*ਜਸਪਾਲ ਸਿੰਘ ਹੇਰਾਂ
ਨਵੰਬਰ 1984’ਚ ਸਿੱਖਾਂ ਦੀ ਨਸਕੁਸ਼ੀ ਕੀਤੀ ਗਈ। ਕੀ ਇਸ ਸੱਚ ਨੂੰ ਦੁਨੀਆਂ ਦੀ ਕੋਈ ਤਾਕਤ ਤੱਥਾਂ ਦੀ ਰੋਸ਼ਨੀ ‘ਚ ,ਜਿਹੜੇ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਹੋਰ 127 ਵੱਡੇ ਸ਼ਹਿਰਾਂ ‘ਚ ਸਿੱਖਾਂ ਨੂੰ ਜਿਉਂਦੇ ਸਾੜਣ, ਸਿੱਖਾਂ ਦੇ ਨਿੱਕੇ -ਨਿੱਕੇ ਮਾਸੂਮ ਬੱਚਿਆਂ ਨੂੰ ਅੱਗਾਂ ਦੀਆਂ ਲਪਟਾਂ ਦੇ ਹਵਾਲੇ ਕਰਨ ਅਤੇ ਸਿੱਖ -ਧੀਆਂ ਭੈਣਾਂ ਦੀ ਬੇਪੱਤੀ ਸਮੇਂ ਦੀਆਂ ਚੀਕਾਂ, ਜਿਹੜੀਆਂ 33 ਸਾਲ ਬਾਅਦ ਅੱਜ ਵੀ ਇਨਸਾਫ ਨਾ ਮਿਲਣ ਕਾਰਨ ਹਵਾ ‘ਚ ਗੂੰਜ ਰਹੀਆਂ ਹਨ। ਇਸ ਵਹਿਸ਼ੀਆਨਾ ਕਤਲੇਆਮ ਨੂੰ ਸਿੱਖਾਂ ਨੂੰ ਸਬਕ ਸਿਖਾਉਣ ਲਈ, ਉਹਨਾਂ ਦੀ ਨਸਲਕੁਸ਼ੀ ਲਈ ਕੀਤੀ ਇਸ ਭਿਆਨਕ ਵਹਿਸ਼ੀਆਨਾ ਕਾਰਵਾਈ ਨੂੰ ਮੰਨਣ ਤੋਂ ਇਨਕਾਰ ਨਹੀਂ ਕਰ ਸਕਦੀ। ਸਿੱਖਾਂ ਨੂੰ ਨਿਸ਼ਾਨਾ ਬਣਾਉਣਾ, ਉਹਨਾਂ ਦੇ ਘਰਾਂ ਦੀ ਨਿਸ਼ਾਨਦੇਹੀ ਕਰਨੀ, ਪੁਲਿਸ ਦਾ ਕਾਤਲਾਂ ਦਾ ਸਾਥ ਹੀ ਨਾਂਹ ਦੇਣਾ ਸਗੋਂ ਖੁਦ ਕਾਤਲ ਬਣ ਕੇ ਸਿੱਖਾਂ ਦੇ ਕਤਲੇਆਮ ‘ਚ ਹਿੱਸਾ ਲੈਣਾ, ਆਖਰ ਸਿੱਖਾਂ ਦੀ ਨਸਲਕੁਸ਼ੀ ਦੀ ਗਿਣੀ-ਮਿਥੀ ਸ਼ਾਜਿਸ਼ ਨਹੀਂ ਸੀ ਤਾਂ ਹੋਰ ਕੀ ਸੀ? ਇਸ ਦੇਸ਼ ਦੀ ਪਾਰਲੀਮੈਂਟ ਨੇ ਇਸ ਵਹਿਸ਼ੀਆਨਾ ਕਤਲੇਆਮ, ਜਿਸ ਦਾ ਸ਼ਿਕਾਰ ਬੇਦੋਸ਼ੇ ਸਿੱਖ ਹੋਏ ਤੇ ਸਮੂਹਿਕ ਰੂਪ ‘ਚ ਹੋਏ, ਬਾਰੇ ਇੱਕ ‘ਲਾਈਨ ‘ਦਾ ਅਫਸੋਸ ਦਾ ਮਤਾ ਪਾਸ ਕਰਨ ਦੀ ਵੀ ਲੋੜ ਨਹੀਂ ਸਮਝੀ ।
ਮੁਆਫ਼ੀ ਮੰਗਣੀ ਤਾਂ ਬਹੁਤ ਦੂਰ ਅੱਜ ਜਦੋਂ ਕੈਨੇਡਾ ਦੇ ਇੱਕ ਸੂਬੇ ਓਨਟਾਰੀਓ ਦੀ ਐਂਸਬਲੀ ‘ਚ 1984 ਦੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਪ੍ਰਵਾਨ ਕੀਤਾ ਗਿਆ ਹੈ ਤਾਂ ਬਜਾਏ ਇਸ ਦੇ, ਇਸ ਦੇਸ਼ ਦੀ ਹਿੰਦੂਤਵੀ ਬਹੁਗਿਣਤੀ ਸਰਕਾਰ ਇਸ ਨੂੰ ਮੰਨਦੀ ਅਤੇ ਪਾਰਲੀਮੈਂਟ ਦੇ ਇਸ ਸਮੇਂ ਚੱਲ ਰਹੇ ਇਜਲਾਸ ‘ਚ ਮੁਆਫੀ ਮੰਗਣ ਦਾ ਮਤਾ ਪਾਸ ਕੀਤਾ ਜਾਂਦਾ । ਭਾਰਤ ਦੀ ਹਿੰਦੂਤਵੀ ਸਰਕਾਰ ਨੇ ਕੈਨੇਡਾ ਵਿਧਾਨ ਸਭਾ ਦੇ ਮਤੇ ਨੂੰ ਰੱਦ ਕਰ ਦਿੱਤਾ, ਕੀ ਮਤਾ ਰੱਦ ਕਰ ਦੇਣ ਨਾਲ ਸਿੱਖ ਨਸਲਕੁਸ਼ੀ ਦਾ ਕਾਲਾ ਧੱਬਾ ਇਸ ਦੇਸ਼ ਦੀ ਫਿਰਕੂ ਅਤੇ ਘੱਟ ਗਿਣਤੀਆਂ ਪ੍ਰਤੀ ਜ਼ਹਿਰੀਲੀ ਸੋਚ ਦੇ ਮੱਥੇ ‘ਤੋਂ ਮਿਟ ਜਾਵੇਗਾ ? ਸਿੱਖਾਂ ਦੀ ਹੋਈ ਨਸਲਕੁਸ਼ੀ ਨੂੰ ਪ੍ਰਵਾਨ ਕਰਨ ਜਾਂ ਰੱਦ ਕਰ ਦੇਣ ਨਾਲ ਕੀ ਇਸ ਦੇਸ਼ ਦੀ ਸਰਕਾਰ ਇਸ ਸੱਚ ਤੋਂ ਭੱਜ ਸਕੇਗੀ ਕਿ ਆਖ਼ਰ 33 ਸਾਲ ਲੰਘ ਜਾਣ ਦੇ ਬਾਵਜੂਦ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਅਤੇ ਸਿੱਖਾਂ ਨੂੰ ਇਨਸਾਫ਼ ਕਿਉਂ ਨਹੀਂ ਮਿਲਿਆ?
