ਉਂਜ ਤਾਂ 2017 ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਾ ਸੀ ਅਤੇ ਚੋਣ ਜਾਬਤਾ ਵੀ ਲਾਗੂ ਹੋ ਚੁੱਕਾ ਸੀ। ਇਕ ਗੂੰਗੀ ਕਬੱਡੀ ਵਾਲਾ ਸਿਆਸੀ ਖਿਡਾਰੀ ਪੰਜਾਬੀ ਗੱਭਰੂ ਨੂੰ ਹੱਥ ਛੱਡ ਕੇ ਕੈਂਚੀ ਮਾਰ ਰਿਹਾ ਸੀ, ਦੂਜੇ ਪਾਸੇ ਵਿਚਾਰੀ ਖੇਡ ਕਬੱਡੀ, ਪਿੰਡੋਂ ਕੱਢੀ ਬਠਿੰਡੇ ਵਾੜੀ, ਬੇਅੰਤ ਵਿਕਾਸ ਕਾਰਜ ਹੋਏ ਪਰ ਹਰ ਕਿਸੇ ਦੇ ਮਨ ਵਿਚ ਦੁਚਿੱਤੀ ਸੀ ਕਿ ਵੋਟ ਕਿਸ ਨੂੰ ਪਾਈ ਜਾਵੇ, ਝੰਡੀ ਕਿਸ ਦੀ ਲਗਾਈ ਜਾਵੇ, ਸਵੱਛ ਅਤੇ ਭਿ੍ਸ਼ਟਾਚਾਰ ਮੁਕਤ ਸਰਕਾਰ ਕਿਵੇਂ ਬਣਾਈ ਜਾਵੇ।
ਉਂਜ ਤਾਂ ਹਰ ਕਿਸੇ ਦਾ ਮੌਲਿਕ ਅਧਿਕਾਰੀ ਹੈ ਵੋਟ ਪਾਉਣਾ ਪਰ ਖਿਆਲੀ ਦੁਨੀਆ ਤੋਂ ਪਰੇ ਸੀ ਅਜੇ ਹਰ ਕੋਈ ਕਿਉਂਕਿ ਇਹ ਤਾਂ ਹਰ ਵਾਰ ਹੀ ਹੁੰਦਾ ਹੈ ਕਿ ਨਵੇਂ-ਨਵੇਂ ਚੋਣ ਵਾਅਦੇ ਕਰਕੇ, ਵੋਟਾਂ ਬਟੋਰ ਕੇ ਵੋਟਰਾਂ ਨੂੰ ਅੱਖੋਂ ਓਹਲੇ ਕੀਤਾ ਜਾਂਦਾ ਹੈ। ਇਕ ਵਾਰ ਉਮੀਦਵਾਰ ਜਿੱਤ ਗਿਆ ਤਾਂ ਸਮਝੋ ਜਨਤਾ ਹੱਥੋਂ ਗਿਆ। ਸਮਝੋ ਖੁਦਪ੍ਰਸਤ ਹੋ ਕੇ ਰਹਿ ਗਿਆ। ਹਰ ਕਿਸੇ ਦੀ ਅਪੀਲ-ਦਲੀਲ ਠੁਕਰਾਈ ਜਾਂਦੀ ਹੈ, ਸਮਝ ਨਹੀਂ ਆਉਂਦਾ ਕਿ ਇਹ ਰਾਜ ਸੱਤਾ ਦਾ ਨਸ਼ਾ ਕਿਹੋ ਜਿਹਾ ਹੈ, ਜਿਸ ਵਿਚੋਂ ਸਿਰਫ਼ ਹੈਂਕੜਬਾਜ਼ੀ ਝਲਕਦੀ ਹੈ।
ਹਰ ਛੋਟਾ-ਵੱਡਾ ਬਰਸਾਤੀ ਡੱਡੂ ਟਰੈਂ-ਟਰੈਂ ਕਰ ਰਿਹਾ ਹੈ, ਇਕ-ਦੂਜੇ ਉੱਪਰ ਚਿੱਕੜ ਉਛਾਲ ਰਿਹਾ ਹੈ। ਕਹਿੰਦਾ ਹੈ ਉਹ ਜੀ ਥਾਲੀ ਦਾ ਬੈਂਗਣ, ਉਹ ਜੀ ਨਸ਼ਾ ਤਸਕਰ, ਉਹ ਜੀ ਘਪਲੇਬਾਜ਼, ਉਹ ਜੀ ਉਹ, ਮੈਂ ਹਾਂ ਜੋ ਵੀ ਹਾਂ। ਭਾਈ ਵੀਰੋ ਆਪਾਂ ਤਾਂ ਇਹੀ ਕਹਾਂਗੇ, ਆਪਣਾ ਕੀਮਤੀ ਵੋਟ ਸੂਝਵਾਨ ਉਮੀਦਵਾਰ ਨੂੰ ਦਿਓ, ਪਹਿਲਾਂ ਨੇਤਾ ਜੀ ਵੰਡਦੇ ਨੇ, ਪੰਜਾਬੀਆਂ ਨੂੰ ਖੰਡ ਘਿਓ, ਵੋਟਾਂ ਲੈ ਜਾਓ ਜੀ ਸਦਕੇ ਹਜ਼ੂਰ ਤੇ ਫਿਰ ਰੱਬ ਆਸਰੇ ਛੱਡ ਦੇ ਓ ਕਿ ਕੌਡੀ ਬਾਡੀ ਖੇਡੋ। ਮੈਂ ਤਾਂ ਕਹਿਨਾਂ ਰਿਸ਼ਵਤਖੋਰੀ, ਘਪਲਿਆਂ ਦਾ ਜੂੜ ਵੱਢ ਦਿਓ, ਮਹਾਨ ਭਾਰਤ ਦੀਆਂ ਬੁਲੰਦੀਆਂ ਦੇ ਝੰਡੇ ਆਕਾਸ਼ੀਂ ਗੱਡ ਦਿਓ।
-ਬਾਬਾ ਬਿਕਰਮ ਸਿੰਘ ਔਜਲਾ