ਸੱਚ ਦਾ ਗਿਆਨ ਦੇਣ ਵਾਲੇ ਬਾਬੇ ਨਾਨਕ ਦੇ ਦੀ ਯਾਦ ਬਣੇਂ ਗੁਰਦਵਾਰੇ ਗਿਆਨ ਗੋਦੜੀ ਦੀ ਥਾਂ ਹੁਣ ਜਨਤਕ ਪਿਸ਼ਾਬ ਘਰ ਹੈ!
*ਜਸਪਾਲ ਸਿੰਘ ਹੇਰਾਂ
ਸਿਆਸੀ ਆਗੂ ਗਿਰਗਿਟ ਵਾਂਗੂੰ ਕਿਵੇਂ ਰੰਗ ਬਦਲਦੇ ਹਨ, ਇਹ ਕੋਈ ਪੰਜਾਬ ਦੇ ਘਾਗ ਸਿਆਸਤਦਾਨ ਬਾਦਲ ਤੋਂ ਸਿੱਖੇ! ਸਮੇਂ ਅਨੁਸਾਰ, ਆਪਣੀ ਲੋੜ ਅਨੁਸਾਰ, ਜਿਸ ਮੁੱਦੇ ਨਾਲ ਉਨਾਂ ਨੇ ਕੱਲ ਤੱਕ ਕੋਈ ਵਾਸਤਾ ਨਹੀਂ, ਰੱਖਿਆ ਹੁੰਦਾ, ਸਗੋਂ ਉਲਟਾ ਵਿਰੋਧ ਹੀ ਕੀਤਾ ਹੁੰਦਾ ਹੈ, ਉਸੇ ਮੁੱਦੇ ਦੇ ਮੁੱਦਈ ਬਣ ਜਾਣਾ, ਇਸ ਕਲਾ ਦੀ ਮੁਹਾਰਤ ਜਿੰਨੀ ਬਾਦਲ ਨੂੰ ਹੈ, ਸ਼ਾਇਦ ਪੰਜਾਬ ਦੇ ਕਿਸੇ ਹੋਰ ਆਗੂ ਨੂੰ ਨਹੀਂ ਹੋਣੀ। ਜਿਨਾਂ ਖਾੜਕੂਆਂ ਕਾਰਣ ਕਦੇ ਬਾਦਲ, ਸਿੱਖ ਸਿਆਸਤ ਦੇ ਮੈਦਾਨ ‘ਚ ਪੂਰੀ ਲਾਂਭੇ ਹੋ ਗਿਆ ਸੀ, ਫਿਰ ਉਨਾਂ ਖਾੜਕੂਆਂ ਦੇ ਭੋਗ ਤੇ ਜਾ ਕੇ, ਮਗਰਮੱਛ ਦੇ ਹੰਝੂ ਵਹਾ ਕੇ, ਮੁੜ ਸੱਤਾ ਤੇ ਵਾਪਸੀ ਕਰ ਲਈ। ਸੱਤਾ ਸੰਭਾਲਣ ਸਾਰ, ਉਹ ਖਾੜਕੂ, ਬਾਦਲ ਲਈ ਖ਼ਤਰਨਾਕ ਅੱਤਵਾਦੀ ਤੇ ਦੇਸ਼ ਦੇ ਦੁਸ਼ਮਣ ਹੋ ਗਏ ਕਿਉਂਕਿ ਹੁਣ ਸੱਤਾ ਭਗਵਿਆਂ ਦੇ ਸਾਥ ਨਾਲ ਹੀ ਕਾਬੂ ਰਹਿਣੀ ਸੀ। ਜਿਸ ਭਾਰਤੀ ਸੰਵਿਧਾਨ ਦੀ ਧਾਰਾ 25 (ਬੀ) ਦੀਆਂ ਫੋਟੋਸਟੇਟ ਕਾਪੀਆਂ ਸਿੱਖ ਸਿਆਸਤ ‘ਚ ਬਣੇ ਰਹਿਣ ਲਈ ਪਾੜੀਆਂ, ਉਸੇ ਸੰਵਿਧਾਨ ਦੀ ਸਹੁੰ ਖਾ ਕੇ ਉਸਤੋਂ ਬਾਅਦ ਤਿੰਨ ਵਾਰੀ ਮੁੱਖ ਮੰਤਰੀ ਬਣ ਗਿਆ। ਸੰਤ ਫ਼ਤਿਹ ਸਿੰਘ ਤੋਂ ਲੈ ਕੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਤੱਕ ਨੂੰ ਆਪਣੇ ਸੁਆਰਥ ਲਈ ਪਹਿਲਾ ਪ੍ਰਧਾਨ ਸਾਹਿਬ ਬਣਾਇਆ, ਫਿਰ ਉਨਾਂ ਦੀ ਕਬਰ ਵੀ ਆਪਣੇ ਢਿੱਡ ‘ਚ ਹੀ ਬਣਾ ਲਈ। ਅਨੰਦਪੁਰ ਸਾਹਿਬ ਦੇ ਮਤੇ ਨੂੰ ਵੀ ਆਪਣੇ ਢਿੱਡ ‘ਚ ਹੀ ਦਫ਼ਨਾ ਦਿੱਤਾ।
ਨਕਲੀ ਨਿੰਰਕਾਰੀਆਂ ਤੋਂ ਲੈ ਕੇ ਸੌਦਾ ਸਾਧ ਤੱਕ ਨੂੰ ਸਿੱਖਾਂ ਤੇ ਸਿੱਖੀ ਨੂੰ ਖ਼ਤਮ ਕਰਨ ਦਾ ਥਾਪੜਾ ਆਪਣਾ ਵੋਟ ਬੈਂਕ ਪੱਕਾ ਕਰਨ ਲਈ ਦਿੱਤਾ। ਆਪਣੇ ਪਰਿਵਾਰ ਦੀ ਜਾਇਦਾਦ ਤੇ ਤਿਜੌਰੀਆਂ ਭਰਨ ਲਈ ਪੰਜਾਬ ਦੇ ਪਾਣੀਆਂ ਤੱਕ ਦਾ ਸੌਦਾ ਕਰ ਮਾਰਿਆ। ਹੋਰ ਤਾਂ ਹੋਰ ਸਿੱਖ ਦੁਸ਼ਮਣ ਤਾਕਤਾਂ ਨੂੰ ਸਿੱਖ ਤੇ ਗੁਰੂ ਦੇ ਸ਼ਰਧਾ ਵਾਲੇ ਰਿਸ਼ਤੇ ਨੂੰ ਖ਼ਤਮ ਕਰਨ ਲਈ, ਗੁਰੂ ਗ੍ਰੰਥ ਸਾਹਿਬ ਤੇ ਗੁਰਬਾਣੀ ਦੇ ਵਹਿਸ਼ੀਆਨਾ ਕਤਲੇਆਮ ਦੀ ਆਗਿਆ ਦੇ ਦਿੱਤੀ। ਖੈਰ! ਸਾਡਾ ਅੱਜ ਦਾ ਵਿਸ਼ਾ ਸਿੱਖ ਕੌਮ, ਜਿਸਨੂੰ ਭੋਲੀ ਕੌਮ ਮੰਨਿਆ ਜਾਂਦਾ ਹੈ, ਉਸਨੂੰ ਕੱਲ ਨੂੰ ਆਪਣਾ ਮਖੌਟਾ ਬਦਲ ਕੇ ਗੁਰਦੁਆਰ ਗਿਆਨ ਗੋਦੜੀ ਦੇ ਮੁੱਦੇ ਤੇ ਜੋ ਕੁੱਝ ਬਾਦਲਕੇ ਕਰਨ ਜਾ ਰਹੇ ਹਨ, ਉਸ ਬਾਰੇ ਕੌਮ ਨੂੰ ‘ਜਾਗਦੇ ਰਹੋ’ ਦਾ ਹੋਕਾ ਦੇਣਾ ਸਾਡਾ ਫਰਜ਼ ਹੈ। ਹਿੰਦੂਆਂ ਦੇ ਜਿਸ ਧਾਰਮਿਕ ਤੇ ਇਤਿਹਾਸਕ ਅਸਥਾਨ ਤੇ ਮਹਾਨ ਇਕਨਲਾਬੀ ਰਹਿਬਰ ਜਗਤ ਗੁਰੂ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫੋਕਟ ਕਰਮ ਕਾਡਾਂ ਤੇ ਝੂਠੇ ਆਡੰਬਰਾਂ ਵਿਰੁੱਧ ਅਵਾਜ਼ ਬੁਲੰਦ ਕਰਕੇ, ਫੋਕਟ ਕਰਮਕਾਂਡੀਆਂ ਦੇ ਸਿਰ ਨਿਵਾਏ ਸਨ, ਜਿਸ ਧਰਤੀ ਤੇ ਸੱਚ ਦੀ ਅਵਾਜ਼ ਪੂਰੇ ਬ੍ਰਹਿਮੰਡ ‘ਚ ਗੂੰਜੀ ਸੀ, ਜਿਸ ਧਰਤੀ ਤੇ ਗਿਆਨ ਦੇ ਸੂਰਜ ਦਾ ਪ੍ਰਕਾਸ਼ ਹੋਇਆ ਸੀ, ਉਸ ਧਰਤੀ ਤੇ ਜੇ ਗੁਰੂ ਨਾਨਕ ਸਾਹਿਬ ਦੀ ਯਾਦ ਨੂੰ ਮਿਟਾਉਣ ਦਾ ਕੋਝਾ ਯਤਨ ਕੀਤਾ ਗਿਆ ਤਾਂ ਉਸ ਪਿੱਛੇ ਸਾਜ਼ਿਸ ਸੀ ਤੇ ਹੈ। ਗੁਰੂ ਨਾਨਕ ਦੇ ਸੱਚ ਦੇ ਸੁਨੇਹੇ ਸਾਹਮਣੇ ਕਰਮਕਾਂਡੀ ਧਾਰਮਿਕ ਲੋਟੂਆਂ ਦੀ ਝੂਠੀ ਦੁਕਾਨਦਾਰੀ ਨੂੰ ਹਮੇਸ਼ਾਂ ਸਿਰ ਨੀਵਾਂ ਰੱਖਣਾ ਪੈਣਾ ਸੀ। ਗੁਰੂ ਸਾਹਿਬ ਵੱਲੋਂ ਦਿੱਤੇ ਸੱਚ ਦੇ ਸੁਨੇਹੇ ਦਾ ਪਾਖੰਡੀ ਸਾਧਾਂ ਤੇ ਲੁਟੇਰੀਆਂ ਜਮਾਤਾਂ ਕੋਲ ਕੋਈ ਜਵਾਬਾਂ ਨਹੀਂ ਸੀ ਤੇ ਨਾ ਹੀ ਹੈ।
ਇਸ ਕਾਰਣ ਉਨਾਂ ਹਰਦੁਆਰ ਦੀ ਧਰਤੀ ਤੋਂ ਸੱਚ ਦੇ ਗਿਆਨ ਦੇ ਬੂਟੇ ਨੂੰ ਜੜੋਂ ਪੁੱਟਣ ਦੀ ਆਪਣੀ ਬੇਵਫੂਕੀ ਭਰੀ ਸੋਚ ਨੂੰ ਅੰਜ਼ਾਮ ਦਿੱਤਾ ਤੇ ਗੁਰੂ ਸਾਹਿਬ ਦੀ ਯਾਦ ‘ਚ ‘ਹਰ ਕੀ ਪੌੜੀ’ ਤੇ ਬਣੇ ਗੁਰਦੁਆਰਾ ਗਿਆ? ਗਿਆਨ ਗੋਦੜੀ ਦਾ ਨਾਮੋ ਨਿਸ਼ਾਨ ਮਿਟਾ ਕੇ ਉਸ ਥਾਂ ਤੇ ਇੱਕ ਹੋਰ ਸੰਸਥਾ ਨੂੰ ਕਾਬਜ਼ ਕਰਵਾ ਦਿੱਤਾ ਤੇ ਸਿੱਖਾਂ ਦਾ ਮੂੰਹ ਚਿੜਾਉਣ ਲਈ ਜਨਤਕ ਪਿਸ਼ਾਬ ਘਰ ਵੀ ਉਸੇ ਥਾਂ ਤੇ ਬਣਾ ਦਿੱਤਾ। ਗੁਰਦੁਆਰਾ ਗਿਆਨ ਗੋਦੜੀ ਦੇ ਮੁੱਦੇ ਦੇ ਦਿੱਲੀ ਵਾਲਾ ਗੁਰਚਰਨ ਸਿੰੰਘ ਬੱਬਰ ਅਤੇ ਸੰਤ ਬਲਜੀਤ ਸਿੰਘ ਦਾਦੂਵਾਲ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ। ਬੱਬਰ ਨੇ ਤਾਂ ਇਸ ਸਬੰਧੀ ਸਾਰੇ ਦਸਤਾਵੇਜ਼ ਲੈ ਕੇ ਗਿਆਨੀ ਗੁਰਬਚਨ ਸਿੰਘ ਤੱਕ ਕਈ ਵਾਰ ਪਹੁੰਚ ਵੀ ਕੀਤੀ। ਪ੍ਰੰਤੂ ਗਿਆਨੀ ਗੁਰਬਚਨ ਸਿੰਘ ਅਤੇ ਪੰਜਾਬ ਦੀ ਬਾਦਲ ਸਰਕਾਰ ਨੇ ਇਸ ਮੁੱਦੇ ਨੂੰ ਚੁੱਕਣ ਲਈ ਕਦੇ ਵੀ ਰੰਚਕ ਮਾਤਰ ਕੋਸ਼ਿਸ਼ ਨਹੀਂ ਕੀਤੀ। ਹੁਣ ਜਦੋਂ ਪੰਥ ਨੇ ਜਥੇਦਾਰ ਅਕਾਲ ਤਖ਼ਤ ਤੇ ਬਾਦਲਾਂ ਨੂੰ ਪੂਰੀ ਤਰਾਂ ਨਕਾਰ ਦਿੱਤਾ ਹੈ।ਉਸ ਸਮੇਂ ਬਾਦਲਾਂ ਦੇ ਚਲਾਕ ਸਲਾਹਕਾਰ ਅਜਿਹੇ ਪੰਥਕ ਮੁੱਦੇ ਨੂੰ ਜੱਥੇਦਾਰਾਂ ਤੇ ਬਾਦਲਕਿਆਂ ਨੂੰ ਅੱਗੇ ਲਾ ਕੇ ਚੁੱਕਣ ਲੱਗੇ ਹੋਏ ਹਨ। ਗੁਰਦੁਆਰਾ ਗਿਆਨ ਗੋਦੜੀ ਬਾਰੇ ਲਹਿਰ ਚਲਾਉਣ, ਉਸ ਦੀ ਅਗਵਾਈ ਗਿਆਨੀ ਗੁਰਬਚਨ ਸਿੰਘ ਨੂੰ ਦੇਣ ਤੇ ਸਾਨੂੰ ਕੋਈ ਇਤਰਾਜ਼ ਨਹੀਂ। ਜੇ ਜਥੇਦਾਰ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਤੇ ਬਾਦਲਕੇ, ਕੌਮ ਨੂੰ ਇਹ ਅਹਿਸਾਸ ਕਰਵਾ ਦੇਣ ਕਿ ਉਹ ਸੱਚੇ ਮਨੋਂ ਗੁਰਦੁਆਰਾ ਗਿਆਨ ਗੋਦੜੀ ਦੀ ਸਥਾਪਤੀ ਚਾਹੁੰਦੇ ਹਨ ਅਤੇ ਹਰ ਕੁਰਬਾਨੀ ਕਰਕੇ ਇਸ ਨੂੰ ਨੇਪਰੇ ਚੜਾਉਣਗੇ। ਤਾਂ ਅਸੀਂ ਕੀ ਹਰ ਸੱਚਾ ਸਿੱਖ ਇਸ ਦੀ ਪੂਰਨ ਹਮਾਇਤ ਕਰੇਗਾ। ਉਤਰਾਖੰਡ ‘ਚ ਭਾਜਪਾ ਸਰਕਾਰ ਹੈ, ਭਾਜਪਾ ਬਾਦਲਾਂ ਦੀ ਭਾਈਵਾਲ ਹੈ। ਬਾਦਲ ਇਸ ਮੁੱਦੇ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲ ਕੇ, ਉਸ ਤੋਂ ਗੁਰਦੁਆਰਾ ਸਾਹਿਬ ਦੀ ਮੁੜ ਸਥਾਪਤੀ ਦੀ ਹਾਮੀ ਭਰਵਾਉੇਣ। ਜੇ ਮੋਦੀ ਹਾਮੀ ਨਹੀਂ ਭਰਦਾ, ਫ਼ਿਰ ਭਾਜਪਾ ਨਾਲੋਂ ਤੋੜ- ਵਿਛੋੜਾ ਕਰਕੇ, ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ‘ਚ ਜਥੇ ਸਮੇਤ ਗ੍ਰਿਫਤਾਰੀ ਦੇਣ। ਸਾਨੂੰ ਪਤਾ ਹੈ ਕਿ ਗੋਟੀਆਂ ਪਹਿਲਾਂ ਹੀ ਫਿਟ ਕਰ ਲਈਆਂ ਗਈਆਂ ਹਨ। ਗੁਰਦੁਆਰਾ ਸਾਹਿਬ ਪਹਿਲਾਂ ਵਾਲੀ ਅਸਲੀ ਥਾਂ ਤੇ ਨਹੀਂ ਬਣਨਾ। ਉਸ ਸਥਾਨ ਤੇ ਨਿਸ਼ਾਨ ਸਾਹਿਬ ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਸ਼ਸੋਭਿਤ ਹੋਵੇਗਾ ਜਦੋਂ ਕਿ ਗੁਰਦੁਆਰਾ ਥੋੜੀ ਹੱਟਵੀਂ ਥਾਂ ਤੇ ਸਥਾਪਿਤ ਹੋਵੇਗਾ। ਬੱਲੇ- ਬੱਲੇ ਗਿਆਨੀ ਗੁਰਬਚਨ ਸਿੰਘ ਤੇ ਬਾਦਲਾਂ ਦੀ ਹੋਵੇਗੀ। ਬੱਸ! ਇਸੇ ਡਰਾਮੇਬਾਜ਼ੀ ਤੋਂ ਅਸੀਂ ਕੌਮ ਨੂੰ ਜਾਗਰੂਕ ਕਰਵਾਉਣ ਲਈ ਅੱਜ ਦਾ ਹੋਕਾ ਦਿੱਤਾ ਹੈ। ਅੱਗੇ ਕੌਮ ਦੀ ਮਰਜ਼ੀ, ਉਸਨੇ ਕਦੋਂ ਤੱਕ ਭੋਲੀ ਬਣੀ ਰਹਿਣਾ ਹੈ ਅਤੇ ਕਦੋ ਤੱਕ ਗਫ਼ੱਲਤ ਦੀ ਨੀਂਦ ਸੁੱਤੀ ਰਹਿਣਾ ਹੈ?