ਜੇਐੱਨਐੱਨ, ਸ਼੍ਰੀਨਗਰ : ਸੋਮਵਾਰ ਨੂੰ ਦੱਖਣੀ ਕਸ਼ਮੀਰ ਦੇ ਨੌਪੁਰਾ ਪੁਲਵਾਮਾ ‘ਚ ਅੱਤਵਾਦੀਆਂ ਨੇ ਇਕ ਕਰਮਚਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਅੱਤਵਾਦੀ ਭੱਜਣ ‘ਚ ਕਾਮਯਾਬ ਹੋ ਗਏ। ਪੁਲਿਸ ਨੇ ਸੀਆਰਪੀਐਫ ਅਤੇ ਫੌਜ ਦੇ ਜਵਾਨਾਂ ਦੇ ਨਾਲ ਘਟਨਾ ਵਾਲੀ ਥਾਂ ਅਤੇ ਇਸਦੇ ਆਸਪਾਸ ਦੇ ਇਲਾਕਿਆਂ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਚਲਾਈ। ਕਸ਼ਮੀਰ ‘ਚ ਪਿਛਲੇ 24 ਘੰਟਿਆਂ ਦੌਰਾਨ ਇਹ ਦੂਜੀ ਅੱਤਵਾਦੀ ਘਟਨਾ ਹੈ।

ਇਸ ਤੋਂ ਪਹਿਲਾਂ ਐਤਵਾਰ ਨੂੰ ਸ਼੍ਰੀਨਗਰ ਦੇ ਈਦਗਾਹ ਮੈਦਾਨ ‘ਤੇ ਹੋਏ ਅੱਤਵਾਦੀ ਹਮਲੇ ‘ਚ ਇਕ ਪੁਲਸ ਇੰਸਪੈਕਟਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ। ਪੁਲਵਾਮਾ ਤੋਂ ਮਿਲੀ ਜਾਣਕਾਰੀ ਮੁਤਾਬਕ ਸਥਾਨਕ ਲੋਕਾਂ ਨੇ ਅੱਜ ਦੁਪਹਿਰ ਕਰੀਬ 12.15 ਵਜੇ ਨੌਪੁਰਾ ਦੇ ਨਾਲ ਲੱਗਦੇ ਤੁਮਚੀ ‘ਚ ਗੋਲੀ ਚੱਲਣ ਦੀ ਆਵਾਜ਼ ਸੁਣੀ। ਜਿਵੇਂ ਹੀ ਪਿੰਡ ਵਾਸੀ ਉਸ ਥਾਂ ਪਹੁੰਚੇ। ਜਿੱਥੋਂ ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਉਨ੍ਹਾਂ ਨੇ ਇੱਕ ਨੌਜਵਾਨ ਨੂੰ ਮਰਿਆ ਪਿਆ ਦੇਖਿਆ। ਉਸਦੇ ਸਰੀਰ ਵਿੱਚੋਂ ਖੂਨ ਵਹਿ ਰਿਹਾ ਸੀ।

ਇਸ ਦੌਰਾਨ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀ ਟੁਕੜੀ ਵੀ ਮੌਕੇ ‘ਤੇ ਪਹੁੰਚ ਗਈ। ਉਹ ਜ਼ਰੂਰੀ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਮੁਕੇਸ਼ ਕੁਮਾਰ ਵਜੋਂ ਹੋਈ ਹੈ। ਉਹ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਪਿਛਲੇ ਕੁਝ ਸਮੇਂ ਤੋਂ ਪੁਲਵਾਮਾ ਵਿੱਚ ਮਜ਼ਦੂਰੀ ਕਰ ਰਿਹਾ ਸੀ।

ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ਤੋਂ ਕੁਝ ਅਹਿਮ ਸੁਰਾਗ ਇਕੱਠੇ ਕੀਤੇ ਗਏ ਹਨ ਅਤੇ ਮਾਰੇ ਗਏ ਮਜ਼ਦੂਰ ਦੇ ਸਾਥੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮੁਕੇਸ਼ ਦੀ ਹੱਤਿਆ ਅੱਤਵਾਦੀਆਂ ਨੇ ਕੀਤੀ ਸੀ। ਕਾਤਲ ਅੱਤਵਾਦੀਆਂ ਨੂੰ ਫੜਨ ਲਈ ਤੁਮਚੀ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ‘ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ।