁਥਰਾ ਰਾਜਨੀਤਕ ਜੀਵਨ ਗੁਜ਼ਾਰਨਾ, ਲੋਕਾਂ ਲਈ ਜੀਵਨ ਸਮਰਪਤ ਕਰ ਦੇਣਾ ਹੁੰਦਾ ਹੈ। ਲੋਕ ਭਲਾਈ ਲਈ ਨਿਜੀ ਹਿਤਾਂ ਦਾ ਬਲੀਦਾਨ ਦੇਣਾ, ਲੋਕ ਰਾਜ ਕਾਇਮ ਕਰਨਾ ਹੀ ਹੈ। ਦੁੱਖ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਸਿਆਸੀ ਪਾਰਟੀਆਂ ਦੇ ਲੀਡਰ ਤਾਂ ਬਿਲਕੁਲ ਉਲਟ ਕੰਮ ਕਰੀ ਜਾ ਰਹੇ ਹਨ ਜਿਹੜੇ ਸਮਾਜ ਅਤੇ ਦੇਸ਼ ਨੂੰ ਘੁਣ ਵਾਂਗ ਖਾ ਰਹੇ ਹੈ। ਲੀਡਰਾਂ ਨੇ ਸਿਆਸਤ ਨੂੰ ਵਪਾਰ ਹੀ ਬਣਾਇਆ ਹੋਇਆ ਹੈ। ਹਰ ਪਾਸੇ ਪੈਸਾ ਬੋਲਦਾ ਹੈ। ਪੈਸੇ ਤੋਂ ਬਿਨਾਂ ਕੋਈ ਕੰਮ ਨਹੀਂ ਹੋ ਸਕਦਾ। ਹਰ ਪਾਰਟੀ ਮੋਟਾ ਫ਼ੰਡ ਇਕੱਠਾ ਕਰਦੀ ਹੈ।
ਹਰ ਸਰਕਾਰੀ ਦਫ਼ਤਰ ਵਿਚ ਨੋਟ ਰਾਜ ਭਾਰੂ ਹੈ। ਜਿਸ ਦੀ ਜ਼ਮੀਰ ਇਹ ਕੰਮ ਕਰਨ ਨੂੰ ਰਾਜ਼ੀ ਨਾ ਹੋਵੇ, ਉਸ ਨੂੰ ਵੀ ਮਜਬੂਰ ਹੋ ਕੇ ਕਰਨਾ ਪੈਂਦਾ ਹੈ। ਕੁਝ ਲੋਕ ਸੁਭਾਅ ਤੋਂ ਹੀ ਲੋਭੀ ਹਨ। ਕਈ ਸੋਚਦੇ ਨੇ ਕਿ ਲੱਖਾਂ ਰੁਪਏ ਦਿਤੇ ਨੇ ਕੁਰਸੀ ‘ਤੇ ਬੈਠਣ ਲਈ, ਹੁਣ ਮੱਖੀਆਂ ਥੋੜਾ ਮਾਰਨੀਆਂ ਨੇ ਇਥੇ ਬਹਿ ਕੇ। ਈਮਾਨਦਾਰੀ ਹੈ ਤਾਂ ਪਰ ਬਹੁਤ ਹੀ ਘੱਟ।
ਸਿਆਸੀ ਪਾਰਟੀਆਂ ਪੈਸੇ ਦੇ ਲੋਭ ਥੱਲੇ ਇਸ ਕਦਰ ਦੱਬ ਗਈਆਂ ਹਨ ਕਿ ਉਠਣ ਦਾ ਨਾਮ ਹੀ ਨਹੀਂ ਲੈ ਰਹੀਆਂ। ਸਿਆਸੀ ਲੋਕ ਦਿਨਾਂ ਵਿਚ ਹੀ ਅਮੀਰ ਹੋ ਜਾਂਦੇ ਹਨ। ਆਮ ਲੋਕ ਮਿਹਨਤ ਕਰਦੇ ਰਹਿੰਦੇ ਹਨ। ਸਾਰੀ ਉਮਰ ਕਬੀਲਦਾਰੀ ਦੇ ਭਾਰ ਥੱਲੇ ਹੀ ਦਬੇ ਰਹਿੰਦੇ ਹਨ। ਸਾਰੀ ਉਮਰ ਮਿਹਨਤ ਕਰਨ ਦੇ ਬਾਵਜੂਦ ਮਗਰੋਂ ਅਪਣੀਆਂ ਮੁਢਲੀਆਂ ਜ਼ਰੂਰਤਾਂ ਪੂਰੀਆਂ ਵੀ ਨਹੀਂ ਕਰ ਪਾਉਂਦੇ।
ਪੰਜਾਬ ਵਿਚ ਪਿੱਛੇ ਜਿਹੇ ਕੀਟਨਾਸ਼ਕ ਦਵਾਈਆਂ ਦੀ ਕਾਲਾਬਾਜ਼ਾਰੀ ਹੋਈ। ਫ਼ਸਲਾਂ ਤਬਾਹ ਹੋ ਗਈਆਂ, ਕਿਸਾਨ ਤਬਾਹ ਹੋ ਗਏ, ਘਰ ਤਬਾਹ ਹੋ ਗਏ। ਇਸ ਪਿੱਛੇ ਸਿਰਫ਼ ਤੇ ਸਿਰਫ਼ ਪੈਸਾ ਕੰਮ ਕਰ ਰਿਹਾ ਸੀ। ਸਿਆਸੀ ਆਗੂ ਤੇ ਅਫ਼ਸਰ ਕੰਪਨੀਆਂ ਨਾਲ ਮਿਲ ਕੇ ਮਾਇਆ ਇਕੱਠੀ ਕਰਨ ‘ਚ ਲੱਗੇ ਸਨ। ਇਨਸਾਨੀਅਤ ਜਾਵੇ ਢੱਠੇ ਖੂਹ ‘ਚ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ‘ਤੇ ਲਾ ਦਿਤਾ ਹੈ। ਕਾਹਦੇ ਲਈ? ਸਿਰਫ਼ ਪੈਸੇ ਲਈ। ਪੈਸਾ ਹੀ ਪ੍ਰਧਾਨ ਹੈ। ਹਰ ਖੇਤਰ ‘ਤੇ ਅਸਰ-ਅੰਦਾਜ਼ ਹੈ। ਵਿਧਾਨ ਸਭਾ, ਲੋਕ ਸਭਾ ਦੀਆਂ ਚੋਣਾਂ ਲਈ ਇਕ-ਇਕ ਉਮੀਦਵਾਰ ਤੋਂ ਕਰੋੜਾਂ ਰੁਪਏ ਲਏ ਜਾਂਦੇ ਹਨ। ਪਾਰਟੀਆਂ ਕਰੋੜਾਂ ਰੁਪਏ ਪਾਣੀ ਵਾਂਗ ਰੋੜ੍ਹਦੀਆਂ ਹਨ। ਮਕਸਦ ਸੱਤਾ ਹਾਸਲ ਕਰਨਾ ਹੈ। ਸੱਤਾ ਹਾਸਲ ਕਰ ਕੇ ਖ਼ਰਚਿਆ ਪੈਸਾ ਵਸੂਲ ਕਰਨ ਮਗਰੋਂ, ਸੈਂਕੜੇ ਗੁਣਾਂ ਵੱਧ ਲੋਕਾਂ ਦਾ ਪੈਸਾ ਲੁੱਟਿਆ ਜਾਂਦਾ ਹੈ। ਸੱਥਾਂ ਵਿਚ ਆਮ ਗੱਲਾਂ ਹੁੰਦੀਆਂ ਹਨ ਕਿ ਫ਼ਲਾਣਾ ਏਨੇ ਪੈਸੇ ਪਾਰਟੀ ਨੂੰ ਦੇ ਕੇ ਟਿਕਟ ਖ਼ਰੀਦ ਕੇ ਲਿਆਇਆ ਹੈ ਤੇ ਏਨੇ ਹੀ ਚੋਣ ਉਤੇ ਲੱਗਣਗੇ।ਗ਼ਲਤ ਤਰੀਕੇ ਨਾਲ ਧਨ ਇਕੱਠਾ ਕਰਨ ਨਾਲੋਂ ਤਾਂ ਘਰ ਬੈਠਣਾ ਹੀ ਚੰਗਾ ਹੈ।
ਸਿਹਤ ਖੇਤਰ ਵਿਚ ਵੀ ਲੋਕਾਂ ਦੀਆਂ ਭਾਵਨਾਵਾਂ ਨੂੰ ਮਾਰ ਕੇ ਹੀ ਧਨ ਇਕੱਠਾ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਸਿਖਿਆ ਖੇਤਰ ਵਿਚ ਵੀ ਲੋਕਾਂ ਦੀ ਛਿੱਲ ਹੀ ਲਾਹੀ ਜਾਂਦੀ ਹੈ। ਧਾਰਮਕ ਖੇਤਰ ਵੀ ਇਸ ਤੋਂ ਅਣਛੋਹਿਆ ਨਹੀਂ। ਸਮਾਜਕ ਰਿਸ਼ਤਿਆਂ ਵਿਚ ਵੀ ਨੋਟਾਂ ਦਾ ਰਾਜ ਭਾਰੂ ਹੈ। ਮਾਂ-ਬਾਪ ਦਾ ਰਿਸ਼ਤਾ ਪੈਸੇ ਕਾਰਨ ਤਾਰ-ਤਾਰ ਹੋ ਜਾਂਦਾ ਹੈ। ਭੈਣ-ਭਾਈ, ਭਰਾ-ਭਰਾ ਦਾ ਵੈਰੀ ਬਣ ਜਾਂਦਾ ਹੈ।-ਸਪੋਕਸਮੈਨ