ਕਿਸੇ ਵੀ ਘਰ ਦੀ ਜਾਨ ਉਸ ਘਰ ਦੀ ਔਰਤ ਹੁੰਦੀ ਹੈ। ਇਕ ਔਰਤ ਪਤਨੀ, ਮਾਂ, ਧੀ, ਨੂੰਹ ਤੇ ਹੋਰ ਕਈ ਤਰਾਂ ਦੇ ਰੋਲ ਨਿਭਾਉਂਦੀ ਹੈ। ਇਨ•ਾਂ ਰਿਸ਼ਤਿਆਂ ਨੂੰ ਨਿਭਾਉਂਦਿਆਂ ਉਹ ਸਾਰੀ ਦੀ ਸਾਰੀ ਘਰ ‘ਚ ਹੀ ਜਜ਼ਬ ਹੋ ਜਾਂਦੀ ਹੈ। ਆਮ ਤੌਰ ‘ਤੇ ਹੀ ਕਿਹਾ ਜਾਂਦੈ ਕਿ ਔਰਤ ਘਰ ਤੋਂ ਬਿਨਾਂ ਤੇ ਘਰ ਉਸ ਤੋਂ ਬਗੈਰ ਜਿਵੇਂ ਸੁੰਨੇ ਹੋ ਜਾਂਦੇ ਹਨ। ਇਹ ਤਾਂ ਅਸੀਂ ਸਾਰਿਆਂ ਨੇ ਅਕਸਰ ਹੀ ਸੁਣਿਆ ਦੇਖਿਆ ਹੈ ਕਿ ਜੇ ਔਰਤ ਦੋ ਚਾਰ ਦਿਨਾਂ ਲਈ ਘਰੋਂ ਬਾਹਰ ਚਲੀ ਜਾਵੇ ਤਾਂ ਕਿਹਾ ਜਾਂਦੈ ਕਿ ਘਰ ਦਾ ਬੁਰਾ ਹਾਲ ਹੋ ਗਿਐ ਜਾਂ ਉਸ ਬਿਨਾਂ ਘਰ ਘਰ ਹੀ ਨਹੀਂ ਲੱਗਦਾ ਆਦਿ। ਇਹ ਸਭ ਤਾਂ ਠੀਕ ਹੈ ਪਰ ਘਰ ਬਨਾਉਣ ਤੇ ਸੰਭਾਲਣ ‘ਚ ਔਰਤ ਦੇ ਨਾਲ ਨਾਲ ਆਦਮੀ ਦੇ ਰੋਲ ਨੂੰ ਵੀ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਘਰ ਦੀ ਸਾਰੀ ਛੋਟੀ ਵੱਡੀ ਜ਼ਿੰਮੇਵਾਰੀ ਨਿਭਾਉਣਾ ਉਸ ਦਾ ਫਰਜ਼ ਹੀ ਮੰਨਿਆ ਜਾਂਦੈ। ਛੋਟੀ ਉਮਰੇ ਹੀ ਉਸ ਨੂੰ ਉਸ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਕੀਤਾ ਜਾਂਦਾ ਹੈ। ਜਿਵੇਂ ਜਿਵੇਂ ਉਮਰ ਵਧਦੀ ਜਾਂਦੀ ਹੈ ਉਸ ਨੂੰ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਹੋਣ ਦਾ ਚੇਤਾ ਕਰਵਾਇਆ ਜਾਂਦਾ ਹੈ ਉਹ ਸਮੇਂ ਦੇ ਨਾਲ ਨਾਲ ਆਪੇ ਹੀ ਸਿਆਣਾ ਕਹਿ ਲਓ ਜਾਂ ਜ਼ਿੰਮੇਵਾਰ ਬਣ ਜਾਂਦਾ ਹੈ।
ਆਮ ਤੌਰ ‘ਤੇ ਕਿਹਾ ਜਾਂਦੈ ਕਿ ਆਦਮੀ ਫਜ਼ੂਲ ਖਰਚ ਹੁੰਦੇ ਹਨ ਜਾਂ ਉਹ ਭਾਅ ਤੋਲ ਨਹੀਂ ਕਰ ਸਕਦੇ ਤੇ ਔਰਤ ਪੂਰੀ ਤਰ•ਾਂ ਦੇਖ ਪਰਖ ਕੇ ਹੀ ਹਰ ਚੀਜ਼ ਖਰੀਦਦੀ ਹੈ। ਹਰ ਮਹੀਨੇ ਬਜਟ ਬਣਾਉਣ ਤੋਂ ਬਾਅਦ ਉਹ ਕੁਝ ਪੈਸੇ ਬਚਾ ਕੇ ਸੇਵਿੰਗ ਵੀ ਕਰ ਲੈਂਦੀ ਹੈ ਤੇ ਇਹ ਗੱਲ ਆਦਮੀ ਵੀ ਮੰਨਦੇ ਹਨ। ਇਸੇ ਸਬੰਧੀ ਮੇਰੀ ਇਕ ਜਾਣਕਾਰ ਮਹਿਲਾ ਦਾ ਕਹਿਣਾ ਹੈ ਕਿ ਉਸ ਦੇ ਪਤੀ ਜਦੋਂ ਵੀ ਸਬਜ਼ੀ ਜਾਂ ਫਲ ਲਿਆਉਂਦੇ ਹਨ ਤਾਂ ਕਿਲੋ ਲਿਆਉਣ ਵਾਲੀ ਚੀਜ਼ ਅੱਧਾ ਕਿਲੋ ਤੇ ਅੱਧਾ ਕਿਲੋ ਲਿਆਉਣ ਵਾਲੀ ਚੀਜ਼ ਕਿਲੋ ਲੈ ਆਉਂਦੇ ਹਨ। ਇਸ ਗੱਲ ‘ਤੇ ਕਈ ਵਾਰ ਉਨ•ਾਂ ਦੀ ਬਹਿਸ ਵੀ ਹੋ ਜਾਂਦੀ ਹੈ ਤੇ ਇਸ ਬਹਿਸ ਦੇ ਅੰਤ ‘ਚ ਉਨ•ਾਂ ਦੋਵਾਂ ਨੂੰ ਹੀ ਕਹਿਣਾ ਪੈਂਦਾ ਹੈ ਕਿ ਅਗਲੀ ਵਾਰ ਇਹ ਚੀਜ਼ਾਂ ਪਤਨੀ ਆਪੇ ਹੀ ਲੈ ਆਇਆ ਕਰੇ। ਉਂਝ ਮੇਰਾ ਮੰਨਣਾ ਹੈ ਕਿ ਇਹ ਗੱਲਾਂ ਹਰ ਬੰਦੇ ‘ਤੇ ਲਾਗੂ ਨਹੀਂ ਹੁੰਦੀਆਂ ਤੇ ਕਈ ਬੰਦੇ ਇੰਨੇ ਅਸੂਲ ਪ੍ਰਸਤ ਹੁੰਦੇ ਹਨ ਕਿ ਜਿਹੜਾ ਭਾਅ ਕਹਿ ਦਿੱਤਾ, ਉਸੇ ਭਾਅ ਹੀ ਚੀਜ਼ ਲੈਣਗੇ ਨਹੀਂ ਤਾਂ ਚੀਜ਼ ਛੱਡਣੀ ਭਾਵੇਂ ਪੈ ਜਾਵੇ ਪਰ ਜਨਾਨੀਆਂ ਕਈ ਵਾਰ ਨਾ ਚਾਹੁੰਦਿਆਂ ਵੀ ਕੀਮਤ ਵੱਧ ਦੇ ਕੇ ਚੀਜ਼ ਲੈ ਲੈਂਦੀਆਂ ਹਨ। ਭਾਵੇਂ ਇਹ ਗੱਲ ਕੁਝ ਹੱਦ ਤੱਕ ਤਾਂ ਠੀਕ ਹੈ ਪਰ ਜਿਵੇਂ ਕਿ ਪੰਜੇਂ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਉਸੇ ਤਰ•ਾਂ ਹੀ ਇਹ ਗੱਲ ਵੀ ਹਰ ਬੰਦੇ ‘ਤੇ ਨਹੀਂ ਢੁਕਦੀ। ਕਈ ਵਾਰ ਦੇਖਣ ‘ਚ ਆਇਆ ਹੈ ਕਿ ਕਈ ਆਦਮੀ ਸਬਜ਼ੀ ਜਾਂ ਫਰੂਟ ਵਾਲੇ ਨਾਲ ਪੂਰਾ ਭਾਅ ਮੁਕਾ ਕੇ ਤੇ ਦੇਖ ਪਰਖ ਕੇ ਹੀ ਚੀਜ਼ ਲੈਂਦੇ ਹਨ। ਅਜੋਕਾ ਸਮਾਂ ਬਰਾਬਰਤਾ ਦਾ ਸਮਾਂ ਹੈ ਤੇ ਔਰਤ ਤੇ ਆਦਮੀ ਹਰ ਪੱਖੋਂ ਬਰਾਬਰ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਜੇ ਔਰਤ ਘਰ ਤੇ ਨੌਕਰੀ ਦੀ ਜ਼ਿੰਮੇਵਾਰੀ ਸੰਭਾਲਦੀ ਹੈ ਤਾਂ ਆਦਮੀ ਵੀ ਉਸ ਦੇ ਇਸ ਗੁਣ ਨੂੰ ਅਣਦੇਖਿਆ ਨਾ ਕਰਦਿਆਂ ਘਰ ਦੇ ਕੰਮਾਂ ‘ਚ ਉਸ ਦਾ ਪੂਰਾ ਸਾਥ ਦਿੰਦੇ ਹਨ।
ਇਹ ਠੀਕ ਹੈ ਕਿ ਕਈ ਆਦਮੀ ਹਾਲੇ ਵੀ ਘਰ ਦੇ ਕੰਮ ਕਰਨ ‘ਚ ਆਪਣੀ ਹੱਤਕ ਸਮਝਦੇ ਹਨ ਪਰ ਉਨ•ਾਂ ਦੀ ਇਹ ਸੋਚ ਗਲਤ ਹੈ ਤੇ ਅਜੋਕੀ ਪੀੜੀ ਇਸ ਸੋਚ ਨੂੰ ਬਦਲ ਵੀ ਰਹੀ ਹੈ। ਅਕਸਰ ਦੇਖਣ ‘ਚ ਆਇਆ ਹੈ ਕਿ ਜਦੋਂ ਪਤੀ ਪਤਨੀ ਦੋਵੇਂ ਨੌਕਰੀ ਕਰਦੇ ਹਨ ਜਾਂ ਛੁੱਟੀ ਵਾਲੇ ਦਿਨ ਜਾਂ ਕਿਸੇ ਖਾਸ ਮੌਕੇ ਪਤੀ ਪਤਨੀ ਨੂੰ ਰੈਸਟ ਕਰਵਾਉਣ ਦਾ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਤੇ ਇਹ ਗੱਲ ਸੌ ਫੀਸਦੀ ਠੀਕ ਹੈ ਕਿ ਅਜਿਹਾ ਕਰਨ ਨਾਲ ਦੋਹਾਂ ਦੇ ਰਿਸ਼ਤੇ ‘ਚ ਇਕ ਨਵੀਂ ਤੇ ਮਿਠਾਸ ਭਰੀ ਤਾਜ਼ਗੀ ਜ਼ਰੂਰ ਆ ਜਾਂਦੀ ਹੈ। ਇਹ ਗੱਲ ਸਿਰਫ ਦੋਹਾਂ ਦੇ ਨੌਕਰੀਪੇਸ਼ਾ ਹੋਣ ‘ਤੇ ਹੀ ਲਾਗੂ ਨਹੀਂ ਹੁੰਦੀ ਬਲਕਿ ਮੈਂ ਕੁਝ ਅਜਿਹੇ ਜੋੜਿਆਂ ਨੂੰ ਵੀ ਜਾਣਦਾ ਹਾਂ ਜਿਨ•ਾਂ ‘ਚ ਪਤਨੀ ਸਿਰਫ਼ ਘਰੇਲੂ ਔਰਤ ਹੈ ਪਰ ਪਤੀ ਉਸ ਦੇ ਘਰੇਲੂ ਕੰਮਾਂ ਤੇ ਬੱਚਿਆਂ ਦੀ ਸਾਂਭ ਸੰਭਾਲ ਨੂੰ ਵੱਡਾ ਕੰਮ ਸਮਝਦਾ ਉਸ ਦੀ ਪੂਰੀ ਇੱਜ਼ਤ ਕਰਦਾ ਹੈ ਤੇ ਘਰ ਦੇ ਕੰਮਾਂ ਵਿਚ ਵੀ ਉਸ ਦਾ ਬਰਾਬਰ ਹੱਥ ਵੰਡਾਉਂਦਾ ਹੈ। ਇਹੋ ਜਿਹੇ ਪਤੀ ਤਾਂ ਸੱਚਮੁੱਚ ਹੀ ਸ਼ਾਬਾਸ਼ ਦੇ ਹੱਕਦਾਰ ਹਨ। ਇਸ ਬਾਰੇ ਕਿਹਾ ਜਾ ਸਕਦਾ ਹੈ ਕਿ ਕੁਝ ਕੁ ਆਦਮੀਆਂ ਪਿਛੇ ਸਾਰੀ ਮਰਦ ਜਾਤ ਨੂੰ ਤਾਂ ਨਿੰਦਿਆ ਨਹੀਂ ਜਾ ਸਕਦਾ। ਆਦਮੀਆਂ ਦੀ ਫਜ਼ੂਲਖਰਚੀ ਜਾਂ ਪੈਸੇ ਨਾ ਜੋੜਨ ਦੀ ਆਦਤ ਬਾਰੇ ਮੇਰੇ ਇਕ ਦੋਸਤ ਨੇ ਉਲਾਂਭਾ ਦਿੱਤਾ ਕਿ ਹਮੇਸ਼ਾ ਔਰਤਾਂ ਬਾਰੇ ਹੀ ਕਿਉਂ ਕਿਹਾ ਜਾਂਦੈ ਕਿ ਉਹ ਫਜ਼ੂਲਖਰਚ ਨਹੀਂ ਹੁੰਦੀਆਂ ਤੇ ਉਹ ਦੇਖ ਪਰਖ ਕੇ ਹੀ ਹਰ ਚੀਜ਼ ਲੈਂਦੀਆਂ ਹਨ ਜਦਕਿ ਇਹ ਗੁਣ ਉਨ•ਾਂ ਦੇ ਸੂਟ ਖਰੀਦਣ ਦੀ ਆਦਤ ‘ਤੇ ਤਾਂ ਲਾਗੂ ਨਹੀਂ ਹੁੰਦਾ। ਉਨ•ਾਂ ਦੀ ਕਿਸੇ ਸਹੇਲੀ ਨੇ ਜੇ ਕੋਈ ਖਾਸ ਡਰੈਸ ਲਈ ਹੈ ਜਾਂ ਬਾਜ਼ਾਰ ‘ਚ ਉਨ•ਾਂ ਨੂੰ ਕੋਈ ਸੂਟ ਪਸੰਦ ਆ ਗਿਆ ਤਾਂ ਲੋੜ ਨਾ ਹੋਣ ‘ਤੇ ਵੀ ਹਰ ਕੀਮਤ ‘ਤੇ ਉਹ ਸੂਟ ਖਰੀਦ ਲਿਆ ਜਾਂਦਾ ਹੈ, ਫਿਰ ਦੋ ਚਾਰ ਸੌ ਵੱਧ ਘੱਟ ਦੀ ਕੋਈ ਪਰਵਾਹ ਨਹੀਂ ਕੀਤੀ ਜਾਂਦੀ ਤੇ ਕਿਹਾ ਜਾਂਦੈ ਕਿ ਚੀਜ਼ ਤਾਂ ਪਸੰਦ ਦੀ ਮਿਲ ਗਈ ਨਾ। ਜੇ ਤੁਸੀਂ ਉਨ•ਾਂ ਦੀ ਅਲਮਾਰੀ ਦੇਖੋ ਤਾਂ ਉਸ ਵਿਚਾਰੀ ਨੂੰ ਉਸ ਦੇ ਕੱਪੜਿਆਂ ਕਾਰਨ ਸਾਹ ਹੀ ਨਹੀਂ ਆਉਂਦਾ ਤੇ ਜਦੋਂ ਕਿਤੇ ਜਾਣਾ ਹੋਵੇ ਤਾਂ ਮੈਡਮ ਦਾ ਪਹਿਲਾਂ ਇਹੀ ਰੋਣਾ ਹੁੰਦੈ ਕਿ ਮੇਰੇ ਕੋਲ ਤਾਂ ਉਥੇ ਪਾ ਕੇ ਜਾਣ ਲਈ ਕੋਈ ਸੂਟ ਹੀ ਨਹੀਂ ਹੈ, ਕਿਉਂਕਿ ਕਈ ਸੂਟ ਤਾਂ ਉਥੇ ਹਾਜ਼ਰ ਸਹੇਲੀਆਂ ਨੇ ਦੇਖੇ ਹੁੰਦੇ ਹਨ, ਹੁਣ ਦੱਸੋ, ਕੀ ਹੈ ਇਸ ਸਮੱਸਿਆ ਦਾ ਹੱਲ? ਇਸ ਸਭ ਦੇ ਉਲਟ ਪਤੀ ਵਿਚਾਰੇ ਦੋ ਚਾਰ ਸੂਟਾਂ ਨਾਲ ਹੀ ਸਾਰੀਆਂ ਸਰਦੀਆਂ ਜਾਂ ਗਰਮੀਆਂ ਲੰਘਾ ਲੈਂਦੇ ਹਨ ਜਾਂ ਕਿਸੇ ਨੇੜਲੇ ਦੇ ਵਿਆਹ ‘ਤੇ ਸਵਾਏ ਸੂਟਾਂ ਨੂੰ ਹੀ ਸਰਕਾਰੀ ਡਰੈਸ ਬਣਾ ਕੇ ਦਿਨ ਗੁਜ਼ਾਰ ਲੈਂਦੇ ਹਨ। ਉਸ ਦੋਸਤ ਨੇ ਕਿਹਾ ਕਿ ਇਹ ਸਭ ਦੇਖ ਸੁਣ ਕੇ ਤੁਸੀਂ ਇਹ ਦੱਸੋ ਕਿ ਫਜ਼ੂਲ ਖਰਚ ਕੌਣ ਹੈ। ਇਹ ਸੁਣ ਕੇ ਦਿਮਾਗ ਸੱਚਮੁੱਚ ਸੋਚਣ ਲਈ ਮਜਬੂਰ ਹੋ ਗਿਆ ਕਿ ਬਈ ਗੱਲ ਤਾਂ ਸਹੀ ਹੈ ਫਿਰ ਬੰਦਿਆਂ ਨੂੰ ਹੀ ਕਿਉਂ ਭੰਡਿਆ ਜਾਂਦੈ। ਮੇਰੇ ਕੋਲ ਹੁਣ ਇਨ•ਾਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਕਿਉਕਿ ਇਹ ਸਾਰੀਆਂ ਗੱਲਾਂ ਸਹੀ ਵੀ ਸਨ ਤੇ ਕੋਈ ਜਵਾਬ ਤਾਂ ਦੇਣਾ ਹੀ ਪੈਣਾ ਸੀ ਸੋ ਮੈਂ ਉਸ ਦੋਸਤ ਨੂੰ ਕਿਹਾ ਕਿ ਗੱਲ ਤਾਂ ਤੁਹਾਡੀ ਸੌ ਫ਼ੀਸਦੀ ਸਹੀ ਹੈ ਪਰ ਭਾਈ ਇਸ ਮਾਮਲੇ ਵਿਚ ਮੈਂ ਔਰਤਾਂ ਦੇ ਕੱਪੜਿਆਂ ਬਾਰੇ ਕੋਈ ਅਜਿਹੀ ਟਿੱਪਣੀ ਕਰਕੇ ਕੋਈ ਰਿਸਕ ਨਹੀਂ ਲੈਣੀ ਚਾਹੁੰਦਾ ਕਿਉਂਕਿ ਰੋਟੀ ਮੈਂ ਵੀ ਘਰ ਜਾ ਕੇ ਖਾਣੀ ਹੈ…… ਹੈ ਨਾ ਠੀਕ ਗੱਲ?
-ਗੁਰਸਿਮਰਨਦੀਪ ਸਿੰਘ,