ਗੜ੍ਹਸ਼ੰਕਰ: ਸਿੱਖ ਯੂਥ ਆਫ ਪੰਜਾਬ ਨੇ ਪਿਛਲੇ ਦਿਨੀਂ ਪੰਜਾਬ ਅੰਦਰ ਜਥੇਬੰਦੀ ਦੇ ਵਿਸਥਾਰ ਦੇ ਕੀਤੇ ਫੈਂਸਲੇ ਨੂੰ ਅਮਲੀ ਰੂਪ ਦੇਣ ਦੀ ਸ਼ੁਰੂਆਤ ਕਰਦਿਆਂ 25 ਅਗਸਤ ਨੂੰ ਹਲਕਾ ਗੜ੍ਹਸ਼ੰਕਰ ਵਿਖੇ ਸਿੱਖ ਨੌਜਵਾਨਾਂ ਦੀ ਇਕ ਅਹਿਮ ਇਕੱਤਰਤਾ ਭਾਈ ਤਿਲਕੂ ਜੀ ਗੁਰਦੁਆਰਾ ਸਾਹਿਬ ਵਿਖੇ ਕੀਤੀ। ਇਸ ਇਕੱਤਰਤਾ ਵਿਚ ਪਾਰਟੀ ਪ੍ਰਧਾਨ ਸ. ਪਰਮਜੀਤ ਸਿੰਘ ਟਾਂਡਾ, ਮੁੱਖ ਸਲਾਹਕਾਰ ਸ. ਪ੍ਰਭਜੋਤ ਸਿੰਘ, ਮੀਤ ਪ੍ਰਧਾਨ ਸ. ਗੁਰਪ੍ਰੀਤ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।
ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਪਾਰਟੀ ਪ੍ਰਧਾਨ ਸ. ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਪਾਰਟੀ ਵਲੋਂ ਪੰਜਾਬ ਅੰਦਰ ਨੌਜਵਾਨਾਂ ਨਾਲ ਮੀਟਿੰਗਾਂ ਰਾਹੀਂ ਸਿੱਖ ਪੰਥ ਦੀ ਨਿਆਰੀ ਹਸਤੀ, ਸਿੱਖ ਸਿਧਾਂਤ ਅਤੇ ਕੌਮੀ ਮਸਲਿਆਂ ਉਪਰ ਇਕ ਰਾਏ ਬਣਾਉਣ ਅਤੇ ਨੌਜਵਾਨਾਂ ਨੂੰ ਇਕ ਮੰਚ ‘ਤੇ ਇਕੱਠੇ ਕਰਨ ਲਈ ਲਗਾਤਾਰ ਮੀਟਿੰਗਾਂ ਅਤੇ ਗੱਲਬਾਤ ਦਾ ਸਿਲਸਿਲਾ ਜਾਰੀ ਹੈ। ਉਹਨਾਂ ਕਿਹਾ ਕਿ ਸਿੱਖ ਯੂਥ ਆਫ ਪੰਜਾਬ ਨੌਜਵਾਨਾਂ ਅੰਦਰ ਕੌਮੀ ਸਵੈਮਾਣ ਅਤੇ ਮਨੁੱਖੀ ਅਧਿਕਾਰਾਂ ਅਤੇ ਕੌਮੀ ਮਸਲਿਆਂ ਪ੍ਰਤੀ ਜਾਗਰੂਕਤਾ ਲਿਆਉਣ ਲਈ ਲਗਾਤਾਰ ਸੰਘਰਸ਼ਸ਼ੀਲ ਹੈ। ਉਹਨਾਂ ਕਿਹਾ ਕਿ ਨੌਜਵਾਨ, ਨਸ਼ਿਆਂ ਵਰਗੀਆਂ ਬੁਰੀਆਂ ਅਲਾਮਤਾਂ ਤੋਂ ਦੂਰ ਰਹਿਣ ਅਤੇ ਸਿੱਖੀ ਤੇ ਪੰਜਾਬ ਦੇ ਮਸਲਿਆਂ ਪ੍ਰਤੀ ਸੰਜੀਦਾ ਹੋ ਕੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨ ਅਤੇ ਸਿੱਖ ਪੰਥ ਅੰਦਰ ਆਈ ਨਿਰਾਸ਼ਾ ਨੂੰ ਦੂਰ ਕਰਨ ਲਈ ਅੱਗੇ ਆਉਣ।
ਚੋਣਾਂ ਨੇੜੇ ਆਉਂਦਿਆਂ ਚੰਡੀਗੜ੍ਹ ਦੇ ਮਸਲੇ ‘ਤੇ ਸ਼ੁਰੂ ਹੋਈ ਰਾਜਨੀਤੀ ‘ਤੇ ਟਿੱਪਣੀ ਕਰਦਿਆਂ ਜਥੇਬੰਦੀ ਦੇ ਮੁੱਖ ਸਲਾਹਕਾਰ ਸ. ਪ੍ਰਭਜੋਤ ਸਿੰਘ ਨੇ ਨੌਜਵਾਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪੰਜਾਬ ਦੀਆਂ ਵੱਖ-ਵੱਖ ਰਾਜਸੀ ਪਾਰਟੀਆਂ ਵਲੋਂ ਜੋ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਅਨਿਖੜਵਾਂ ਅੰਗ ਹੈ, ਉਹ ਸਾਰੀਆਂ ਹੀ ਰਾਜਸੀ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਧੋਖਾ ਦੇ ਰਹੀਆਂ ਹਨ, ਕਿਉਂਕਿ ਚੰਡੀਗੜ੍ਹ ਉਪਰ ਕੇਂਦਰ ਸਰਕਾਰ ਪਹਿਲਾਂ ਹੀ ਕਬਜ਼ਾ ਜਮਾ ਕੇ ਬੈਠੀ ਹੋਈ ਹੈ। ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਕੇਂਦਰ ਸ਼ਾਸਤ ਪ੍ਰਦੇਸ਼ (ਯੂਨੀਅਨ ਟੈਰੀਟਰੀ) ਵਿਚ ਤਬਦੀਲ ਕੀਤਾ ਹੋਇਆ ਹੈ ਤੇ ਨਾਲ ਹੀ ਚੰਡੀਗੜ੍ਹ ਨੂੰ ਪੰਜਾਬ ਦੇ ਨਾਲ ਨਾਲ ਹਰਿਆਣੇ ਦੀ ਰਾਜਧਾਨੀ ਵੀ ਬਣਾਇਆ ਹੋਇਆ ਹੈ। ਉਹਨਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਸ਼ਹਿਰ ਹੈ, ਪਰ ਇਸ ਉਪਰ ਕੇਂਦਰ ਸਰਕਾਰ ਨੇ ਧੱਕੇ ਨਾਲ ਕਬਜ਼ਾ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਦੀਆਂ ਪਾਰਟੀਆਂ ਚੰਡੀਗੜ੍ਹ ਮਸਲੇ ਉੱਤੇ ਇਮਾਨਦਾਰ ਹਨ ਤਾਂ ਉਹਨਾਂ ਨੂੰ ਚੰਡੀਗੜ੍ਹ ਨੂੰ ਕੇਵਲ ਤੇ ਕੇਵਲ ਪੰਜਾਬ ਦੀ ਰਾਜਧਾਨੀ ਬਣਾਉਣ ਅਤੇ ਉਸ ਉੱਤੋਂ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਰਜਾ ਖਤਮ ਕਰਨ ਲਈ ਸੰਘਰਸ਼ ਕਰਨਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਪਰ ਇਤਿਹਾਸ ਗਵਾਹ ਹੈ ਕਿ ਪੰਜਾਬ ਦੀਆਂ ਇਹ ਪਾਰਟੀਆਂ ਇਮਾਨਦਾਰ ਨਹੀਂ ਹਨ। ਇਹ ਪਾਰਟੀਆਂ ਸਿਰਫ ਚੋਣਾਂ ਮੌਕੇ ਇਸ ਮੁੱਦੇ ਉੱਤੇ ਸਿਆਸਤ ਕਰਦੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਰਾਜਸੀ ਪਾਰਟੀਆਂ ਦੀ ਬਦਨੀਤੀ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ ਤੇ ਚੰਡੀਗੜ੍ਹ ਨੂੰ ਪੂਰਨ ਤੌਰ ‘ਤੇ ਪੰਜਾਬ ਦਾ ਹਿੱਸਾ ਬਣਾਉਣ ਲਈ ਲਾਮਬੰਦ ਹੋਣਾ ਚਾਹੀਦਾ ਹੈ।
ਇਸ ਮੌਕੇ ਪਾਰਟੀ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਖੁੱਡਾ ਨੇ ਪੰਜਾਬ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਜਿੱਥੇ ਸਰਕਾਰੀ ਸ਼ਹਿ ਨਾਲ ਪੰਜਾਬ ਵਿਚ ਨਸ਼ਿਆਂ ਦਾ ਵਪਾਰ ਸਿੱਖਰਾਂ ‘ਤੇ ਹੈ, ਉੱਥੇ ਬੇਰੋਜ਼ਗਾਰ ਜਵਾਨੀ ਪੰਜਾਬ ਛੱਡ ਕੇ ਬਾਹਰ ਪ੍ਰਦੇਸਾਂ ਵਿਚ ਧੱਕੇ ਖਾਣ ਲਈ ਮਜ਼ਬੂਰ ਹੋ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਉਸ ਤੋਂ ਵੱਧ ਗਿਣਤੀ ਨਾਲ ਪ੍ਰਵਾਸੀਆਂ ਨੂੰ ਵਸਾਇਆ ਜਾ ਰਿਹਾ ਹੈ, ਜਿਸ ਕਾਰਨ ਛੇਤੀ ਹੀ ਪੰਜਾਬ ਵਿਚ ਸਿੱਖ ਘੱਟਗਿਣਤੀ ਵਿਚ ਹੋ ਜਾਣਗੇ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਾਨੂੰ ਆਪਣੀ ਹੋਣੀ ਨੂੰ ਸਵਾਰਨ ਲਈ ਵੱਡੇ ਫੈਸਲੇ ਕਰਨੇ ਪੈਣਗੇ ਤੇ ਲਾਮਬੰਦ ਹੋ ਕੇ ਆਪਣੀ ਪਛਾਣ ਨੂੰ ਬਚਾਉਣ ਲਈ ਸੰਘਰਸ਼ ਕਰਨਾ ਪਵੇਗਾ।