ਐੱਫਬੀਆਈ ਅਤੇ ਐੱਨਆਈਐੱਚ ਨੇ ਅਜਿਹੇ ਵਿਗਿਆਨਕਾਂ ਦਾ ਪਤਾ ਲਗਾਉਣ ਲਈ ਵੱਡੇ ਪੈਮਾਨੇ ‘ਤੇ ਜਾਂਚ ਸ਼ੁਰੂ ਕੀਤੀ ਹੈ ਜਿਨ੍ਹਾਂ ਦੇ ਬਾਰੇ ਵਿਚ ਕਿਹਾ ਜਾ ਰਿਹਾ ਹੈ ਕਿ ਉਹ ਦੂਸਰੇ ਦੇਸ਼ਾਂ ਲਈ ਅਮਰੀਕੀ ਅਦਾਰਿਆਂ ਤੋਂ ਬਾਇਓਮੈਡੀਕਲ ਰਿਸਰਚ ਚੋਰੀ ਕਰ ਰਹੇ ਹਨ। ਹੁਣ ਤਕ ਦੀ ਜਾਂਚ ਵਿਚ ਰਿਸਰਚ ਚੋਰੀ ਦੇ ਜਿਹੜੇ ਮਾਮਲੇ ਸਾਹਮਣੇ ਆਏ ਹਨ, ਲਗਪਗ ਉਨ੍ਹਾਂ ਸਾਰਿਆਂ ਵਿਚ ਅਮਰੀਕੀ ਨਾਗਰਿਕਾਂ ਸਣੇ ਚੀਨੀ ਮੂਲ ਦੇ ਕਈ ਵਿਗਿਆਨਕਾਂ ਦੀ ਭੂਮਿਕਾ ਪਾਈ ਗਈ ਹੈ। ਇਨ੍ਹਾਂ ਨੂੰ ਕਥਿਤ ਰੂਪ ‘ਚ ਚੀਨ ਲਈ ਚੋਰੀ ਕਰਦੇ ਪਾਇਆ ਗਿਆ। ਐੱਨਆਈਐੱਚ ਹੁਣ ਤਕ 24 ਮਾਮਲੇ ਹੈਲਥ ਐਂਡ ਹਿਊਮਨ ਸਰਵਿਸਿਜ਼ ਡਿਪਾਰਟਮੈਂਟ ਦੇ ਡਾਇਰੈਕਟਰ ਜਨਰਲ ਦਫ਼ਤਰ ਕੋਲ ਭੇਜ ਚੁੱਕਾ ਹੈ। ਇਨ੍ਹਾਂ ‘ਚ ਅਪਰਾਧਿਕ ਸਰਗਰਮੀ ਦਾ ਸ਼ੱਕ ਪ੍ਰਗਟਾਉਂਦੇ ਹੋਏ ਐੱਨਆਈਐੱਚ ਨੇ ਕਿਹਾ ਕਿ ਬਾਇਓਮੈਡੀਕਲ ਰਿਸਰਚ ਦੇ ਸਾਰੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।

ਅਮਰੀਕੀ ਸੰਸਥਾਵਾਂ ਵੀ ਕਰ ਰਹੀਆਂ ਜਾਂਚ

ਇਨ੍ਹਾਂ ਮਾਮਲਿਆਂ ਦੇ ਉਜਾਗਰ ਹੋਣ ਪਿੱਛੋਂ ਅਮਰੀਕਾ ਦੀਆਂ 71 ਸੰਸਥਾਵਾਂ ਵੀ ਬੋਧਿਕ ਸੰਪਦਾ ਦੀ ਚੋਰੀ ਦੇ ਸ਼ੱਕ ਵਿਚ 180 ਮਾਮਲਿਆਂ ਦੀ ਜਾਂਚ ਕਰ ਰਹੀਆਂ ਹਨ। ਇਨ੍ਹਾਂ ਸੰਸਥਾਵਾਂ ਵਿਚ ਅਮਰੀਕਾ ਦੇ ਕਈ ਉੱਘੇ ਮੈਡੀਕਲ ਸਕੂਲ ਵੀ ਦੱਸੇ ਜਾ ਰਹੇ ਹਨ।

