ਕੁਲਵਿੰਦਰ ਸਿੰਘ ਰਾਏ, ਖੰਨਾ: ਪੁਲਿਸ ਜ਼ਿਲ੍ਹਾ ਖੰਨਾ ਨੂੰ ਉਦੋਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਅਸਲਾ ਸਪਲਾਈ ਕਰਨ ਵਾਲੇ ਅੰਤਰਾਜੀ ਗਿਰੋਹ ਦੇ 5 ਮੈਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 8 ਪਿਸਟਲ, 10 ਮੈਗਜ਼ੀਨ ਅਤੇ 4 ਰੌਂਦ ਬਰਾਮਦ ਕੀਤੇ। ਇਸ ਸਬੰਧੀ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਡੀਐਸਪੀ (ਡੀ) ਪਵਨਜੀਤ, ਇੰਸਪੈਕਟਰ ਅਮਨਦੀਪ ਸਿੰਘ ਅਤੇ ਜਗਜੀਵਨ ਰਾਮ ਦੀ ਅਗਵਾਈ ਹੇਠਾਂ ਪੁਲਿਸ ਪਾਰਟੀ ਨੇ ਫੋਕਲ ਪੁਆਇੰਟ ਖੰਨਾ ਨੇੜੇ ਗਸ਼ਤ ਦੌਰਾਨ ਪੈਦਲ ਆਉਂਦੇ ਦੋ ਨੌਜਵਾਨਾਂ ਨੂੰ ਸ਼ੱਕ ਦੇ ਅਧਾਰ ‘ਤੇ ਰੋਕ ਕੇ ਚੈੱਕ ਕੀਤਾ ਤਾਂ ਮੁਲਜ਼ਮ ਗੁਰਲਾਲ ਸਿੰਘ ਉਰਫ਼ ਸਾਜਨ ਵਾਸੀ ਪਿੰਡ ਹੋਠੀਆਂ, ਤਰਨਤਾਰਨ ਪਾਸੋਂ 2 ਦੇਸੀ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 2 ਵਾਧੂ ਮੈਗਜ਼ੀਨ ਬਰਾਮਦ ਹੋਏ। ਦੂਜੇ ਦੋਸ਼ੀ ਮਨਦੀਪ ਸਿੰਘ ਦੇ ਬੈਗ ਵਿਚੋਂ 2 ਦੇਸੀ ਪਿਸਟਲ ਸਮੇਤ ਮੈਗਜ਼ੀਨ ਬਰਾਮਦ ਕੀਤੇ ਗਏ। ਉਕਤ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਗਈ। ਇਸੇ ਤਰ੍ਹਾਂ ਥਾਣਾ ਸਦਰ ਦੀ ਪੁਲਿਸ ਨੇ ਟੀ-ਪੁਆਇੰਟ ਮਹਿੰਦੀਪੁਰ ਨੇੜੇ ਨਾਕਾਬੰਦੀ ਦੌਰਾਨ ਖੰਨਾ ਸਾਈਡ ਤੋਂ ਆ ਰਹੀ ਵਰਨਾ ਕਾਰ ਨੰਬਰ ਪੀਬੀ65ਬੀਏ-4786 ਨੂੰ ਰੋਕਿਆ ਤਾਂ ਕਾਰ ਚਾਲਕ ਅਤੇ ਨਾਲ ਦੀ ਸੀਟ ‘ਤੇ ਬੈਠਾ ਵਿਅਕਤੀ ਫ਼ਰਾਰ ਹੋ ਗਏ। ਇਸ ਦੌਰਾਨ ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਤਿੰਨ ਵਿਅਕਤੀਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ 3 ਪਿਸਟਲ ਸਮੇਤ ਮੈਗਜ਼ੀਨ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਹੋਏ। ਮੁਲਜ਼ਮਾਂ ਦੀ ਪਛਾਣ ਸਤਨਾਮ ਸਿੰਘ ਉਰਫ਼ ਸੱਤਾ ਵਾਸੀ ਬਰੋਲੀ, ਡੇਰਾ ਬੱਸੀ, ਲਵਪ੍ਰੀਤ ਸਿੰਘ ਉਰਫ਼ ਲਵ ਵਾਸੀ ਦਲੀਪ ਅਵੈਨਿਊ ਅੰਮ੍ਰਿਤਸਰ ਅਤੇ ਹਰਦੀਪ ਸਿੰਘ ਉਰ ਦੀਪ ਵਾਸੀ ਭਗਵਾਂ, ਅੰਮ੍ਰਿਤਸਰ ਵਜੋਂ ਹੋਈ ਜਦੋਂ ਕਿ ਫਰਾਰ ਹੋਏ ਵਿਅਕਤੀਆਂ ਦੀ ਪਛਾਣ ਪ੍ਰਿਥਵੀ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੋਵੇਂ ਵਾਸੀ ਐਸਏਐਸ ਨਗਰ ਵਜੋਂ ਹੋਈ। ਐਸਐਸਪੀ ਅਨੁਸਾਰ ਤਫਤੀਸ਼ ਦੌਰਾਨ 1 ਹੋਰ ਪਿਸਟਲ 32 ਬੋਰ ਸਮੇਤ ਮੈਗਜ਼ੀਨ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਮੁਲਜ਼ਮਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਪਾਸੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।



