** ਜਸਪਾਲ ਸਿੰਘ ਹੇਰਾਂ
ਪੰਜਾਬ ‘ਚ ਲਗਭਗ ਤੀਜਾ ਹਿੱਸਾ ਅਬਾਦੀ ਦਲਿਤ ਵਰਗ ਦੀ ਹੈ ਜਿਸ ‘ਚੋਂ ਤੀਜਾ ਕੁ ਹਿੱਸਾ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ ਤੇ ਚੇਤੰਨ ਤੇ ਸੁਖਾਵੇਂ ਹਾਲਾਤਾਂ ‘ਚ ਹੈ, ਜਦੋਂਕਿ ਬਹੁਗਿਣਤੀ ਹਾਲੇਂ ਵੀ ਮਾੜੀ ਦੁਰਦਸ਼ਾ ‘ਚ ਹੈ ਅਤੇ ਉਨਾਂ ਨੂੰ ਆਪਣੇ ਤੇ ਬਿਗਾਨੇ ਦੋਵਾਂ ਦੇ ਸੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਇਹੋ ਕਾਰਣ ਹੈ ਕਿ ਪੰਜਾਬ ‘ਚ ਜਾਤ-ਪਾਤ ਨੂੰ ਹੋਰ ਉਭਾਰਿਆ ਜਾ ਰਿਹਾ ਹੈ, ਕਿਉਂਕਿ ਚਲਾਕ ਤੇ ਪ੍ਰਭਾਵਸ਼ਾਲੀ ਲੋਕ, ਜਾਤ-ਪਾਤ ਦੇ ਹਥਿਆਰ ਨਾਲ ਆਪਣੀ ਸਿਆਸੀ ਖੇਡ ਤੇ ਤੋਰੀ-ਫੁਲਕਾ ਧੜੱਲੇ ਨਾਲ ਚਲਾ ਰਹੇ ਹਨ, ਪ੍ਰੰਤੂ ਜੇ ਉਨਾਂ ਦੀ ਦਲਿਤ ਸਮਾਜ ਨੂੰ ਦੇਣ ਦਾ ਲੇਖਾ-ਜੋਖਾ ਕੀਤਾ ਜਾਵੇ ਤਾਂ ‘ਈਸਬਗੋਲ ਕੁਝ ਨਾ ਫੋਲ’ ਵਾਲੀ ਗੱਲ ਹੀ ਹੈ। ਦਲਿਤ ਸਮਾਜ ‘ਚ ਪੈਦਾ ਹੋ ਰਿਹਾ ਚੇਤੰਨ ਵਰਗ ਦਲਿਤਾਂ ਦੀ ਇਸ ਸਥਿੱਤੀ ਨੂੰ ਭਲੀ-ਭਾਂਤ ਸਮਝਦਾ, ਮਹਿਸੂਸਦਾ ਹੈ ਤੇ ਚਿੰਤਾ ਵੀ ਕਰਦਾ ਹੈ, ਪ੍ਰੰਤੂ ਉਸਦੀ ਟੇਕ ਵੀ ਆਖ਼ਰ ਉਨਾਂ ਚੱਲੇ ਹੋਏ ਕਾਰਤੂਸ’ ਤੇ ਜਾ ਕੇ ਹੀ ਅਟਕ ਜਾਂਦੀ ਹੈ, ਜਿਨ੍ਾਂ ਨੇ ਹੁਣ ਤੱਕ ਆਮ ਦਲਿਤਾਂ ਦੀ ਥਾਂ ਆਪਣੀਆਂ ਅਗਲੀਆਂ ਸੱਤ ਪੀੜੀਆਂ ਤੱਕ ਦੀ ਭੁੱਖ ਦਾ ਹੀ ਫ਼ਿਕਰ ਕੀਤਾ ਹੁੰਦਾ ਹੈ। ਜਿਸ ਦਲਿਤ ਆਗੂ ਨੂੰ ਆਰਥਿਕ ਤੰਗੀਆਂ ਤੁਰਸ਼ੀਆਂ ਅਤੇ ਜਾਤ-ਪਾਤ ਦੇ ਵਿਤਕਰੇ ਕਾਰਣ ਹੁੰਦੀ ਦੁਰਦਸ਼ਾ ਦਾ ਅਹਿਸਾਸ ਹੀ ਨਹੀਂ, ਕਿਉਂਕਿ ਪੀੜ ਦਾ ਅਹਿਸਾਸ, ਪੀੜ ਸਹਿਣ ਵਾਲੇ ਨੂੰ ਹੀ ਹੁੰਦਾ ਹੈ, ਉਹ ਦਲਿਤਾਂ ਦਾ ਕਿੰਨਾ ਕੁ ਭਲਾ ਕਰ ਸਕਦਾ ਹੈ? ਸਰਮਾਏਦਾਰ ਧਿਰ, ਭਾਵੇਂ ਉਹ ਕਿਸੇ ਜਾਤੀ, ਧਰਮ ਨਾਲ ਸਬੰਧਿਤ ਹੋਵੇ, ਉਸਦਾ ”ਖ਼ਾਸਾ” ਲਗਭਗ ਇੱਕੋ ਜਿਹਾ ਹੀ ਹੁੰਦਾ ਹੈ।
