ਰਵਿੰਦਰ ਕਪ੍ਰਵਾਨ, ਰੁਦਰਪ੍ਰਯਾਗ: ਜਨਵਰੀ ਦਾ ਪਹਿਲਾ ਪੰਦਰਵਾੜਾ ਬੀਤਣ ਵਾਲਾ ਹੈ ਪਰ ਕੇਦਾਰਨਾਥ ਧਾਮ ਤੇ ਆਲੇ-ਦੁਆਲੇ ਦੀਆਂ ਪਹਾੜੀਆਂ ਬਰਫ਼ਬਾਰੀ ਨੂੰ ਤਰਸ ਰਹੀਆਂ ਹਨ। ਬੀਤੇ ਸਾਲਾਂ ’ਚ ਕੇਦਾਰਪੁਰੀ ਦਸੰਬਰ ਅਖ਼ੀਰ ਤੱਕ 6 ਤੋਂ 8 ਫੁੱਟ ਮੋਟੀ ਬਰਫ਼ ਦੀ ਚਾਦਰ ਨਾਲ ਢਕੀ ਜਾਂਦੀ ਸੀ। ਇਸ ਵਾਰ ਇੱਥੇ ਸਰਦ ਰੁੱਤ ’ਚ ਨਾਮਾਤਰ ਬਰਫ਼ਬਾਰੀ ਹੋਈ ਜਦਕਿ ਜਨਵਰੀ ’ਚ ਇਕ ਵੀ ਦਿਨ ਬਰਫ਼ਬਾਰੀ ਨਹੀਂਂ ਹੋਈ। ਇਸ ਕਾਰਨ ਧਾਮ ’ਚ ਦੂਰ-ਦੂਰ ਤੱਕ ਬਰਫ਼ ਨਜ਼ਰ ਨਹੀਂ ਆ ਰਹੀ। ਮੌਸਮ ਵਿਭਾਗ ਇਸ ਦੀ ਵਜ੍ਹਾ ਕਮਜ਼ੋਰ ਪੱਛਮੀ ਗੜਬੜੀ ਤੇ ਹਿਮਾਲਿਆਈ ਖੇਤਰ ’ਚ ਬਾਰਿਸ਼ ਵਾਲੇ ਬੱਦਲ ਵਿਕਸਿਤ ਨਾ ਹੋਣ ਨੂੰ ਦੱਸ ਰਿਹਾ ਹੈੇ। ਇਸ ਨਾਲ ਮੌਸਮ ਆਮ ਤੋਂ ਜ਼ਿਆਦਾ ਖ਼ੁਸ਼ਕ ਬਣਿਆ ਹੋਇਆ ਹੈ। ਹਾਲਾਂਕਿ ਕੋਰੀ ਠੰਢ ਕਾਰਨ ਤਾਪਮਾਨ ’ਚ ਦਿਨੋ-ਦਿਨ ਗਿਰਾਵਟ ਆ ਰਹੀ ਹੈ ਜਿਸ ਨੂੰ ਦੇਖਦੇ ਹੋਏ ਧਾਮ ’ਚ ਮੁੜ ਉਸਾਰੀ ਦੇ ਕੰਮ ਬੰਦ ਕਰ ਦਿੱਤੇ ਗਏ ਹਨ।

ਸਮੁੰਦਰੀ ਤਲ ਤੋਂ 11,657 ਫੁੱਟ ਦੀ ਉਚਾਈ ’ਤੇ ਸਥਿਤ ਕੇਦਾਰਨਾਥ ਧਾਮ ਬਰਫ਼ਬਾਰੀ ਕਾਰਨ ਆਮ ਤੌਰ ’ਤੇ ਜਨਵਰੀ ’ਚ ਚਾਂਦੀ ਵਾਂਗ ਚਮਕਣ ਲੱਗਦਾ ਸੀ। ਪਿਛਲੇ ਸਾਲ ਜਨਵਰੀ ’ਚ ਇੱਥੇ ਚਾਰ ਫੁੱਟ ਬਰਫ਼ ਸੀ ਤੇ ਮਾਰਚ ’ਚ ਮੁਸ਼ਕਲ ਨਾਲ ਆਵਾਜਾਈ ਸ਼ੁਰੂ ਹੋ ਸਕੀ ਸੀ। ਕੇਦਾਰਨਾਥ ’ਚ ਸਾਲ 2013 ਤੋਂ ਵੱਖ-ਵੱਖ ਨਿਰਮਾਣ ਏਜੰਸੀਆਂ ਦਾ ਕੰਮ ਦੇਖ ਚੁੱਕੇ ਨਹਿਰੂ ਪਰਬਤਾਰੋਹਣ ਸੰਸਥਾਨ ਦੇ ਸੂਬੇਦਾਰ (ਰਿਟਾਇਰ) ਮਨੋਜ ਸੇਮਵਾਲ ਨੇ ਦੱਸਿਆ ਕਿ ਇਸ ਵਾਰ ਮੌਸਮ ਚੱਕਰ ’ਚ ਆਈ ਤਬਦੀਲੀ ਕਾਰਨ ਸਰਦ ਰੁੱਤ ’ਚ ਇੱਥੇ ਨਾਮਾਤਰ ਦੀ ਹੀ ਬਰਫ਼ਬਾਰੀ ਹੋਈ। ਇਸ ਹਾਲਤ ’ਚ ਧਾਮ ਦੇ ਨਾਲ ਹੀ ਆਲੇ-ਦੁਆਲੇ ਦੀਆਂ ਪਹਾੜੀ ਚੋਟੀਆਂ ਸੁੰਨੀਆਂ ਪਈਆਂ ਹਨ। ਇਸ ਦਾ ਅਸਰ ਖੇਤਰ ਦੇ ਤਾਪਮਾਨ ’ਤੇ ਵੀ ਪਿਆ ਹੈ। ਇਨ੍ਹੀਂ ਦਿਨੀਂ ਕੇਦਾਰਨਾਥ ’ਚ ਰਾਤ ਵੇਲੇ ਤਾਪਮਾਨ ਮਨਫ਼ੀ ਪੰਜ ਤੋਂ ਸੱਤ ਡਿਗਰੀ ਸੈਲਸੀਅਸ ਤੱਕ ਪੁੱਜ ਰਿਹਾ ਹੈ ਜਦਕਿ ਬੀਤੇ ਸਾਲਾਂ ’ਚ ਇਹ ਮਨਫ਼ੀ 20 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਸੀ। ਫ਼ਿਲਹਾਲ ਦੁਪਹਿਰੇ ਤਾਪਮਾਨ ਅੱਠ ਤੋਂ 12 ਡਿਗਰੀ ਸੈਲਸੀਅਸ ਵਿਚਾਲੇ ਚੱਲ ਰਿਹਾ ਹੈ। ਬਾਰਿਸ਼ ਤੇ ਬਰਫ਼ਬਾਰੀ ਨਾ ਹੋਣ ਨਾਲ ਮੌਸਮ ਖੁਸ਼ਕ ਬਣਿਆ ਹੋਇਆ ਹੈ ਤੇ ਪਹਾੜੀ ਖੇਤਰਾਂ ’ਚ ਵੀ ਸਵੇਰ ਤੇ ਸ਼ਾਮ ਨੂੰ ਧੁੰਦ ਛਾ ਰਹੀ ਹੈ।