ਮੁੰਬਈ (ਏਜੰਸੀ) : ਘਰੇਲੂ ਸ਼ੇਅਰ ਬਾਜ਼ਾਰਾਂ ’ਚ ਹਾਲੀਆ ਤੇਜ਼ੀ ਤੋਂ ਬਾਅਦ ਬੁੱਧਵਾਰ ਨੂੰ ਵੱਡੀ ਗਿਰਾਵਟ ਦਰਜ ਕੀਤੀ ਗਈ। 30 ਸ਼ੇਅਰਾਂ ’ਤੇ ਆਧਾਰਤ ਸੈਂਸੈਕਸ 1,628.01 ਅੰਕ ਯਾਨੀ 2.23 ਫ਼ੀਸਦੀ ਦੀ ਗਿਰਾਵਟ ਨਾਲ 71,500.76 ਅੰਕਾਂ ’ਤੇ ਆ ਗਿਆ। ਪਿਛਲੇ ਡੇਢ ਸਾਲ ਤੋਂ ਜ਼ਿਆਦਾ ਸਮੇਂ ’ਚ ਇਹ ਸੈਂਸੈਕਸ ’ਚ ਇਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਹੈ। ਕਾਰੋਬਾਰ ਦੌਰਾਨ ਇਕ ਸਮੇਂ ਇਹ 1,699.47 ਅੰਕ ਤੱਕ ਡਿੱਗ ਗਿਆ ਸੀ। ਸੈਂਸੈਕਸ ਦੇ 30 ਸ਼ੇਅਰਾਂ ’ਚੋਂ 24 ਨੁਕਸਾਨ ’ਚ ਰਹੇ। ਉੱਥੇ ਹੀ 50 ਸ਼ੇਅਰਾਂ ’ਤੇ ਆਧਾਰਤ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 460.35 ਅੰਕ ਯਾਨੀ 2.09 ਫ਼ੀਸਦੀ ਡਿੱਗ ਕੇ 21,571.95 ਅੰਕ ’ਤੇ ਬੰਦ ਹੋਇਆ। ਆਲਮੀ ਪੱਧਰ ’ਤੇ ਕਮਜ਼ੋਰ ਰੁਖ਼ ਦਰਮਿਆਨ ਬੈਂਕ, ਧਾਤੂ ਤੇ ਪੈਟਰੋਲੀਅਮ ਸ਼ੇਅਰਾਂ ’ਚ ਜ਼ੋਰਦਾਬ ਬਿਕਵਾਲੀ ਨਾਲ ਬਾਜ਼ਾਰ ’ਚ ਗਿਰਾਵਟ ਆਈ। ਪ੍ਰਮੁੱਖ ਸੂਚਕ ਅੰਕਾਂ ਸੈਂਸੈਕਸ ਤੇ ਨਿਫਟੀ ’ਚ ਫ਼ੀਸਦੀ ਦੇ ਸੰਦਰਭ ’ਚ 13 ਜੂਨ, 2022 ਤੋਂ ਬਾਅਦ ਇਕ ਦਿਨ ’ਚ ਇਹ ਸਭ ਤੋਂ ਵੱਡੀ ਗਿਰਾਵਟ ਹੈ। ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਦੱਖਣੀ ਕੋਰੀਆ ਦਾ ਕਾਸਪੀ, ਜਾਪਾਨ ਦਾ ਨਿੱਕੀ, ਚੀਨ ਦਾ ਸ਼ੰਘਾਈ ਕੰਪੋਜ਼ਿਟ ਤੇ ਹਾਂਗਕਾਂਗ ਦਾ ਹੈਂਗਸੇਂਗ ਨੁਕਸਾਨ ’ਚ ਰਹੇ। ਯੂਰਪ ਦੇ ਪ੍ਰਮੁੱਖ ਬਾਜ਼ਾਰਾਂ ’ਚ ਵੀ ਸ਼ੁਰੂਆਤੀ ਕਾਰੋਬਾਰ ’ਚ ਤੀਬਰ ਗਿਰਾਵਟ ਆਈ।

ਜਿਓਜਿਤ ਫਾਈਨੈਂਸ਼ੀਅਲ ਸਰਵਿਸਜ਼ ਦੇ ਰਿਸਰਚ ਹੈੱਡ ਵਿਨੋਦ ਨਾਇਰ ਦਾ ਕਹਿਣਾ ਹੈ ਕਿ ਬੈਂਕ ਸ਼ੇਅਰਾਂ ’ਚ ਜ਼ੋਰਦਾਰ ਗਿਰਾਵਟ ਨਾਲ ਅਮਰੀਕੀ ਫੈਡਰਲ ਰਿਜ਼ਰਵ ਦੀ ਨੀਤੀਗਤ ਦੇਰੀ ’ਚ ਕਟੌਤੀ ’ਚ ਦੇਰੀ ਦੇ ਖ਼ਦਸ਼ੇ ਨਾਲ ਧਾਰਨਾ ਪ੍ਰਭਾਵਿਤ ਹੋਈ। ਇਕ ਪਾਸੇ ਸ਼ੇਅਰਾਂ ਦੀ ਕੀਮਤ ਉੱਚੀ ਹੈ, ਦੂਜੇ ਪਾਸੇ ਕੰਪਨੀਆਂ ਦੇ ਨਤੀਜੇ ਤੇ 2023-24 ਲਈ ਜੀਡੀਪੀ ’ਚ ਵਾਧੇ ਦੇ ਅਨੁਮਾਨ ਦਾ ਅਸਰ ਪਹਿਲਾਂ ਹੀ ਬਾਜ਼ਾਰ ’ਚ ਦੇਖਿਆ ਜਾ ਚੁੱਕਿਆ ਹੈ। ਇਨ੍ਹਾਂ ਸਭ ਨੂੰ ਦੇਖਦਿਆਂ ਬਾਜ਼ਾਰ ’ਚ ਗਿਰਾਵਟ ਆਈ ਹੈ।

ਅੱਠ ਫ਼ੀਸਦੀ ਤੋਂ ਜ਼ਿਆਦਾ ਡਿੱਗਿਆ ਐੱਚਡੀਐੱਫਸੀ ਬੈਂਕ

ਐੱਚਡੀਐੱਫਸੀ ਬੈਂਕ ਦੇ ਸ਼ੇਅਰਾਂ ’ਚ ਬੁੱਧਵਾਰ ਨੂੰ ਅੱਠ ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ। ਇਸ ਨਾਲ ਕੰਪਨੀ ਦਾ ਮਾਰਕੀਟ ਕੈਪ ’ਚ ਇਕ ਲੱਖ ਕਰੋੜ ਰੁਪਏ ਘੱਟ ਹੋ ਗਿਆ। ਐੱਚਡੀਐੱਫਸੀ ਬੈਂਕ ਨੇ ਮੰਗਲਵਾਰ ਨੂੰ ਵਿੱਤੀ ਨਤੀਜਾ ਜਾਰੀ ਕੀਤਾ ਸੀ। ਇਸ ਅਨੁਸਾਰ ਅਕਤੂਬਰ-ਦਸੰਬਰ ਤਿਮਾਹੀ ’ਚ ਉਸ ਦਾ ਏਕੀਕ੍ਰਿਤ ਸ਼ੁੱਧ ਲਾਭ 2.65 ਫ਼ੀਸਦੀ ਵਧ ਕੇ 17,258 ਕਰੋੜ ਰੁਪਏ ਰਿਹਾ। ਇਸ ਤੋਂ ਪਿਛਲੀ ਸਤੰਬਰ ਤਿਮਾਹੀ ’ਚ ਉਸ ਨੂੰ 16,811 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਬੈਂਕ ਦੀ ਦਸੰਬਰ ਤਿਮਾਹੀ ਦੇ ਨਤੀਜੇ ਨਿਵੇਸ਼ਕਾਂ ਨੂੰ ਪ੍ਰਭਾਵਿਤ ਕਰਨ ’ਚ ਨਾਕਾਮ ਰਹੇ।