ਦਲਵਿੰਦਰ ਸਿੰਘ ਰਛੀਨ, ਰਾਏਕੋਟ : ਰਾਏਕੋਟ ਸ਼ਹਿਰ ‘ਚ ਡੇਂਗੂ ਤੇ ਚਿਕਨਗੁਨੀਆ ਦੀ ਰੋਕਥਾਮ ਨੂੰ ਲੈ ਕੇ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਨਗਰ ਕੌਂਸਲ ਤੇ ਸਰਕਾਰੀ ਹਸਪਤਾਲ ਦੀ ਟੀਮ ਵੱਲੋਂ ਮੀਟਿੰਗ ਕੀਤੀ ਗਈ।
ਸ਼ਹਿਰ ‘ਚ ਮੌਸਮੀ ਬਿਮਾਰੀਆਂ ਡੇਂਗੂ ਤੇ ਚਿਕਨਗੁਨੀਆ ਦੀ ਰੋਕਥਾਮ ਲਈ ਢੁਕਵੇਂ ਯਤਨ ਕਰਨ ਦੇ ਮਕਸਦ ਤਹਿਤ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਦੀ ਰਹਿਨੁਮਾਈ ਹੇਠ ਨਗਰ ਕੌਂਸਲ ਕਰਮਚਾਰੀਆਂ ਵੱਲੋਂ ਐੱਸਐੱਮਓ ਡਾ. ਪ੍ਰਦੀਪ ਕੁਮਾਰ ਵੱਲੋਂ ਗਠਿਤ ਸਿਹਤ ਵਿਭਾਗ ਦੀ ਟੀਮ ਨਾਲ ਚਰਚਾ ਕੀਤੀ ਗਈ ਤਾਂ ਜੋ ਨਗਰ ਕੌਂਸਲ ਤੇ ਸਿਹਤ ਵਿਭਾਗ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਤੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਸਾਂਝੇ ਰੂਪ ‘ਚ ਉਪਰਾਲੇ ਕਰਨ ਸਕਣ, ਜਿਸ ਲਈ ਇੱਕ ਸਾਂਝੀ ਟੀਮ ਵੀ ਬਣਾਈ ਗਈ ਤੇ ਟੀਮ ਵੱਲੋਂ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਸਬੰਧੀ ਪੋਸਟਰ ਜਾਰੀ ਕੀਤਾ ਗਿਆ। ਟੀਮ ਨੁਮਾਇੰਦਿਆਂ ਨੇ ਦੱਸਿਆ ਟੀਮ ਵੱਲੋਂ ਸ਼ਹਿਰ ਵਿਚਲੀਆਂ ਕਬਾੜ ਦੀਆਂ ਦੁਕਾਨਾਂ, ਸਕੂਲਾਂ ਤੇ ਘਰਾਂ ‘ਚ ਪਏ ਕੂਲਰਾਂ, ਗਮਲਿਆਂ ਤੇ ਪਾਣੀ ਵਾਲੀਆ ਟੈਂਕੀਆਂ ਦੀ ਚੈਕਿੰਗ ਕੀਤੀ ਜਾਵੇਗੀ ਤੇ ਚੈਕਿੰਗ ਦੌਰਾਨ ਲਾਰਵਾ ਪਾਏ ਜਾਣ ‘ਤੇ ਚਲਾਨ ਵੀ ਕੱਟੇ ਜਾਣਗੇ।
ਇਸ ਮੌਕੇ ਸੈਨੇਟਰੀ ਇੰਸਪੈਕਟਰ ਸ਼ਿਆਮ ਕੁਮਾਰ ਭੱਟ, ਸੰਜੀਵ ਕੁਮਾਰ, ਸਤਪਾਲ ਸਿੰਘ, ਪਰਮਿੰਦਰ ਸਿੰਘ ਤੇ ਸੰਦੀਪ ਕੰਬੋਜ ਅਦਿ ਹਾਜ਼ਰ ਸਨ।



