ਏਐੱਨਆਈ, ਨਵੀਂ ਦਿੱਲੀ : ਪਿਛਲੇ ਹਫ਼ਤੇ ਦਿੱਲੀ-ਐੱਨਸੀਆਰ ਸਮੇਤ ਕਈ ਸੂਬਿਆਂ ਵਿਚ ਹੋਈ ਬਾਰਸ਼ ਕਾਰਨ ਲੋਕਾਂ ਨੂੰ ਹਵਾ ਪ੍ਰਦੂਸ਼ਣ ਤੋਂ ਵੱਡੀ ਰਾਹਤ ਮਿਲੀ ਹੈ। ਹਾਲਾਂਕਿ ਦੀਵਾਲੀ ਤੋਂ ਬਾਅਦ ਦਿੱਲੀ-ਐੱਨਸੀਆਰ ਸਮੇਤ ਕਈ ਸ਼ਹਿਰਾਂ ਦੀ ਹਵਾ ਫਿਰ ਤੋਂ ਪ੍ਰਦੂਸ਼ਿਤ ਹੋ ਗਈ ਹੈ। ਇਸ ਦੌਰਾਨ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (ਸੀਐੱਸਈ) ਦੇ ਪ੍ਰਦੂਸ਼ਣ ਕੰਟਰੋਲ ਯੂਨਿਟ ਦੇ ਮਾਹਿਰ ਵਿਵੇਕ ਚਟੋਪਾਧਿਆਏ ਨੇ ਹਵਾ ਪ੍ਰਦੂਸ਼ਣ ਬਾਰੇ ਪ੍ਰਤੀਕਿਰਿਆ ਦਿੱਤੀ ਹੈ।

ਹਵਾ ਪ੍ਰਦੂਸ਼ਣ ‘ਤੇ ਮਾਹਿਰਾਂ ਨੇ ਕੀ ਕਿਹਾ?

ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (CSE) ਦੇ ਪ੍ਰਦੂਸ਼ਣ ਕੰਟਰੋਲ ਯੂਨਿਟ ਦੇ ਮਾਹਿਰ ਵਿਵੇਕ ਚਟੋਪਾਧਿਆਏ ਨੇ ਕਿਹਾ ਕਿ ਦੀਵਾਲੀ ‘ਤੇ ਪਟਾਕੇ ਚਲਾਉਣ ਕਾਰਨ ਏਅਰ ਕੁਆਲਿਟੀ ਇੰਡੈਕਸ (AQI) ਬਹੁਤ ਖ਼ਰਾਬ ਸ਼੍ਰੇਣੀ ਵਿੱਚ ਪਹੁੰਚ ਗਿਆ ਹੈ। ਪਟਾਕੇ ਚਲਾਉਣ ਨਾਲ ਪ੍ਰਦੂਸ਼ਣ ਦਾ ਪੱਧਰ ਵਧ ਗਿਆ ਹੈ ਤੇ ਹਵਾ ਵੀ ਰੁਕ ਗਈ ਹੈ।

ਉਨ੍ਹਾਂ ਕਿਹਾ ਕਿ ਦੀਵਾਲੀ ਮੌਕੇ ਪਟਾਕਿਆਂ ਕਾਰਨ ਅਸਮਾਨ ਵਿਚ ਧੁੰਦ ਦੀ ਚਾਦਰ ਛਾਈ ਹੋਈ ਹੈ ਅਤੇ ਹਵਾ ਦੀ ਰਫ਼ਤਾਰ ਮੱਠੀ ਪੈ ਰਹੀ ਹੈ, ਜਿਸ ਕਾਰਨ ਪ੍ਰਦੂਸ਼ਣ ਵਿਚ ਵਾਧਾ ਹੋ ਰਿਹਾ ਹੈ। ਫਿਲਹਾਲ ਸਾਨੂੰ ਪ੍ਰਦੂਸ਼ਣ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ, ਤਾਂ ਜੋ ਸ਼ਹਿਰ ਵਿਚ ਮੁਕੰਮਲ ਯੋਜਨਾ ਬਣਾ ਕੇ ਲਾਗੂ ਕੀਤੀ ਜਾ ਸਕੇ।

ਦਿੱਲੀ ਵਿਚ ਹਵਾ ਦੀ ਗੁਣਵੱਤਾ ‘ਖ਼ਰਾਬ’ ਸ਼੍ਰੇਣੀ ‘ਚ ਪਹੁੰਚੀ

ਜ਼ਿਕਰਯੋਗ ਹੈ ਕਿ ਦੀਵਾਲੀ ਵਾਲੇ ਦਿਨ ਕਈ ਥਾਵਾਂ ‘ਤੇ ਪਟਾਕਿਆਂ ‘ਤੇ ਪਾਬੰਦੀ ਲੱਗਣ ਤੋਂ ਬਾਅਦ ਵੱਡੇ ਪੱਧਰ ‘ਤੇ ਆਤਿਸ਼ਬਾਜ਼ੀ ਕੀਤੀ ਗਈ ਸੀ। ਸੋਮਵਾਰ ਸਵੇਰੇ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਧੁੰਦ ਦੀ ਚਾਦਰ ਦਿਖਾਈ ਦਿੱਤੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਮੁਤਾਬਿਕ ਦਿੱਲੀ ਵਿਚ ਹਵਾ ਦੀ ਗੁਣਵੱਤਾ ‘ਖ਼ਰਾਬ’ ਸ਼੍ਰੇਣੀ ਵਿਚ ਪਹੁੰਚ ਗਈ ਹੈ, ਜਿਸ ਕਾਰਨ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ ਹੈ।