ਬਚਪਨ ਵਿਚ ਧਨੀ ਰਾਮ ਚਾਤਰਿਕ ਦੀ ਕਵਿਤਾ ਹਰ ਪੰਜਾਬੀ ਨੇ ਪੜ੍ਹੀ ਹੋਣੀ ਹੈ ਕਿ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’। ਇਹ ਵਿਸਾਖੀ ਦੇ ਜਸ਼ਨ ਦੀ ਰੂਹ ਫੜਦੀ ਸੀ ਤੇ ਉਹ ਖ਼ੁਸ਼ੀ ਦਰਸਾਉਂਦੀ ਸੀ ਜੋ ਕਿਸਾਨ ਦੇ ਵਿਹੜੇ ਵਿਚ ਵੈਸਾਖ ਨੇ ਕੋਠਿਆਂ ਵਿਚ ਭਰਨੀ ਹੁੰਦੀ ਸੀ। ਅੱਜ ਜੇ ਵਿਸਾਖੀ ਦੀ ਗੱਲ ਕਰੀਏ ਤਾਂ ਕਿਹੜਾ ਕਿਸਾਨ ਮੇਲੇ ਵਿਚ ਜਾਂਦਾ ਹੋਵੇਗਾ? ਕਿਸ ਦੇ ਕੋਠੇ ਭਰੇ ਜਾਂਦੇ ਹੋਣਗੇ? ਪਹਿਲਾਂ ਤਾਂ ਕਿਸਾਨ ਆੜ੍ਹਤੀਆਂ ਅੱਗੇ ਜਾਂ ਬੈਂਕ ਨੂੰ ਜਾ ਮੱਥਾ ਟੇਕਦਾ ਹੋਵੇਗਾ ਅਤੇ ਅਪਣੀ ਖ਼ੂਨ-ਪਸੀਨੇ ਦੀ ਕਮਾਈ ਨਾਲ ਪੁਰਾਣੇ ਕਰਜ਼ੇ ਉਤਾਰਦਾ ਹੋਵੇਗਾ। ਫਿਰ ਉਹ ਨਸ਼ਾ ਕੇਂਦਰ ਵਿਚ ਜਾ ਕੇ ਅਪਣੇ ਦਿਲ ਦੇ ਟੁਕੜੇ ਦੇ ਇਲਾਜ ਲਈ ਪੈਸੇ ਜਮ੍ਹਾ ਕਰਵਾਉਂਦਾ ਹੋਵੇਗਾ। ਜਿਸ ਦੇ ਘਰ ਨਸ਼ੇ ਦਾ ਕੋਈ ਪੀੜਤ ਨਹੀਂ, ਉਸ ਦੇ ਘਰ ਵਿਚ ਕੈਂਸਰ ਵਰਗੀ ਕੋਈ ਬਿਮਾਰੀ ਬੈਠੀ ਹੋਵੇਗੀ। ਪੰਜਾਬ ਦੇ ਕਿਸਾਨ ਨੇ ਭੁੱਖ ਵਿਰੁਧ ਜੰਗ ਲੜ ਕੇ ਤੇ ਅਪਣੀ ਜਾਨ ਤਲੀ ਉਤੇ ਧਰ ਕੇ ਇਸ ਤਰ੍ਹਾਂ ਅਪਣੇ ਖੇਤਾਂ ਵਿਚ ਹਰੀ ਕ੍ਰਾਂਤੀ ਲਿਆਂਦੀ ਕਿ ਭਾਰਤ ਦੇ ਨਾਗਰਿਕ ਕੋਲ ਅਨਾਜ ਦੀ ਕਮੀ ਨਾ ਆਉਣ ਦਿਤੀ। ਖ਼ਾਲਸਾਈ ਸੋਚ ਨੇ ਕਿਸਾਨ ਨੂੰ ਦੇਸ਼ ਵਿਚ ਭੁੱਖ ਵਿਰੁਧ ਜੰਗ ਦਾ ਸਿਪਾਹੀ ਬਣਾ ਦਿਤਾ।
ਪਰ ਅੱਜ ਦੇਸ਼ ਨੇ ਉਸੇ ਕਿਸਾਨ ਅਤੇ ਵਿਸਾਖੀ ਦਾ ਅਨੰਦ ਹੀ ਲੁੱਟ ਲਿਆ ਹੈ। ਕਿਸਾਨ ਕਰਜ਼ੇ ਵਾਲਾ ਠੂਠਾ ਚੁੱਕੀ ਮਦਦ ਦੀ ਪੁਕਾਰ ਕਰਦਾ ਰਹਿੰਦਾ ਹੈ। ਉਸ ਕਿਸਾਨ ਨੂੰ ਵਿਸਾਖੀ ਦੀ ਕੀ ਮੁਬਾਰਕਬਾਦ ਭੇਜੀਏ? ਪਰ ਦੁਆਵਾਂ ਜ਼ਰੂਰ ਹਨ ਕਿ ਧਨੀ ਰਾਮ ਚਾਤਰਿਕ ਦੀ ਕਵਿਤਾ ਵਾਲਾ ਮਿਹਨਤੀ ਕਿਸਾਨ ਫਿਰ ਤੋਂ ਫ਼ਿਕਰਾਂ ਤੋਂ ਦੂਰ ਮੌਜਾਂ ਮਾਣਦਾ ਅਤੇ ਛਲਾਂਗਾਂ ਮਾਰਦਾ, ਫ਼ਿਕਰਾਂ ਤੋਂ ਉਪਰ ਉਠ, ਮੇਲੇ ਵਿਚ ਸ਼ੇਰ ਵਾਂਗ ਗੱਜੇ। -ਨਿਮਰਤ ਕੌਰ