ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਸਿਹਤ ਵਿਭਾਗ ਵੱਲੋਂ ਡਾ. ਰਮਨਦੀਪ ਸਿੰਗਲਾ ਕਾਰਜਕਾਰੀ ਸਿਵਲ ਸਰਜਨ ਦੀ ਦੇਖ ਰੇਖ ਅਤੇ ਡਾ. ਊਸ਼ਾ ਗੋਇਲ ਜ਼ਿਲ੍ਹਾ ਸਿਹਤ ਅਫ਼ਸਰ ਦੀ ਅਗਵਾਈ ਵਿਚ ਬਠਿੰਡਾ ‘ਚ ਡੇਂਗੂ ਵਿਰੁੱਧ ਗਤੀਵਿਧੀਆਂ ਅਤੇ ਜਾਗਰੂਕਤਾ ਵਿਚ ਤੇਜ਼ੀ ਲਿਆਂਦੀ ਗਈ ਹੈ। ਡਾ. ਊਸ਼ਾ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਅਧੀਨ ਅਧੀਨ ਹਫ਼ਤੇ ਦੇ ਹਰੇਕ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਰਾਈਵੇਟ ਦਫ਼ਤਰਾਂ ਤੋਂ ਇਲਾਵਾ ਘਰਾਂ ਵਿਚ ਵੀ ਪਾਣੀ ਖੜ੍ਹਨ ਵਾਲੇ ਸੋਮਿਆਂ ਨੂੰ ਖਾਲੀ ਕਰਕੇ ਸੁਕਾ ਕੇ ਦੁਬਾਰਾ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਇਸੇ ਲੜੀ ਤਹਿਤ ਅੱਜ ਜਿਲ੍ਹਾ ਬਠਿੰਡਾ ਦੀਆਂ ਉਸਾਰੀ ਅਧੀਨ ਬਿਲਡਿੰਗਾਂ ਅਤੇ ਸਲੱਮ ਏਰੀਏ ਅਤੇ ਹੋਰ ਵੱਖ ਵੱਖ ਥਾਵਾਂ ‘ਤੇ ਸਿਹਤ ਵਿਭਾਗ ਦੁਆਰਾ ਗਠਿਤ ਟੀਮਾਂ ਵੱਲੋਂ ਸਰਵੇਲੈਂਸ ਕਰਕੇ ਲਾਰਵਾ ਲੱਭ ਕੇ ਨਸ਼ਟ ਕਰਵਾਇਆ ਗਿਆ ਅਤੇ ਫੌਗਿੰਗ ਅਤੇ ਸਪਰੇ ਕਰਵਾਈ ਗਈ। ਇਸ ਦੌਰਾਨ ਜਾਗਰੂਕਤਾ ਸਮਾਗਮ ਕਰਵਾਏ ਗਏ ਅਤੇ ਡੇਂਗੂ ਜਾਗਰੂਕਤਾ ਪਿੰ੍ਟ ਮੈਟੀਰੀਅਲ ਵੰਡਿਆ ਗਿਆ। ਇਸ ਸਮੇਂ ਡਾ. ਰੂਪਾਲੀ ਜ਼ਿਲ੍ਹਾ ਐਪੀਡਮੈਲੋਜਿਸਟ ਨੇ ਦੱਸਿਆ ਕਿ ਡੇਂਗੂ ਮਾਦਾ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਜ਼ੋ ਹਫ਼ਤੇ ਤੋਂ ਜ਼ਿਆਦਾ ਸਮਾਂ ਸਾਫ਼ ਖੜ੍ਹੇ ਪਾਣੀ ਵਿਚ ਪਨਪਦਾ ਹੈ। ਇਹ ਮੱਛਰ ਦਿਨ ਵੇਲੇ ਕੱਟਦਾ ਹੈ। ਇਸ ਲਈ ਘਰ , ਦਫ਼ਤਰਾਂ ਵਿਚ ਹੋਰ ਥਾਵਾਂ ‘ਤੇ ਹਫ਼ਤੇ ਤੋਂ ਵੱਧ ਪਾਣੀ ਖੜ੍ਹਣ ਵਾਲੇ ਸੋਮਿਆਂ ਜਿਵੇਂ ਕੂਲਰਾਂ, ਗਮਲਿਆਂ, ਪਸ਼ੂ ਅਤੇ ਪੰਛੀਆਂ ਦੇ ਪਾਣੀ ਪੀਣ ਵਾਲੀ ਜਗ੍ਹਾਵਾਂ, ਫਰਿਜ਼ਾਂ ਦੀਆਂ ਟੇ੍ਆਂ ਵਿਚ ਖੜ੍ਹੇ ਪਾਣੀ ਨੂੰ ਹਫ਼ਤੇ ਵਿਚ ਇਕ ਵਾਰ ਜਰੂਰ ਸਾਫ਼ ਕਰਕੇ ਸੁਕਾ ਕੇ ਦੁਬਾਰਾ ਵਰਤੋਂ ਵਿਚ ਲਿਆਓ। ਪੂਰਾ ਸਰੀਰ ਢੱਕਦੇ ਕੱਪੜੇ ਪਾਏ ਜਾਣ, ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ। ਛੱਤਾਂ ‘ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾ ਨੂੰ ਚੰਗੀ ਤਰਾਂ੍ਹ ਬੰਦ ਕਰੋ। ਟੁੱਟੇ ਬਰਤਨਾਂ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁੱਲ੍ਹੇ ਵਿਚ ਨਾ ਰੱਖੋ, ਪਾਣੀ ਜਾਂ ਤਰਲ ਚੀਜਾਂ ਜ਼ਿਆਦਾ ਪੀਓ ਅਤੇ ਆਰਾਮ ਕਰੋ। ਡੇਂਗੂ ਹੋਣ ਤੇ ਐਸਪ੍ਰਰੀਨ ਅਤੇ ਬਰੂਫ਼ਨ ਦੀ ਵਰਤੋਂ ਨਾ ਕੀਤੀ ਜਾਵੇ, ਕੋਈ ਵੀ ਤਿੱਖੀ ਵਸਤੂ ਜਿਵੇਂ ਛੁਰੀ, ਚਾਕੂ, ਬਲੇਡ ਦਾ ਇਸਤੇਮਾਲ ਨਾ ਕੀਤਾ ਜਾਵੇ। ਦੰਦਾਂ ਤੇ ਬਰੁਸ਼ ਦੀ ਵਰਤੋਂ ਨਾ ਕੀਤੀ ਜਾਵੇ। ਵਿਨੋਦ ਖੁਰਾਣਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਅਤੇ ਨੱਕ ਵਿੱਚ ਖੂਨ ਦਾ ਵਗਣਾ ਆਦਿ ਲੱਛਣ ਦਿਸਣ ਤਾ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਮਾਹਿਰ ਡਾਕਟਰ ਦੀ ਸਲਾਹ ਲਈ ਜਾਵੇ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਸਰਕਾਰ ਵੱਲੋਂ ਪ੍ਰਰਾਈਵੇਟ ਹਸਪਤਾਲ ਵਿੱਚ ਵੀ ਡੇਂਗੂ ਦਾ ਅਲੀਜ਼ਾ ਟੈਸਟ 600 ਰੁਪਏ ਵਿਚ ਕਰਵਾਇਆ ਜਾ ਰਿਹਾ ਹੈ।