ਖੁਦਕੁਸ਼ੀ ਜਾਂ ਆਤਮ ਹੱਤਿਆ ਲਈ ਸਿੱਖੀ ‘ਚ ਕੋਈ ਥਾਂ ਨਹੀਂ, ਇਹ ਜੀਵਨ ਤੋਂ ਭੱਜਣ, ਕਾਇਰਤਾ ਅਤੇ ਕੁਦਰਤ ਦੇ ਹੁਕਮ ਦੀ ਸਿੱਧੀ ਅਵੱਗਿਆ ਹੈ। ਪ੍ਰੰਤੂ ਜਦੋਂ ਖੁਦਕਸ਼ੀ, ਆਤਮ ਹੱਤਿਆ ਕਿਸੇ ਅਜਿਹੀ ਮਜ਼ਬੂਰੀ ‘ਚ ਕੀਤੀ ਜਾਂਦੀ ਹੈ, ਜਦੋਂ ਉਹ ਖੁਦਕੁਸ਼ੀ, ਅੰਨ੍ਹੀ, ਬੋਲੀ ਸਰਕਾਰ ਨੂੰ ਜਾਂ ਕਿਸੇ ਵੱਡੇ ਪੱਧਰ ਦੇ ਸਮਾਜਿਕ ਸ਼ੋਸ਼ਣ ਨੂੰ ਰੋਕਣ ਲਈ ਝੰਜੋੜਨ ਵਾਲੀ ਹੁੰਦੀ ਹੈ ਤਾਂ, ਉਸ ਖੁਦਕਸ਼ੀ ਨੂੰ ਭਾਵੇਂ ਅਸੀਂ ਸਿੱਖੀ ਸਿਧਾਂਤਾਂ ਅਨੁਸਾਰ ਕਿਵੇਂ ਵੀ ਜਾਇਜ਼ ਨਹੀਂ ਠਹਿਰਾ ਸਕਦੇ, ਪ੍ਰੰਤੂ ਉਨ੍ਹਾਂ ਕਾਰਣਾਂ ਤੇ ਕਾਰਕਾਂ ਦਾ ਜਿਹੜੇ ਅਜਿਹੀ ਆਤਮ ਹੱਤਿਆ ਲਈ ਮੁੱਖ ਕਾਰਣ ਬਣਦੇ ਹਨ, ਉਨ੍ਹਾਂ ਵਿਰੁੱਧ ਜਾਗਣਾ, ਅਵਾਜ਼ ਬੁਲੰਦ ਕਰਨਾ ਹਰ ਇਨਸਾਫ਼ ਪਸੰਦ ਵਿਅਕਤੀ ਦਾ ਫਰਜ਼ ਬਣ ਜਾਂਦਾ ਹੈ। ਕਿਸੇ ਕੀਮਤੀ ਜਾਨ ਦਾ ਚਲਿਆ ਜਾਣਾ, ਉਹ ਵੀ ਸਮੇਂ ਦੀ ਸਰਕਾਰ ਜਾਂ ਸਮਾਜ ਸਿਰ ਠੀਕਰਾ ਭੰਨ੍ਹ ਕੇ, ਕਿਸੇ ਸਰਕਾਰ ਤੇ ਸਮਾਜ ਦੇ ਮੱਥੇ ਤੇ ਕਾਲਾ ਧੱਬਾ ਮੰਨਿਆ ਜਾਂਦਾ ਹੈ। ਨੌਜਵਾਨ ਕਿਸੇ ਦੇਸ਼, ਕੌਮ, ਸੂਬੇ ਦਾ ਭਵਿੱਖ ਹੁੰਦੇ ਹਨ, ਜੇ ਉਨ੍ਹਾਂ ‘ਚ ਨਿਰਾਸਤਾ ਇਸ ਮੁਕਾਮ ਤੇ ਪਹੁੰਚ ਗਈ ਕਿ ਉਹ ਆਪਣੀ ਜੀਵਨ ਲੀਲ੍ਹਾ ਹੀ ਸਮਾਪਤ ਕਰਨ ਵੱਲ ਤੁਰ ਪਏ ਤਾਂ ਸਾਡਾ ਭਵਿੱਖ ਬਿਨਾਂ ਸ਼ੱਕ ਹਨੇਰਾ ਹੈ। ਅਸੀਂ ਜਿੱਥੇ ਸੰਘਰਸ਼ ਕਰ ਰਹੇ ਇਨ੍ਹਾਂ ਨੌਜਵਾਨ ਮੁੰਡੇ-ਕੁੜੀਆਂ ਨੂੰ ਇਹ ਅਪੀਲ ਕਰਾਂਗੇ ਕਿ ਉਹ ਆਪਣੇ ਪੁਰਾਤਨ ਵਿਰਸੇ ਤੋਂ ਸੇਧ ਲੈਣ। ਹੱਕ ਮੰਗਣਾ ਤੇ ਸੰਘਰਸ਼ ਕਰਨਾ ਉਨ੍ਹਾਂ ਦਾ ਅਧਿਕਾਰ ਹੈ।
ਕੁੰਭਕਰਨੀ ਨੀਂਦ ਸੁੱਤੀਆਂ ਸਰਕਾਰਾਂ ਨੂੰ ਜਗਾਉਣਾ ਬੇਹੱਦ ਔਖਾ ਹੁੰਦਾ ਹੈ, ਪ੍ਰੰਤੂ ਉਸ ਲਈ ਢੋਲ ਦੀ ਅਵਾਜ਼ ਨੂੰ ਕੰਨ੍ਹਪਾੜ੍ਹਵੀ ਕਰਨਾ ਹੋਵੇਗਾ। ਉਸ ਲਈ ਜ਼ਰੂਰੀ ਹੈ ਕਿ ਸਾਰੇ ਸੰਘਰਸ਼ੀਲ ਲੋਕ ਇਕਜੁੱਟ ਹੋਣ ਅਤੇ ਸਰਕਾਰ ਤੋਂ ਕੁੱਲੀ, ਗੁੱਲੀ, ਜੁੱਲੀ ਦਾ ਹੱਕ ਲਿਆ ਜਾਵੇ। ਸੰਘਰਸ਼ ਨੂੰ ਚੜ੍ਹਦੀ ਕਲਾ ਦੀ ਭਾਵਨਾ ਅਤੇ ”ਨਿਸਚੈ ਕਰ ਆਪਨੀ ਜੀਤ ਕਰੋ” ਦੀ ਦ੍ਰਿੜ੍ਹਤਾ ਨਾਲ ਲੜ੍ਹਿਆ ਅਤੇ ਜਿੱਤਿਆ ਜਾਵੇ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਵੀ ਇਨ੍ਹਾਂ ਖੁਦਕੁਸ਼ੀਆਂ ਨੂੰ ਗੰਭੀਰਤਾ ਨਾਲ ਲਵੇ, ਹਾਕਮਾਂ ਨੂੰ ਸੰਘਰਸ਼ ਕਰ ਰਹੀਆਂ ਧਿਰਾਂ ਦੀ ਗੱਲ੍ਹ ਧਿਆਨ ਨਾਲ ਸੁਣਨੀ ਚਾਹੀਦੀ ਹੈ, ਜਿਹੜੀ ਮੰਗ ਮੰਨਣਯੋਗ ਹੋਵੇ ਉਸਨੂੰ ਤੁਰੰਤ ਮੰਨ ਲੈਣਾ ਚਾਹੀਦਾ ਅਤੇ ਬਾਕੀਆਂ ਲਈ ਸੰਘਰਸ਼ਸ਼ੀਲਾਂ ਨੂੰ ਭਰੋਸੇ ‘ਚ ਲੈਣਾ ਚਾਹੀਦਾ ਹੈ। ਅੱਜ ਪੰਜਾਬ ਦੀ ਆਰਥਿਕਤਾ ਡਾਵਾਂਡੋਲ ਹੈ, ਪ੍ਰੰਤੂ ਬੇਰੁਜ਼ਗਾਰ ਨੌਜਵਾਨ, ਇਸ ਸਥਿਤੀ ਨੂੰ ਕਿਵੇਂ ਸਮਝਣ? ਜਦੋਂ ਅਜਿਹੀ ਆਰਥਿਕ ਮੰਦਹਾਲੀ ਸਮੇਂ ਵਜ਼ੀਰਾਂ ਨੂੰ ਮਹਿੰਗੀਆਂ-ਮਹਿੰਗੀਆਂ ਕਾਰਾਂ ਲੈ ਕੇ ਦਿੱਤੀਆਂ ਜਾ ਰਹੀਆਂ ਹਨ, ਵੱਡੇ ਹਾਕਮਾਂ ਨੂੰ ਝੂਟੇ ਦੇਣ ਵਾਲੇ ਉੱਡਣ ਖਟੋਲੇ ਰੋਜ਼ਾਨਾ 2-2 ਲੱਖ ਦਾ ਪੈਟਰੋਲ ਫ੍ਰੂਕ ਰਹੇ ਹਨ। ਸਰਕਾਰੀ ਠਾਠ-ਬਾਠ ਤੇ ਪੈਸਾ ਅੰਨ੍ਹੇਵਾਹ ਫੂਕਿਆ ਜਾ ਰਿਹਾ ਹੈ, ਹਰ ਨਿੱਕੇ-ਵੱਡੇ ਅਫ਼ਸਰ ਦੇ ਦਫ਼ਤਰ ਏ. ਸੀ. ਧੜੱਲੇ ਨਾਲ ਫ਼ਰਾਟੇ ਮਾਰ ਰਹੇ ਹਨ। ਸੱਤਾਧਾਰੀ ਧਿਰ ਦਾ ਫਰਜ਼ ਹੈ ਕਿ ਉਹ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ ਅਤੇ ਸਰਕਾਰੀ ਨੌਕਰੀ ਕਰ ਰਹੇ ਮੁਲਾਜ਼ਮ ਨੂੰ ਯੋਗ ਬਣਦੀ ਤਨਖ਼ਾਹ ਸਮੇਂ ਸਿਰ ਦੇਵੇ। ਸੰਘਰਸ਼ ਕਰਨ ਵਾਲੇ ਵੀ ਸਾਡੇ ਪੁੱਤ-ਧੀਆਂ ਹਨ, ਉਨ੍ਹਾਂ ਨਾਲ ਦੁਸ਼ਮਣਾਂ ਵਰਗਾ ਵਿਵਹਾਰ ਨਹੀਂ ਕੀਤਾ ਜਾ ਸਕਦਾ।
ਪੁਲਿਸ ਤਸ਼ੱਦਦ, ਮੀਟਿੰਗ ‘ਚ ਬੇਇੱਜ਼ਤੀ ਅਤੇ ਮੰਗਾਂ ਤੋਂ ਅੱਖਾਂ ਮੀਚਣਾ, ਸਰਕਾਰ ਦੀ ਮਹਾਂਨਲਾਇਕੀ ਦਾ ਸਬੂਤ ਹੈ। ਅੱਜ ਜਿਥੇ ਸਰਕਾਰ ਨੂੰ ਸੰਘਰਸ਼ ਕਰਦੇ ਨੌਜਵਾਨਾਂ ਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਵੱਲੋਂ ਤੁਰੰਤ ਧਿਆਨ ਦੇਣਾ ਚਾਹੀਦਾ ਹੈ, ਉਥੇ ਮੰਗਾਂ ਲਈ ਉਠਦੀ ਅਵਾਜ਼ ਨੂੰ ਸਖ਼ਤੀ ਨਾਲ ਦਬਾਉਣ ਦੀ ਸੋਚ ਦਾ ਤਿਆਗ ਵੀ ਕਰਨਾ ਚਾਹੀਦਾ ਹੈ। ਭਾਵੇਂ ਕਿ ਸਾਡੇ ਲੋਕ ਪ੍ਰਤੀਨਿਧ ਕਦੇ ਵੀ ਆਪਣੇ-ਆਪ ਨੂੰ ਲੋਕਾਂ ਦੇ ਨਹੀਂ ਮੰਨਦੇ, ਉਹ ਆਪਣੇ-ਆਪ ਨੂੰ ਸਿਰਫ਼ ਤੇ ਸਿਰਫ਼ ਹਾਕਮ ਹੀ ਸਮਝਦੇ ਹਨ, ਇਸ ਕਾਰਣ ਆਪਣੇ ਲੋਕਾਂ ਨਾਲ ਗੁਲਾਮਾਂ ਵਾਲਾ ਵਿਵਹਾਰ ਕਰਨਾ ਆਪਣਾ ਹੱਕ ਸਮਝਦੇ ਹਨ। ਅਸੀਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਸਾਰੇ ਨੌਜਵਾਨਾਂ ਤੇ ਕਿਸਾਨਾਂ ਨੂੰ ਇਹ ਅਪੀਲ ਜ਼ਰੂਰ ਕਰਾਂਗੇ ਕਿ ਉਹ ਖੁਦਕਸ਼ੀ ਵਰਗੀ ਸੋਚ ਨੂੰ ਆਪਣੇ ਦਿਲੋ-ਦਿਮਾਗ ਤੋਂ ਪੂਰੀ ਤਰ੍ਹਾਂ ਲਾਹ ਛੱਡਣ ਅਤੇ ਯੋਧਿਆਂ ਵਾਗੂੰ ਸੰਘਰਸ਼ ਕਰਨ ਦਾ ਦ੍ਰਿੜ ਸੰਕਲਪ ਲੈਣ। ਜ਼ੋਰ-ਜਬਰ, ਜ਼ੁਲਮ-ਤਸ਼ੱਦਦ ਦਾ ਖ਼ਾਤਮਾ, ਸਿੱਖੀ ਦਾ ਬੁਨਿਆਦੀ ਸਿਧਾਂਤ ਹੈ, ਇਸ ਅੱਗੇ ਗੋਡੇ ਟੇਕਣਾ ਜਾਂ ਹਾਰਨਾ, ਸਿੱਖੀ ਸਿਧਾਂਤਾਂ ਦੀ ਤੌਹੀਨ ਹੈ। ਇਸ ਲਈ ਜੇ ਸੰਘਰਸ਼ ਦੇ ਮੈਦਾਨ ‘ਚ ਨਿੱਤਰੇ ਹੋ ਤਾਂ ਸੂਰਮੇ ਬਣ ਕੇ ਲੜ੍ਹਾਈ ਲੜ੍ਹੋ, ਆਪੇ ਹੀ ਆਪਣੀ ਜੀਵਨ ਦੀ ਲੜ੍ਹਾਈ ਹਾਰਨਾ, ਸੰਘਰਸ਼ ਦੀ ਵੱਡੀ ਹਾਰ ਹੈ ਅਤੇ ਕੋਈ ਵੀ ਸੰਘਰਸ਼ਸ਼ੀਲ ਕਦੇ ਇਹ ਨਹੀਂ ਚਾਹਾਂਗੇ ਕਿ ਸੰਘਰਸ਼ ਦੀ ਹਾਰ ਹੋਵੇ। ਇਸ ਲਈ ਸੰਘਰਸ਼ ਹਮੇਸ਼ਾ ਚੜ੍ਹਦੀ ਕਲਾ ਦੀ ਭਾਵਨਾ ਨਾਲ ਹੀ ਲੜ੍ਹਿਆ ਜਾਂਦਾ ਹੈ।
-ਜਸਪਾਲ ਸਿੰਘ ਹੇਰਾਂ