ਗੁਰਬਰਿੰਦਰ ਸਿੰਘ, ਸ੍ਰੀ ਗੋਇੰਦਵਾਲ ਸਾਹਿਬ : ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿਚ ਸੁੱਟਿਆ ਗਿਆ ਪੈਕੇਟ ਜੇਲ੍ਹ ਪ੍ਰਸ਼ਾਸਨ ਦੇ ਹੱਥ ਲੱਗਾ ਜਿਸ ਵਿੱਚੋਂ ਵੱਡੀ ਗਿਣਤੀ ਵਿਚ ਸਿਮ ਕਾਰਡਾਂ ਤੋਂ ਇਲਾਵਾ ਗੋਲੀਆਂ ਅਤੇ ਹੀਟਰ ਦੇ ਸਪਰਿੰਗ ਬਰਾਮਦ ਹੋਏ ਹਨ। ਉਕਤ ਸਾਮਾਨ ਜੇਲ੍ਹ ਅਧਿਕਾਰੀਆਂ ਨੇ ਥਾਣਾ ਕੇਂਦਰੀ ਜੇਲ੍ਹ ਦੀ ਪੁਲਿਸ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜੇਲ੍ਹ ਦੇ ਸਹਾਇਕ ਸੁਪਰਡੈਂਟ ਭਗਵੰਤ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਵਾਰਡ ਨੰਬਰ 4 ਅੰਦਰ ਲਾਵਾਰਿਸ ਪੈਕੇਟ ਬਰਾਮਦ ਹੋਇਆ ਜਿਸ ਵਿਚੋਂ 420 ਚਿੱਟੇ ਰੰਗ ਦੀਆਂ ਗੋਲੀਆਂ ਤੋਂ ਇਲਾਵਾ 17 ਸਿਮ ਕਾਰਡ ਅਤੇ ਚਾਰ ਹੀਟਰ ਸਪਰਿੰਗ ਮਿਲੇ ਹਨ। ਉਕਤ ਬਰਾਮਦਗੀ ਸਬੰਧੀ ਥਾਣਾ ਕੇਂਦਰੀ ਜੇਲ੍ਹ ਦੇ ਏਐੱਸਆਈ ਬਲਰਾਜ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।

ਦੱਸਣਾ ਬਣਦਾ ਹੈ ਕਿ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚੋਂ ਲਗਭਗ ਹਰ ਦਿਨ ਮੋਬਾਈਲ ਫੋਨਾਂ ਤੋਂ ਇਲਾਵਾ ਪਾਬੰਦੀਸ਼ੁਦਾ ਗੋਲੀਆਂ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਹੁੰਦੇ ਆ ਰਹੇ ਹਨ ਜਿਸ ਨੂੰ ਲੈ ਕੇ ਨਵੀਂ ਬਣੀ ਇਹ ਜੇਲ੍ਹ ਚਰਚਾ ਵਿਚ ਰਹਿੰਦੀ ਹੈ। ਇੰਨਾ ਹੀ ਨਹੀਂ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮਾਂ ਕੋਲੋਂ ਵੀ ਮੋਬਾਈਲ ਫੋਨ ਇਸ ਜੇਲ੍ਹ ਵਿਚੋਂ ਬਰਾਮਦ ਹੋ ਚੁੱਕੇ ਹਨ ਅਤੇ ਗੈਂਗਵਾਰ ਦੀਆਂ ਵੀਡੀਓ ਤਕ ਜੇਲ੍ਹ ਵਿਚੋਂ ਵਾਇਰਲ ਹੁੰਦੀਆਂ ਰਹੀਆਂ ਹਨ।