ਇਨ੍ਹਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ

ਜਾਂਚ ਵਿਚ ਵਿਗਿਆਨਕ ਵਿਚਾਰਾਂ, ਡਿਜ਼ਾਈਨ, ਡਿਵਾਈਸ, ਡਾਟਾ ਅਤੇ ਸਿਧਾਂਤਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਗੱਲ ਸਾਹਮਣੇ ਆਈ ਹੈ। ਇਨ੍ਹਾਂ ਰਾਹੀਂ ਨਵੇਂ ਉਪਾਅ ਜਾਂ ਜਾਂਚ ਦੇ ਟੂਲ ਵਿਕਸਿਤ ਕੀਤੇ ਜਾ ਸਕਦੇ ਹਨ। ਇਨ੍ਹਾਂ ਦੀ ਕਥਿਤ ਚੋਰੀ ਵਿਚ ਹਾਲਾਂਕਿ ਫ਼ੌਜ ਦੀਆਂ ਗੁਪਤ ਜਾਣਕਾਰੀਆਂ ਸ਼ਾਮਲ ਨਹੀਂ ਹਨ।

ਅਮਰੀਕੀ ਫੰਡ ‘ਤੇ ਕੀਤੀ ਗਈ ਖੋਜ ਦਾ ਚੀਨ ‘ਚ ਪੇਟੈਂਟ

ਐੱਨਆਈਐੱਚ ਨੇ ਦੱਸਿਆ ਕਿ ਜਾਂਚ ਦੇ ਦਾਇਰੇ ਵਿਚ ਆਏ ਕਈ ਖੋਜਕਰਤਾਵਾਂ ਨੇ ਅਮਰੀਕੀ ਸਰਕਾਰ ਅਤੇ ਸੰਸਥਾਵਾਂ ਦੀ ਸਹਾਇਤਾ ਨਾਲ ਕੀਤੀਆਂ ਗਈਆਂ ਖੋਜਾਂ ਨੂੰ ਚੀਨ ਵਿਚ ਪੇਟੈਂਟ ਕਰਾ ਲਿਆ ਜਦਕਿ ਕਈ ਹੋਰ ਸ਼ੱਕੀਆਂ ਨੇ ਚੀਨ ਵਿਚ ਆਪਣੀ ਲੈਬ ਸਥਾਪਿਤ ਕਰ ਲਈ ਹੈ। ਇਨ੍ਹਾਂ ਰਾਹੀਂ ਗੁਪਤ ਤਰੀਕੇ ਨਾਲ ਨਕਲ ਤਿਆਰ ਕੀਤੀ ਜਾ ਰਹੀ ਹੈ।

ਕੱਢੇ ਗਏ 12 ਵਿਗਿਆਨਕ

ਐੱਨਆਈਐੱਚ ਨੇ ਜਾਂਚ ਦੇ ਦਾਇਰੇ ਵਿਚ ਆਏ ਜ਼ਿਆਦਾਤਰ ਵਿਗਿਆਨਕਾਂ ਦੇ ਨਾਂ ਉਜਾਗਰ ਨਹੀਂ ਕੀਤੇ ਹਨ ਪ੍ਰੰਤੂ ਇਹ ਪਤਾ ਲੱਗਾ ਹੈ ਕਿ ਹੁਣ ਤਕ ਕਰੀਬ ਇਕ ਦਰਜਨ ਵਿਗਿਆਨਕਾਂ ਨੇ ਅਮਰੀਕੀ ਯੂਨੀਵਰਸਿਟੀ ਅਤੇ ਰਿਸਰਚ ਸੈਂਟਰਾਂ ਤੋਂ ਅਸਤੀਫ਼ਾ ਦੇ ਦਿੱਤਾ ਜਾਂ ਉਨ੍ਹਾਂ ਨੂੰ ਕੱਢ ਦਿੱਤਾ ਗਿਆ। ਕਈ ਵਿਗਿਆਨਕਾਂ ਦਾ ਹਾਲਾਂਕਿ ਦਾਅਵਾ ਹੈ ਕਿ ਉਨ੍ਹਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਹੈ।