ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਐਲਾਨ ਤੋਂ ਸਿਰਫ਼ ਛੇ ਦਿਨ ਪਹਿਲਾਂ ਯਾਨੀ ਕਿ ਪੰਜ ਮਾਰਚ ਨੂੰ ਪਿਛਲੀ ਅਕਾਲੀ-ਬੀ.ਜੇ.ਪੀ. ਸਰਕਾਰ ਦੇ ਇਕ ਕੈਬਨਿਟ ਮੰਤਰੀ ਵਲੋਂ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਅੱਧੇ-ਅਧੂਰੇ ਪ੍ਰਬੰਧਾਂ ਨਾਲ 360 ਫ਼ੁੱਟ ਦੀ ਉਚਾਈ ਉਤੇ ਸਾਢੇ ਤਿੰਨ ਕਰੋੜ ਰੁਪਏ ਦੀ ਲਾਗਤ ‘ਚ ਅਟਾਰੀ-ਵਾਹਗਾ ਸਰਹੱਦ ਨੇੜੇ ਲਹਿਰਾਇਆ ਗਿਆ ਦੇਸ਼ ਦਾ ਸੱਭ ਤੋਂ ਉੱਚਾ ਤਿਰੰਗਾ ਝੰਡਾ ਪਿਛਲੇ ਡੇਢ ਮਹੀਨੇ ‘ਚ ਤੇਜ਼ ਹਵਾਵਾਂ ਕਾਰਨ ਪੰਜ ਵਾਰ ਧੁਰ ਅਸਮਾਨ ਵਿਚ ਹੀ ਫੱਟ ਚੁੱਕਾ ਹੈ। ਮੰਤਰੀ ਜੀ ਵਲੋਂ ਝੰਡਾ ਲਹਿਰਾਉਣ ਦੀ ਰਸਮ ਏਨੀ ਕਾਹਲੀ ਵਿਚ ਇਸ ਲਈ ਨਿਭਾਈ ਗਈ ਕਿਉਂਕਿ ਉਨ੍ਹਾਂ ਨੂੰ 11 ਮਾਰਚ ਦੇ ਚੋਣ ਨਤੀਜਿਆਂ ਵਿਚ ਅਪਣੇ ਹਾਰ ਜਾਣ ਦਾ ਡਰ ਸਤਾ ਰਿਹਾ ਸੀ ਅਤੇ ਅੰਮ੍ਰਿਤਸਰ ਦੇ ਵੋਟਰਾਂ ਨੇ ਉਨ੍ਹਾਂ ਦਾ ਇਹ ਡਰ ਸਹੀ ਸਾਬਤ ਕਰ ਕੇ ਵੀ ਵਿਖਾਇਆ।ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਮੰਤਰੀ ਜੀ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦਾ ਸੱਭ ਤੋਂ ਉੱਚਾ ਤਿਰੰਗਾ ਲਹਿਰਾਉਣ ਤੇ ਉਹ ਮਾਣ ਮਹਿਸੂਸ ਕਰ ਰਹੇ ਹਨ ਅਤੇ ਇਹ ਝੰਡਾ ਦੁਸ਼ਮਣ ਦੇਸ਼ ਪਾਕਿਸਤਾਨ ਦੇ ਲੋਕਾਂ ਵਿਚ ‘ਦਹਿਸ਼ਤ’ ਦਾ ਮਾਹੌਲ ਪੈਦਾ ਕਰੇਗਾ। ਪਰ ਹੋਇਆ ਇਸ ਤੋਂ ਬਿਲਕੁਲ ਉਲਟ। ਇਸ ਝੰਡੇ ਦੇ ਕਈ ਵਾਰ ਹਵਾ ਵਿਚ ਫਟਣ ਕਾਰਨ ਨਾ ਸਿਰਫ਼ ਕੌਮੀ ਝੰਡੇ ਦਾ ਘੋਰ ਅਪਮਾਨ ਹੋਇਆ ਬਲਕਿ ਸਰਹੱਦ ਤੇ ਰੋਜ਼ਾਨਾ ਰੀਟਰੀਟ ਰਸਮ ਵੇਖਣ ਵਾਲੇ ਹਜ਼ਾਰਾਂ ਸੈਲਾਨੀਆਂ, ਬੀ.ਐਸ.ਐਫ਼. ਦੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਵਾਰ-ਵਾਰ ਬੇਹੱਦ ਨਮੋਸ਼ੀ ਵੀ ਝਲਣੀ ਪੈ ਰਹੀ ਹੈ। ਅਫ਼ਸੋਸ ਹੈ ਕਿ ਇਕ ਝੰਡੇ ਦੀਆਂ ਤਾਂ ਲੀਰਾਂ ਵੀ ਨਹੀਂ ਲਭੀਆਂ ਜਾ ਸਕੀਆਂ। ਸਵਾਲ ਹੈ ਕਿ ਏਨੀ ਉਚਾਈ ਉਤੇ ਤਿਰੰਗਾ ਝੰਡਾ ਸਥਾਪਤ ਕਰਨ ਦੀ ਲੋੜ ਹੀ ਕੀ ਸੀ? ਕੀ ਉੱਚੇ ਝੰਡੇ ਨਾਲ ਹੀ ਦੇਸ਼ ਦੇ ਨਾਗਰਿਕਾਂ ਵਿਚ ਦੇਸ਼ ਭਗਤੀ ਦਾ ਜਜ਼ਬਾ ਜ਼ਿਆਦਾ ਪੈਦਾ ਕੀਤਾ ਜਾ ਸਕਦਾ ਹੈ? ਦੇਸ਼ ਵਿਚ ਥਾਂ-ਥਾਂ ਤੇ ਜਾਂ ਵੱਧ ਤੋਂ ਵੱਧ ਉਚਾਈ ਤੇ ਕੌਮੀ ਝੰਡੇ ਸਥਾਪਤ ਕਰ ਕੇ ਦੇਸ਼ ਦੀ ਜਨਤਾ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਨਹੀਂ ਕੀਤੀ ਜਾ ਸਕਦੀ। ਪੰਜਾਬ ਦੇ ਲੋਕ, ਖ਼ਾਸ ਕਰ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਲੋਕ, ਪਿਛਲੇ ਕਈ ਸਾਲਾਂ ਤੋਂ ਸਸਤੀ ਅਤੇ ਮਿਆਰੀ ਲੋਕਲ ਬਸ ਸੇਵਾ ਨੂੰ ਤਰਸ ਰਹੇ ਹਨ ਪਰ ਪਿਛਲੀ ਅਕਾਲੀ-ਬੀ.ਜੇ.ਪੀ. ਸਰਕਾਰ ਨੇ ਅੰਮ੍ਰਿਤਸਰ ਵਿਚ 100 ਸਾਲ ਪੁਰਾਣੇ ਹਜ਼ਾਰਾਂ ਦਰੱਖ਼ਤ ਵੱਢ ਕੇ ਇਕ ਲੋਕ ਵਿਰੋਧੀ ਬੀ.ਆਰ.ਟੀ.ਐਸ. ਪ੍ਰਾਜੈਕਟ ਉਤੇ 600 ਕਰੋੜ ਰੁਪਏ ਫ਼ਜ਼ੂਲ ਖ਼ਰਚ ਕਰ ਦਿਤੇ, ਜਿਸ ਦੇ ਨਤੀਜੇ ਵਜੋਂ ਹਰਿਆਲੀ ਅਤੇ ਵਾਤਾਵਰਣ ਨੂੰ ਤਬਾਹ ਕਰ ਦੇਣ ਦੇ ਨਾਲ-ਨਾਲ ਆਮ ਲੋਕਾਂ ਦੇ ਕਾਰੋਬਾਰ ਨੂੰ ਵੀ ਬਰਬਾਦ ਕਰ ਦਿਤਾ ਗਿਆ ਅਤੇ ਇਹ ਪ੍ਰਾਜੈਕਟ ਅੱਜ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋ ਚੁੱਕਾ ਹੈ। ਲੁੱਟ-ਖੋਹ, ਕਤਲਾਂ ਅਤੇ ਹਾਦਸਿਆਂ ਦੀਆਂ ਘਟਨਾਵਾਂ ਨੇ ਸ਼ਹਿਰ ਵਾਸੀਆਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ ਪਰ ਨਾਗਰਿਕਾਂ ਦੀ ਸੁਰੱਖਿਆ ਲਈ ਕੋਈ ਠੋਸ ਯੋਜਨਾਬੰਦੀ ਨਹੀਂ ਕੀਤੀ ਗਈ। ਹਸਪਤਾਲਾਂ ਵਿਚ ਡਾਕਟਰਾਂ, ਦਵਾਈਆਂ ਅਤੇ ਜਾਂਚ ਟੈਸਟ ਮਸ਼ੀਨਾਂ ਦੀ ਬੇਹੱਦ ਘਾਟ ਹੈ। ਵਿਦਿਅਕ ਅਦਾਰੇ ਅਧਿਆਪਕਾਂ ਅਤੇ ਇਮਾਰਤਾਂ ਖੁਣੋਂ ਤਰਸਯੋਗ ਹਾਲਤ ਵਿਚ ਹਨ। ਕਈ ਇਲਾਕਿਆਂ ਵਿਚ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹੋਏ ਪਏ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਅਜਿਹੀਆਂ ਬੁਨਿਆਦੀ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਕੌਮੀ ਝੰਡੇ ਦੀ ਸਥਾਪਤੀ ਅਤੇ ਸਾਂਭ-ਸੰਭਾਲ ਉਤੇ ਕਰੋੜਾਂ ਰੁਪਏ ਦੀ ਫ਼ਜ਼ੂਲ ਖ਼ਰਚੀ ਕਰ ਦੇਣੀ ਨਾ ਸਿਰਫ਼ ਜਨਤਕ ਸਰਮਾਏ ਦੀ ਦੁਰਵਰਤੋਂ ਹੈ ਬਲਕਿ ਦੇਸ਼ ਭਗਤੀ ਦੀ ਅਸਲ ਭਾਵਨਾ ਦੇ ਵੀ ਉਲਟ ਹੈ।
ਭਾਰਤ-ਪਾਕਿਸਤਾਨ ਸਰਹੱਦ ਉਤੇ ਸੱਭ ਤੋਂ ਉੱਚੇ ਤਿਰੰਗੇ ਝੰਡੇ ਦੀ ਸਥਾਪਤੀ ਦਰਅਸਲ ਕੁੱਝ ਫ਼ਿਰਕੂ ਤਾਕਤਾਂ ਵਲੋਂ ਹਿੰਦੂਤਵ ਦੇ ਸਿਆਸੀ ਏਜੰਡੇ ਹੇਠ ਆਮ ਲੋਕਾਂ ਦੇ ਦਿਲ-ਦਿਮਾਗ਼ ਵਿਚ ਅੰਧ ਰਾਸ਼ਟਰਵਾਦ ਫੈਲਾਉਣ ਦੀ ਸਾਜ਼ਸ਼ ਹੈ। ਕੇਂਦਰੀ ਸੱਤਾ ਉਤੇ ਕਾਬਜ਼ ਅਜਿਹੀਆਂ ਫਿਰਕੂ ਜਮਾਤਾਂ ਲੋਕਾਂ ਦਾ ਧਿਆਨ ਉਨ੍ਹਾਂ ਦੀਆਂ ਬੁਨਿਆਦੀ ਆਰਥਕ ਅਤੇ ਸਮਾਜਕ ਸਮੱਸਿਆਵਾਂ ਤੋਂ ਪਾਸੇ ਕਰ ਕੇ ਅੰਨ੍ਹੀ ਕੌਮੀ ਭਾਵਨਾ ਭਰਨ ਦੀ ਫ਼ਿਰਕੂ ਰਾਜਨੀਤੀ ਕਰ ਰਹੀਆਂ ਹਨ ਤਾਕਿ ਲੋਕ ਹਾਕਮ ਜਮਾਤਾਂ ਦੀਆਂ ਲੋਟੂ ਅਤੇ ਭ੍ਰਿਸ਼ਟ ਨੀਤੀਆਂ, ਭ੍ਰਿਸ਼ਟਾਚਾਰ ਅਤੇ ਫ਼ਿਰਕੂ ਨਿਜ਼ਾਮ ਵਿਰੁਧ ਆਵਾਜ਼ ਚੁੱਕਣ ਦੀ ਗੱਲ ਹੀ ਭੁਲ ਜਾਣ। ਇਸੇ ਲਈ ਪਿਛਲੇ ਲੰਮੇ ਸਮੇਂ ਤੋਂ ਕੁੱਝ ਫ਼ਿਰਕੂ ਸੰਗਠਨਾਂ ਵਲੋਂ ਦੇਸ਼ ਵਿਚ ਕਦੇ ਰਾਸ਼ਟਰੀ ਗੀਤ, ਕਦੇ ਵੰਦੇ ਮਾਤਰਮ, ਕਦੇ ਗਊ ਰਖਿਆ, ਕਦੇ ਰਾਮ ਮੰਦਰ ਅਤੇ ਕਦੇ ਤਿਰੰਗੇ ਝੰਡੇ ਦੇ ਨਾਂ ਤੇ ਹਿੰਦੂਤਵ ਦਾ ਫ਼ਿਰਕੂ ਏਜੰਡਾ ਥੋਪਣ ਦੀ ਫ਼ਾਸ਼ੀਵਾਦੀ ਰਾਜਨੀਤੀ ਕੀਤੀ ਜਾ ਰਹੀ ਹੈ। ਇਤਿਹਾਸ ਗਵਾਹ ਹੈ ਕਿ ਅਜਿਹੇ ਤਾਨਾਸ਼ਾਹ ਹੁਕਮਰਾਨ ਸੱਤਾ ਤੇ ਕਬਜ਼ਾ ਬਰਕਰਾਰ ਰੱਖਣ ਲਈ ਦੇਸ਼ ਵਿਚ ਫ਼ਿਰਕੂ ਦੰਗੇ ਕਰਾਉਣ, ਗੁਆਂਢੀ ਦੇਸ਼ਾਂ ਵਿਰੁਧ ਫ਼ਿਰਕੂ ਨਫ਼ਰਤ ਭੜਕਾਉਣ ਅਤੇ ਲੋੜ ਪੈਣ ਤੇ ਜੰਗ ਛੇੜਨ ਦੀਆਂ ਮਨੁੱਖਤਾ ਵਿਰੋਧੀ ਸਾਜ਼ਸ਼ਾਂ ਉਤੇ ਅਮਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ।
ਝੰਡੇ ਦੇ ਸੰਦੇਸ਼ ਅਨੁਸਾਰ ਅਪਣੇ ਕਿਰਦਾਰ ਅਤੇ ਨੀਤੀਆਂ ਨੂੰ ਵੀ ਉੱਚਾ, ਸੁੱਚਾ ਅਤੇ ਲੋਕਪੱਖੀ, ਬਣਾਉਣ ਦੀ ਨੇਕਨੀਅਤੀ ਵਿਖਾਉਣੀ ਚਾਹੀਦੀ ਹੈ।
ਜੇਕਰ ਕੌਮੀ ਝੰਡੇ ਦੀ ਮੌਜੂਦਾ ਬੇਅਦਬੀ ਦੀ ਘਟਨਾ ਸਮਾਜ ਦੇ ਹੋਰ ਕਿਸੇ ਘੱਟ ਗਿਣਤੀ ਫ਼ਿਰਕੇ ਜਾਂ ਵਰਗ ਵਲੋਂ ਹੋਈ ਹੁੰਦੀ ਤਾਂ ਹੁਣ ਤਕ ਨਾ ਸਿਰਫ਼ ਉਸ ਵਿਅਕਤੀ ਨੂੰ ਕੌਮੀ ਝੰਡੇ ਦੇ ਨਿਰਾਦਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੁੰਦਾ ਬਲਕਿ ਉਸ ਨਾਲ ਸਬੰਧਤ ਫ਼ਿਰਕੇ ਵਿਰੁਧ ਅੰਨ੍ਹੀ ਕੌਮੀ ਭਾਵਨਾ ਹੇਠ ਸਮੁੱਚੇ ਮੀਡੀਆ ਵਲੋਂ ਦੇਸ਼ਧ੍ਰੋਹੀ ਹੋਣ ਦਾ ਭੰਡੀ ਪ੍ਰਚਾਰ ਵੀ ਕੀਤਾ ਜਾਂਦਾ। ਪਰ ਮੌਜੂਦਾ ਘਟਨਾ ਸਬੰਧੀ ਕਿਸੇ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਲਈ ਇਨਸਾਫ਼ ਦਾ ਤਕਾਜ਼ਾ ਬਣਦਾ ਹੈ ਕਿ ਕੌਮੀ ਤਿਰੰਗੇ ਝੰਡੇ ਦੇ ਵਾਰ-ਵਾਰ ਹੋਏ ਅਪਮਾਨ ਲਈ ਜ਼ਿੰਮੇਵਾਰ ਦੋਸ਼ੀਆਂ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਪੋਕਸਮੈਨ ਸੰਪਰਕ : 97792-30173