ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਸਾਬਕਾ ਕੌਂਸਲਰ ਜਗਦੀਸ਼ ਸਮਰਾਏ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੇ ਵਾਰਡ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਤਾਂ ਉਹ ਵਾਰਡ ਦੇ ਲੋਕਾਂ ਨਾਲ ਰਲ ਕੇ ਕਮਿਸ਼ਨਰ ਦਫਤਰ ਅੱਗੇ ਭੁੱਖ ਹੜਤਾਲ ਕਰਨਗੇ। ਉਨ੍ਹਾਂ ਨੇ ਨਿਗਮ ਕਮਿਸ਼ਨਰ ਰਿਸ਼ੀਪਾਲ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ ਤੇ ਕਿਹਾ ਕਿ ਇਹ 11ਵਾਂ ਮੰਗ ਪੱਤਰ ਹੈ। ਸਾਬਕਾ ਕੌਂਸਲਰ ਨੇ ਕਿਹਾ ਕਿ ਉਨ੍ਹਾਂ ਨੇ ਨਿਗਮ ਅਧਿਕਾਰੀਆਂ ਨੂੰ ਆਪਣੇ ਵਾਰਡ ਦੀਆਂ ਸਮੱਸਿਆਵਾਂ ਸਬੰਧੀ 10 ਪੱਤਰ ਲਿਖ ਹਨ ਤੇ ਮੰਗ ਪੱਤਰ ਵੀ ਦਿੱਤੇ ਹਨ ਪਰ ਅਧਿਕਾਰੀਆਂ ਨੇ ਇਕ ਵੀ ਪੱਤਰ ਦਾ ਜਵਾਬ ਨਹੀਂ ਦਿੱਤਾ। ਇਸ ਕਾਰਨ ਉਕਤ ਵਾਰਡ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ। ਉਨ੍ਹਾਂ ਦੇ ਵਾਰਡ ਦੇ ਹਾਲੇ ਵੀ ਦੋ ਮੁਹੱਲਿਆਂ ‘ਚ ਸਟਰੀਟ ਲਾਈਟ ਨਹੀਂ ਲੱਗੀਆਂ ਜਦਕਿ ਲਾਈਟਾਂ ਦੀ ਗਿਣਤੀ ਵਧਾ ਕੇ ਦੱਸੀ ਜਾ ਰਹੀ ਹੈ। ਉਨ੍ਹਾਂ ਨੇ ਨਿਗਮ ਅਧਿਕਾਰੀਆਂ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਲੋਕਾਂ ਨਾਲ ਰਲ ਕੇ ਪਾਣੀ, ਸੀਵਰੇਜ ਤੇ ਸਟਰੀਟ ਲਾਈਟ ਲਾਉਣ ਲਈ ਨਿਗਮ ਦੇ ਕੰਪਲੈਕਸ ‘ਚ ਧਰਨੇ ਵੀ ਦਿਤੇ ਪਰ ਅੱਜ ਤਕ ਕੋਈ ਕਾਰਵਾਈ ਨਹੀਂ ਹੋਈ। ਇਸ ਲਈ ਉਨ੍ਹਾਂ ਨੂੰ ਵਾਰਡ ਦੇ ਲੋਕਾਂ ਨਾਲ ਭੁੱਖ ਹੜਤਾਲ ਦੀ ਚਿਤਾਵਨੀ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਨਿਗਮ ਕਮਿਸ਼ਨਰ ਨੇ ਉਨ੍ਹਾਂ ਦੀ ਗੱਲ ਸੁਣਨ ਤੋਂ ਬਾਅਦ ਭਰੋਸਾ ਦਿੱਤਾ ਕਿ ਭੁੱਖ ਹੜਤਾਲ ਦੀ ਨੌਬਤ ਨਹੀਂ ਆਉਣ ਦਿੱਤੀ ਜਾਵੇਗੀ।