ਉਹ ਸਿਵਾਏ ਆਪਣੇ ਸੁਆਰਥ ਤੇ ਲਾਭ ਦੇ ਹੋਰ ਕੁਝ ਨਹੀਂ ਵੇਖਦੀ, ਭਾਵੇਂ ਇਸ ਮੰਜ਼ਿਲ ਤੇ ਪੁੱਜਣ ਲਈ ਉਸਨੂੰ ਆਪਣਿਆਂ ਦੀਆਂ ਲਾਸ਼ਾਂ ਤੇ ਹੀ ਪੈਰ ਰੱਖ ਕੇ ਅੱਗੇ ਵੱਧਣਾ ਪਵੇ। ਪੰਜਾਬ, ਜਿਹੜਾ ਸਿੱਖੀ ਦਾ ਘਰ ਹੈ ਅਤੇ ਜਿਸ ਸਿੱਖੀ ਨੇ ਜਾਤ-ਪਾਤ ਦੀਆਂ ਕੜੀਆਂ ਨੂੰ 1699 ਦੀ ਵਿਸਾਖੀ ਨੂੰ ਆਨੰਦਪੁਰੀ ‘ਚ ਮੁਕੰਮਲ ਰੂਪ ‘ਚ ਤੋੜ ਦਿੱਤਾ ਸੀ, ‘ਚ ਵੀ ਜਾਤ-ਪਾਤ ਦੀ ਵਿਤਕਰੇਬਾਜ਼ੀ ਦਿਨੋ ਦਿਨ ਗੂੜੀ ਹੋ ਰਹੀ ਹੈ ਅਤੇ ਦਲਿਤ ਭਾਈਚਾਰੇ ਨੂੰ ਸਿੱਖੀ ਨਾਲੋਂ ਤੋੜਨ ਲਈ ਤਰਾਂ-ਤਰਾਂ ਦੀਆਂ ਕੋਸ਼ਿਸਾਂ ਹੋ ਰਹੀਆਂ ਹਨ। ਡੇਰੇਵਾਦ ਦੀ ਮਿੱਠੀ ਗੋਲੀ ਨਾਲ ਦਲਿਤ ਭਾਈਚਾਰੇ ਨੂੰ ਭਰਮਾਉਣ ਦਾ ਯਤਨ ਡੂੰਘੀ ਸਾਜਿਸ਼ ਦਾ ਹਿੱਸਾ ਹੈ, ਜਿਹੜਾ ਸਿੱਖੀ ਦੇ ਠੇਕੇਦਾਰ ਵੱਲੋਂ ਦਲਿਤ ਨੂੰ ਸਹੀ ਅਰਥਾਂ ‘ਚ ਸਿੱਖੀ ਦੇ ਕਲਾਵੇ ‘ਚ ਨਾਂਹ ਲੈਣ ਕਾਰਣ, ਸਿੱਖੀ ਵਿਰੋਧੀ ਸ਼ਕਤੀਆਂ ਵੱਲੋਂ ਸਿੱਖੀ ਨੂੰ ਵੱਡੇ ਖੋਰੇ ਲਈ ਵਰਤਿਆ ਜਾ ਰਿਹਾ ਹੈ। ਪੰਜਾਬ ‘ਚ ਕਿਸੇ ਸ਼ਕਤੀਸ਼ਾਲੀ ਦਲਿਤ ਆਗੂ ਦੀ ਅਣਹੋਂਦ ਕਾਰਣ ਵੀ ਦਲਿਤਾਂ ਨੂੰ ਕੰਮਜ਼ੋਰ ਆਗੂਆਂ ਨੇ ਆਪਣੀਆਂ ਬਾਹਾਂ ਵਜੋਂ ਤਾਂ ਵਰਤਿਆ ਹੈ, ਪ੍ਰੰਤੂ ਇਨਾਂ ਬਾਹਾਂ ਨੂੰ ਮਜ਼ਬੂਤ ਬਣਾਉਣ ਦੀ ਕਦੇ ਲੋੜ ਨਹੀਂ ਸਮਝੀ।
ਰਾਂਖਵੇਂਕਰਨ ਕਾਰਣ, ਭਾਵੇਂ ਕਈ ਸੰਵਿਧਾਨਕ ਅਹੁਦਿਆਂ ਤੇ ਦਲਿਤ ਮਰਦ-ਔਰਤਾਂ ਬੈਠੇ ਹਨ, ਪ੍ਰੰਤੂ ਉਨਾਂ ‘ਚੋਂ ਬਹੁਗਿਣਤੀ ਦੀ ਚਾਬੀ ਕਿਸੇ ਹੋਰ ਦੀ ਜੇਬ ‘ਚ ਹੁੰਦੀ ਹੈ ਅਤੇ ਚਾਬੀ ਨਾਲ ਚੱਲਣ ਵਾਲੇ ਅਜਿਹੇ ਦਲਿਤ ਆਗੂ ਜਦੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਅਸਮਰੱਥ ਰਹਿੰਦੇ ਹਨ ਤਾਂ ਇਸ ਅਸਫ਼ਲਤਾ ਦਾ ਭਾਂਡਾ ਰਾਂਖਵੇਂਕਰਨ ਸਿਰ ਭੰਨਿਆ ਜਾਂਦਾ ਹੈ। ਅਸੀਂ ਜਾਤ-ਪਾਤ ਦੇ ਪੱਕੇ ਵਿਰੁੱਧ ਹਾਂ ਅਤੇ ਜਾਤੀ ਵੰਡੀਆਂ ਨੂੰ ਖ਼ਤਮ ਹੋਇਆ ਵੇਖਣਾ ਚਾਹੁੰਦੇ ਹਾਂ, ਪ੍ਰੰਤੂ ਕਿਉਂਕਿ ਉਹ ਧਿਰਾਂ ਜਿਹੜੀਆਂ ਸੱਤਾ ਤੇ ਸਰਮਾਏਦਾਰੀ ਦੀਆਂ ਭਾਈਵਾਲ ਬਣ ਗਈਆਂ ਹਨ, ਉਨਾਂ ਲਈ ਜਾਤ-ਪਾਤ ਦੀਆਂ ਵੰਡੀਆਂ, ਉਨਾਂ ਦੀ ਤਾਕਤ ਦਾ ਹਥਿਆਰ ਹਨ ਅਤੇ ਦਲਿਤ ਵਰਗ ਦਾ ਆਪਣੀ ਸੱਤਾ ਲਾਲਸਾ ਲਈ ਸ਼ੋਸਣ ਕਰਦੀਆਂ ਹਨ। ਇਸ ਲਈ ਜਾਤ-ਪਾਤ ਦਾ ਖ਼ਾਤਮਾ ਹਾਲੇਂ ਸੰਭਵ ਨਹੀਂ ਵਿਖਾਈ ਦਿੰਦਾ। ਪ੍ਰੰਤੂ ਉਨਾਂ ਲੋਕਾਂ ਨੂੰ ਜਿਹੜੇ ਇਸ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ, ਜਾਗਣ ਦੀ ਲੋੜ ਹੈ, ਉਨਾਂ ਸੱਤਾ ਚੋਰਾਂ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ, ਜਿਹੜੇ ਉਨਾਂ ਦੇ ਹੱਕਾਂ ਨੂੰ ਸੰਨ ਲਾ ਕੇ ਚੋਰੀ ਕਰੀ ਜਾ ਰਹੇ ਹਨ। ਜਿਥੇ ਦਲਿਤ ਵਿਰੋਧੀਆਂ ਨੂੰ ਪਹਿਚਾਨਣ ਦੀ ਲੋੜ ਹੈ, ਉੱਥੇ ਦਲਿਤਾਂ ਦਾ ਚਲਾਕੀ ਨਾਲ ਸ਼ੋਸ਼ਣ ਕਰਨ ਵਾਲਿਆਂ ਨੂੰ ਵੀ ਬੇਨਕਾਬ ਕਰਨਾ ਪਵੇਗਾ।ਦਸਮੇਸ਼ ਪਿਤਾ ਨੇ ਦੱਬੇ-ਕੁਚਲੇ, ਨਿਮਾਣੇ, ਨਿਤਾਣੇ, ਨਿਥਾਵੇ ਗਰੀਬ ਲੋਕਾਂ ਦੀ ਬਾਂਹ ਨਹੀਂ ਫੜੀ ਸੀ, ਸਗੋਂ ਉਨਾਂ ਨੂੰ ਆਪਣੇ ਸੀਨੇ ਨਾਲ ਲਾਇਆ ਸੀ, ਅੱਜ ਉਸੇ ਭਾਵਨਾ ਨੂੰ ਮੁੜ ਜੀਵਤ ਕਰਕੇ, ਬਰਾਬਰੀ ਦੇ ਸਮਾਜ ਦੀ ਸਥਾਪਨਾ ਲਈ ਦ੍ਰਿੜ ਇੱਛਾ ਸ਼ਕਤੀ ਨਾਲ ਸੰਘਰਸ਼ ਕਰਨ ਵੱਲ ਤੁਰਨਾ ਚਾਹੀਦਾ ਹੈ।