ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ
ਹਾਈਟੈੱਕ ਠੱਗਾਂ ਦੇ ਨਿਸ਼ਾਨੇ ‘ਤੇ ਮਹਾਨਗਰ ਦੇ ਕਾਰੋਬਾਰੀ ਨਾਲ ਆਸਾਮ ਤੇ ਵੈਸਟ ਬੰਗਾਲ ਦੇ 10 ਸ਼ਾਤਰ ਨੌਸਰਬਾਜਾਂ ਨੇ ਆਪਸ ‘ਚ ਮਿਲੀਭੁਗਤ ਕਰ ਕੇ ਲੁਧਿਆਣਾ ਦੇ ਟੈਕਸਟਾਈਲ ਕਾਰੋਬਾਰੀ ਅਤੇ ਉਸਦੇ ਭਤੀਜੇ ਦੇ ਖਾਤੇ ‘ਚੋਂ 34 ਲੱਖ 68 ਹਜ਼ਾਰ ਰੁਪਏ ਦੀ ਰਕਮ ਟਰਾਂਸਫਰ ਕਰ ਲਈ। ਇਸ ਪੂਰੇ ਮਾਮਲੇ ਦੀ ਪੜਤਾਲ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਟੈਕਸਟਾਈਲ ਕਾਰੋਬਾਰੀ ਰਾਜਗੁਰੂ ਨਗਰ ਦੇ ਵਾਸੀ ਜਤਿੰਦਰ ਸਿੰਘ ਚਾਵਲਾ ਦੀ ਸ਼ਿਕਾਇਤ ‘ਤੇ ਕਲਕੱਤਾ ਅਤੇ ਵੈਸਟ ਬੰਗਾਲ ਦੇ ਰਹਿਣ ਵਾਲੇ 10 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਜਾਂਚ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਜ਼ੂਰ ਰਹਿਮਾਨ, ਸਨਤ ਕੁਮਾਰ ਪਾਂਡੇ, ਅਨੀਤ ਦਾਸ, ਹਸਨੈਨ ਆਲਮ, ਸੈਫੀਕੁਲ ਇਸਲਾਮ, ਸਬਰੀਫੁਲ ਇਸਲਾਮ, ਰਵੀ ਸ਼ੰਕਰ ਸ਼ਾਹ, ਰਿੰਕੀ, ਮੁਹੰਮਦ ਮਕਸੂਦ ਤੇ ਜਹੇਰੁਲ ਇਸਲਾਮ ਵਜੋਂ ਹੋਈ ਹੈ। 27 ਨਵੰਬਰ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦਿਆਂ ਜਤਿੰਦਰ ਸਿੰਘ ਚਾਵਲਾ ਨੇ ਦੱਸਿਆ ਕਿ 25 ਨਵੰਬਰ ਨੂੰ ਉਨ੍ਹਾਂ ਦੇ ਮੋਬਾਈਲ ਫੋਨ ‘ਤੇ ਵੱਖ-ਵੱਖ ਕੰਪਨੀਆਂ ਤੋਂ ਮੈਸੇਜ ਅਤੇ ਓਟੀਪੀ ਆਉਣ ਲੱਗ ਪਏ। ਕੁਝ ਹੀ ਸਮੇਂ ਬਾਅਦ ਜਤਿੰਦਰ ਸਿੰਘ ਚਾਵਲਾ ਅਤੇ ਉਨ੍ਹਾਂ ਦੇ ਭਤੀਜੇ ਦਪਿੰਦਰ ਸਿੰਘ ਚਾਵਲਾ ਦੇ ਖਾਤੇ ‘ਚੋ 34 ਲੱਖ 68 ਹਜ਼ਾਰ ਰੁਪਏ ਦੀ ਰਕਮ ਕਢਵਾ ਲਈ ਗਈ।
ਸ਼ਾਤਰ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਕਿੰਝ ਦਿੱਤਾ, ਇਸ ਸਾਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪਰ ਕੁਝ ਹਫ਼ਤਿਆਂ ਦੀ ਤਫ਼ਤੀਸ਼ ਤੋਂ ਬਾਅਦ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਸ਼ਨਾਖ਼ਤ ਕਰ ਲਈ ਹੈ। ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ, ਅਪਰਾਧਿਕ ਸਾਜ਼ਿਸ਼ ਅਤੇ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।


