ਸੰਜੀਵ ਗੁਪਤਾ, ਜਗਰਾਓਂ : ਥਾਣਾ ਸਦਰ ਦੀ ਪੁਲਿਸ ਨੇ ਰਾਜਸਥਾਨ ਪੁਲਿਸ ਨੂੰ ਲੋੜੀਂਦੇ 2 ਭਗੌੜਿਆਂ ਸਮੇਤ 3 ਨੂੰ ਗਿ੍ਫ਼ਤਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਜਗਰਾਓਂ ਦੇ ਮੁਖੀ ਅਮਰਜੀਤ ਸਿੰਘ ਨੇ ਦੱਸਿਆ ਵੱਖ-ਵੱਖ ਕੇਸਾਂ ‘ਚ ਭਗੌੜਿਆਂ ਨੂੰ ਗਿ੍ਫ਼ਤਾਰ ਕਰਨ ਲਈ ਵਿੱਢੀ ਮੁਹਿੰਮ ਤਹਿਤ ਅੱਜ 3 ਭਗੌੜਿਆਂ ਨੂੰ ਗਿ੍ਫ਼ਤਾਰ ਕੀਤਾ।

ਉਨ੍ਹਾਂ ਦੱਸਿਆ ਇਨ੍ਹਾਂ ‘ਚੋਂ ਗਿ੍ਫ਼ਤਾਰ ਦਰਸ਼ਨ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਡਾਂਗੀਆਂ ਖ਼ਿਲਾਫ਼ ਰਾਜਸਥਾਨ ਦੇ ਜੈਪੁਰ ਸ਼ਹਿਰ ‘ਚ ਥਾਣਾ ਟਰਾਂਸਪੋਰਟ ਨਗਰ ‘ਚ ਠੱਗੀ ਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਹੈ। ਇਸੇ ਤਰ੍ਹਾਂ ਦੂਜੇ ਮੁਲਜ਼ਮ ਨਛੱਤਰ ਸਿੰਘ ਪੁੱਤਰ ਚੰਦ ਵਾਸੀ ਅਖਾੜਾ ਖ਼ਿਲਾਫ਼ ਨਸ਼ਾ ਤਸਕਰੀ ਦਾ ਰਾਜਸਥਾਨ ਦੇ ਥਾਣਾ ਰਾਜਗੜ੍ਹ ਜ਼ਿਲ੍ਹਾ ਚੂਰੂ ‘ਚ ਮੁਕੱਦਮਾ ਦਰਜ ਹੈ। ਦੋਵੇਂ ਹੀ ਭਗੌੜੇ ਸਨ। ਅੱਜ ਇਨ੍ਹਾਂ ਦੋਵਾਂ ਨੂੰ ਵੱਖ-ਵੱਖ ਪੁਲਿਸ ਟੀਮਾਂ ਨੇ ਗਿ੍ਫ਼ਤਾਰ ਕੀਤਾ। ਗਿ੍ਫ਼ਤਾਰ ਕਰਕੇ ਦੋਵਾਂ ਨੂੰ ਸਬੰਧਤ ਰਾਜਸਥਾਨ ਥਾਣਿਆਂ ਦੀ ਪੁਲਿਸ ਦੇ ਹਵਾਲੇ ਕੀਤਾ।

ਇਸ ਤੋਂ ਇਲਾਵਾ 8 ਸਤੰਬਰ, 2017 ‘ਚ ਜਗਰਾਓਂ ਥਾਣਾ ਸਦਰ ਵਿਖੇ ਦਰਜ ਮੁਕੱਦਮੇ ‘ਚ ਭਗੌੜੇ ਰਹੇ ਜਗਰੂਪ ਸਿੰਘ ਪੁੱਤਰ ਦੇਸ ਰਾਜ ਵਾਸੀ ਅੱਬੂਪੁਰਾ ਨੂੰ ਗਿ੍ਫ਼ਤਾਰ ਕਰਕੇ ਅਦਾਲਤ ਪੇਸ਼ ਕਰਕੇ ਕੇਂਦਰੀ ਜ਼ੇਲ੍ਹ ਲੁਧਿਆਣਾ ਭੇਜ ਦਿੱਤਾ ਗਿਆ।