ਇਸ ਭਿਆਨਕ ਕਤਲੇਆਮ ਸਬੰਧੀ ਦਰਜ਼ ਹੋਈਆਂ ਪੁਲਿਸ ਰਿਪੋਰਟਾਂ ਆਖ਼ਰ ਕਿੱਥੇ ਹਨ? ਵੱਡੇ-ਵੱਡੇ ਕਾਂਗਰਸੀ ਆਗੂ ਜਿਨਾਂ ਨੇ ਕਾਤਲ ਭੀੜਾਂ ਦੀ ਅਗਵਾਈ ਕੀਤੀ, ਉਹ ਉੱਚੇ-ਉਚੇ ਆਹੁਦਿਆਂ ‘ਤੇ ਕਿਵੇਂ ਬਿਰਾਜਮਾਨ ਰਹੇ? 33 ਸਾਲਾਂ ਵਿਚ ਜਿਹੜੀਆਂ 8 ਪਾਰਲੀਮੈਂਟਾਂ ਹੋਂਦ ਵਿਚ ਆਈਆਂ, ਉਨਾਂ ਵਿਚੋਂ ਕਿਸੇ ਨੂੰ ਵੀ ਇਸ ਭਿਆਨਕ ਕਾਂਡ ਦੀ ਯਾਦ ਨਾ ਆਈ ਅਤੇ ਨਾ ਹੀ ਕਿਸੇ ਦਾ ਦਿਲ ਕੰਬਿਆ ਅਤੇ ਨਾ ਹੀ ਕਿਸੇ ਦੀ ਜ਼ਮੀਰ ਜਾਗੀ। ਅਸਲ ਵਿਚ ਇਸ ਦੇਸ਼ ਦੇ ਹਾਕਮ ਚਾਹੇ ਉਹ ਕਿਸੇ ਵੀ ਰੰਗ ਦੇ ਹੋਣ, ਉਹ ਸਿੱਖਾਂ ਨੂੰ ਇਸ ਦੇਸ਼ ਦੇ ਸ਼ਹਿਰੀ ਹੀ ਨਹੀਂ ਮੰਨਦੇ, ਸਗੋਂ ਸਿੱਖਾਂ ਨੂੰ ਗ਼ੁਲਾਮ ਮੰਨਦੇ ਹਨ। ਗੁਲਾਮਾਂ ਨੂੰ ਧੱਕੇ, ਬੇਇਨਸਾਫ਼ੀ, ਵਿਤਕਰੇ ਦਾ ਸ਼ਿਕਾਰ ਬਨਾਉਣਾ ਆਪਣਾ ਜਨਮਸਿੱਧ ਅਧਿਕਾਰ ਮੰਨਦੇ ਹਨ। ਅੱਜ ਜਦੋਂ ਇਕ ਦੇਸ਼ ਦੀ ਵਿਧਾਨ ਸਭਾ ਨੇ ਡੂੰਘੀ ਵਿਚਾਰ ਚਰਚਾ ਤੋਂ ਬਾਅਦ 84 ਦੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਪ੍ਰਵਾਨ ਕੀਤਾ ਹੈ ਤਾਂ ਇਸ ਕਤਲੇਆਮ ਦੀ ਭਿਆਨਕ ਸੱਚਾਈ ਨੂੰ ਹੁਣ ਦਬਾਇਆ ਨਹੀਂ ਜਾ ਸਕਦਾ।
ਭਾਵੇਂ ਕਿ ਅਸੀਂ ਜਾਣਦੇ ਹਾਂ ਕਿ ਜਿਹੜੇ ਹਾਕਮ ਇਸ ਦੇਸ਼ ਨੂੰ ”ਹਿੰਦੂ ਰਾਸ਼ਟਰ” ਐਲਾਨਣ ਦੀਆਂ ਤਿਆਰੀਆਂ ਕਰ ਰਹੇ ਹਨ, ਉਨਾਂ ਕੋਲੋ 1984 ਦੇ ਸਿੱਖ ਕਤਲੇਆਮ ਦੇ ਇਨਸਾਫ਼ ਦੀ ਆਸ ਰੱਖਣੀ ਬੇਮਾਹਨੇ ਹੈ। ਪ੍ਰੰਤੂ ਅਸੀਂ ਚਾਹੁੰਦੇ ਹਾਂ ਕਿ ਵਿਸ਼ਵ ਭਰ ਵਿਚ ਬੈਠੇ ਸਿੱਖ ਇਸ ਮੁੱਦੇ ਨੂੰ ਉਨਾਂ ਦੇਸ਼ਾਂ ਵਿਚੋਂ ਉਭਾਰਨ ਅਤੇ ਭਾਰਤੀ ਪਾਰਲੀਮੈਂਟ ‘ਚ ਬੈਠੇ ਸਰਦਾਰ ਅਖਵਾਉਂਦੇ ਮੈਂਬਰ ਪਾਰਲੀਮੈਂਟ ਵੀ ਆਪਣੀ ਆਤਮਾ ਦੀ ਅਵਾਜ਼ ਨੂੰ ਜ਼ਰੂਰ ਸੁਣ ਲੈਣ, ਉਨਾਂ ਦੀ ਆਤਮਾ ਅਵਾਜ਼ ਬੁਲੰਦ ਕਰਨ ਲਈ ਤੜਫ਼ਦੀ ਹੋਵੇਗੀ।